ਜਲੰਧਰ, (ਜ. ਬ.)- ਸਥਾਨਕ ਪਿੰਡ ਬੱਲਾਂ ਦੇ ਰਹਿਣ ਵਾਲੇ ਆਤਮਾ ਰਾਮ ਪੁੱਤਰ ਜੀਤ ਰਾਮ ਵੱਲੋਂ ਆਪਣੇ ਸਮਰਥਕਾਂ ਨਾਲ ਥਾਣਾ ਮਕਸੂਦਾਂ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਗਿਆ। ਆਤਮਾ ਰਾਮ ਨੇ ਕਿਹਾ ਕਿ ਉਸ ਨੇ 15 ਮਾਰਚ ਨੂੰ ਦੇਰ ਰਾਤ ਪੁਲਸ ਨੂੰ ਆਪਣੇ ਗੁਆਂਢੀ ਦੀਆਂ ਜ਼ਿਆਦਤੀਆਂ ਬਾਰੇ ਸ਼ਿਕਾਇਤ ਕੀਤੀ ਸੀ, ਉਲਟਾ ਪੁਲਸ ਨੇ ਉਨ੍ਹਾਂ 'ਤੇ ਅਤੇ ਉਨ੍ਹਾਂ ਦੇ 70 ਸਾਲਾ ਪਿਤਾ 'ਤੇ ਹੀ ਕਾਰਵਾਈ ਕਰਕੇ ਵੱਖ-ਵੱਖ ਧਾਰਾਵਾਂ ਲਾ ਦਿੱਤੀਆਂ। ਆਤਮਾ ਰਾਮ ਨੇ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ 'ਚ ਦੋ ਧੀਆਂ ਤੋਂ ਇਲਾਵਾ ਮਾਤਾ-ਪਿਤਾ ਅਤੇ ਪਤਨੀ ਵੀ ਹੈ, ਜਦੋਂਕਿ ਉਨ੍ਹਾਂ ਦੇ ਗੁਆਂਢ 'ਚ ਰਹਿਣ ਵਾਲੇ ਰਾਜ ਕੁਮਾਰ ਬੂਟਾ ਲੜਕਿਆਂ ਨਾਲ ਰਹਿੰਦਾ ਹੈ ਅਤੇ ਰੋਜ਼ ਰਾਤ ਨੂੰ ਸ਼ੋਰ-ਸ਼ਰਾਬਾ ਕਰਦੇ ਹਨ। 15 ਮਾਰਚ ਰਾਤ ਨੂੰ ਵੀ ਰਾਜ ਕੁਮਾਰ ਨੇ ਗਾਲੀ-ਗਲੋਚ ਕਰਨੀ ਸ਼ੁਰੂ ਕਰ ਦਿੱਤੀ ਤੇ ਉਨ੍ਹਾਂ ਦੀ ਕੰਧ ਨੂੰ ਨੁਕਸਾਨ ਪਹੁੰਚਾਇਆ, ਇਸ ਦੇ ਇਲਾਵਾ ਦਰਵਾਜ਼ਿਆਂ ਨੂੰ ਤੋੜਣ ਦੀ ਕੋਸ਼ਿਸ਼ ਕੀਤੀ।
ਇਨ੍ਹਾਂ ਹਰਕਤਾਂ ਤੋਂ ਤੰਗ ਆ ਕੇ ਉਨ੍ਹਾਂ ਨੇ ਰਾਤ 1.30 ਵਜੇ ਮਕਸੂਦਾਂ ਥਾਣੇ 'ਚ ਮੌਜੂਦਾ ਡਿਊਟੀ ਅਫਸਰ ਗੁਰਮੇਲ ਸਿੰਘ ਅਤੇ ਫਤਿਹ ਸਿੰਘ ਨੂੰ ਸ਼ਿਕਾਇਤ ਦਿੱਤੀ ਤਾਂ ਉਨ੍ਹਾਂ ਕਿਹਾ ਕਿ ਜਲਦੀ ਹੀ ਗੁਆਂਢੀਆਂ ਖਿਲਾਫ ਕਾਰਵਾਈ ਕੀਤੀ ਜਾਵੇਗੀ ਪਰ ਕਈ ਦਿਨ ਬੀਤ ਜਾਣ ਦੇ ਬਾਵਜੂਦ ਵੀ ਜਦੋਂ ਕਾਰਵਾਈ ਨਹੀਂ ਹੋਈ ਤਾਂ ਉਹ ਡੀ. ਐੱਸ. ਪੀ. ਕੋਲ ਪੇਸ਼ ਹੋਏ, ਜਿਸ ਦੇ ਬਾਅਦ ਉਨ੍ਹਾਂ ਨੂੰ ਇਨਸਾਫ ਦਿਵਾਉਣ ਦਾ ਭਰੋਸਾ ਜਤਾਇਆ ਪਰ ਇਹ ਸਭ ਹੋਣ ਦੇ ਬਾਅਦ ਉਨ੍ਹਾਂ ਅਤੇ ਉਨ੍ਹਾਂ ਦੇ ਪਿਤਾ ਦੇ ਨਾਂ 'ਤੇ 750 ਧਾਰਾ ਤਹਿਤ ਸੰਮਨ ਆ ਗਏ, ਜਿਸ ਖਿਲਾਫ ਉਨ੍ਹਾਂ ਨੇ ਅੱਜ ਆਪਣੇ ਸਾਥੀਆਂ ਦੇ ਨਾਲ ਧਰਨਾ ਪ੍ਰਦਰਸ਼ਨ ਕੀਤਾ। ਇਸ ਮਾਮਲੇ ਨੂੰ ਲੈ ਕੇ ਥਾਣਾ ਇੰਚਾਰਜ ਬਲਜਿੰਦਰ ਸਿੰਘ ਨੇ ਕਿਹਾ ਕਿ ਆਤਮਾ ਰਾਮ ਨੂੰ ਕੁਝ ਗਲਤਫਹਿਮੀ ਹੋ ਗਈ ਸੀ, ਕਾਰਵਾਈ ਤਹਿਤ ਦੋਵਾਂ ਧਿਰਾਂ 'ਤੇ 750 ਅਤੇ 751 ਦੀ ਧਾਰਾ ਲੱਗੀ ਹੈ। ਆਤਮਾ ਰਾਮ ਨੂੰ ਲੱਗ ਰਿਹਾ ਸੀ ਕਿ ਸਿਰਫ ਉਸ 'ਤੇ ਹੀ ਕਾਰਵਾਈ ਹੋਈ ਹੈ ਪਰ ਉਨ੍ਹਾਂ ਨੂੰ ਦਿਖਾ ਦਿੱਤਾ ਗਿਆ ਕਿ ਦੋਵਾਂ ਧਿਰਾਂ ਖਿਲਾਫ ਕਾਰਵਾਈ ਹੋਈ ਹੈ।
ਬੱਸ ਨੇ ਮੋਟਰਸਾਈਕਲ ਸਵਾਰ ਨੂੰ ਮਾਰੀ ਟੱਕਰ, ਮੌਤ
NEXT STORY