ਪਟਿਆਲਾ/ਰੱਖੜਾ (ਬਲਜਿੰਦਰ, ਜ. ਬ., ਜੋਸਨ) - ਪੰਜਾਬ ਦੀਆਂ ਸੱਤ ਕਿਸਾਨ ਜਥੇਬੰਦੀਆਂ ਦੇ ਸੱਦੇ 'ਤੇ ਅੱਜ ਸੂਬਾ ਭਰ ਵਿਚ ਸਰਕਾਰ ਵਿਰੁੱਧ ਰੋਸ ਧਰਨੇ ਲਾ ਕੇ ਰੋਡ ਜਾਮ ਕਰਨ ਦਾ ਐਲਾਨ ਕੀਤਾ ਗਿਆ ਸੀ, ਜਿਸ ਤਹਿਤ ਸੱਤ ਕਿਸਾਨ ਜਥੇਬੰਦੀਆਂ ਅਤੇ ਭਾਰਤੀ ਕਿਸਾਨ ਏਕਤਾ ਯੂਨੀਅਨ ਡਕੌਂਦਾ ਵੱਲੋਂ ਪਸਿਆਣਾ ਪੁਲ 'ਤੇ ਧਰਨਾ ਲਾ ਕੇ ਪਟਿਆਲਾ ਤੋਂ ਸਮਾਣਾ ਤੇ ਸੰਗਰੂਰ ਰੋਡ ਪੂਰਨ ਰੂਪ ਵਿਚ ਚੱਕਾ ਜਾਮ ਕਰ ਕੇ ਰੋਸ ਮੁਜ਼ਾਹਰਾ ਕਰਦਿਆਂ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਅਰੇ ਲਾਏ। ਇਸ ਧਰਨੇ ਵਿਚ ਇਲਾਕੇ ਦੇ ਸੈਂਕੜੇ ਹੀ ਕਿਸਾਨਾਂ ਨੇ ਸ਼ਮੂਲੀਅਤ ਕੀਤੀ। ਧਰਨੇ ਨੂੰ ਸੰਬੋਧਨ ਕਰਦਿਆਂ ਜਗਮੋਹਨ ਸਿੰਘ ਸੂਬਾ ਜਨਰਲ ਸਕੱਤਰ ਬੀ. ਕੇ. ਯੂ., ਜੰਗ ਸਿੰਘ ਭਟੇੜੀ ਜ਼ਿਲਾ ਪ੍ਰਧਾਨ, ਡਾ. ਦਰਸ਼ਨਪਾਲ ਸਿੰਘ ਸੂਬਾ ਜਥੇਬੰਦਕ ਸਕੱਤਰ, ਅਵਤਾਰ ਸਿੰਘ ਕੋਰਜੀਵਾਲਾ, ਸੁੱਚਾ ਸਿੰਘ, ਨਿਰਮਲ ਸਿੰਘ ਲਚਕਾਣੀ, ਹਰਵਿੰਦਰ ਸਿੰਘ ਅਗੇਤਾ ਪ੍ਰਧਾਨ ਨਾਭਾ ਬਲਾਕ, ਮਨਜੀਤ ਸਿੰਘ ਮਹਿਮਦਪੁਰ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਚੋਣ ਮੈਨੀਫੈਸਟੋ ਦੌਰਾਨ ਕਿਸਾਨਾਂ ਦੇ ਪੂਰਨ ਕਰਜ਼ੇ ਮੁਆਫ ਕਰਨ ਦਾ ਵਾਅਦਾ ਕੀਤਾ ਸੀ, ਜੋ ਹੁਣ ਕਿਸਾਨਾਂ ਨਾਲ ਕੋਝਾ ਮਜ਼ਾਕ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਨੂੰ ਗੁੰਮਰਾਹ ਕਰ ਕੇ ਸਰਕਾਰ ਬਣਾਈ ਹੈ ਅਤੇ ਜੋ ਵਾਅਦੇ ਕੀਤੇ ਸਨ, ਉਨ੍ਹਾਂ ਵਿਚ ਇਕ ਵੀ ਵਾਅਦਾ ਪੂਰਾ ਨਹੀਂ ਕੀਤਾ ਗਿਆ। ਜੇਕਰ ਸਰਕਾਰ ਨੇ ਜਲਦ ਤੋਂ ਜਲਦ ਸਾਰੀਆਂ ਮੰਗਾਂ ਅਤੇ ਪੂਰਨ ਕਰਜ਼ਾ ਮੁਆਫੀ ਨੂੰ ਲਾਗੂ ਨਹੀਂ ਕੀਤਾ ਤਾਂ ਸਰਕਾਰ ਖਿਲਾਫ ਸਮੁੱਚੀਆਂ ਕਿਸਾਨ ਜਥੇਬੰਦੀਆਂ ਸਰਕਾਰ ਵਿਰੁੱਧ ਆਰ-ਪਾਰ ਦਾ ਸੰਘਰਸ਼ ਵਿੱਢਣਗੀਆਂ।
ਇਹ ਹਨ ਕਿਸਾਨਾਂ ਦੀਆਂ ਮੁੱਖ ਮੰਗਾਂ
1. ਬੈਂਕਾਂ ਵਲੋਂ ਲਈ ਲਾਏ ਗਏ ਚੈੱਕ ਕਿਸਾਨਾਂ ਨੂੰ ਵਾਪਸ ਕੀਤੇ ਜਾਣ।
2.ਕਿਸਾਨ ਸਮਰਥਕ ਕਰਜ਼ ਕਾਨੂੰਨ ਬਣਾਇਆ ਜਾਵੇ।
3.ਫਸਲਾਂ ਦੀਆਂ ਕੀਮਤਾਂ ਸਵਾਮੀਨਾਥਨ ਰਿਪੋਰਟ ਅਨੁਸਾਰ ਨਿਰਧਾਰਿਤ ਕੀਤੀਆਂ ਜਾਣ।
4.ਕੁਰਕੀਆਂ ਨੂੰ ਤੁਰੰਤ ਬੰਦ ਕੀਤਾ ਜਾਵੇ।
5.ਖੁਦਕੁਸ਼ੀ ਕਰਨ ਵਾਲੇ ਕਿਸਾਨ ਦੇ ਪਰਿਵਾਰ ਨੂੰ 10 ਲੱਖ ਦੀ ਸਹਾਇਤਾ ਅਤੇ ਸਰਕਾਰੀ ਨੌਕਰੀ ਤੁਰੰਤ ਦਿੱਤੀ ਜਾਵੇ।
ਸਰਕਾਰੀ ਡਾਕਟਰ ਤੇ ਸੰਸਦ ਮੈਂਬਰ ਆਹਮੋ-ਸਾਹਮਣੇ
NEXT STORY