ਮੋਹਾਲੀ,(ਨਿਆਮੀਆਂ)- ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਪੰਜਵੀਂ, 10ਵੀਂ ਅਤੇ 12ਵੀਂ ਜਮਾਤ ਦੀਆਂ ਸਾਲਾਨਾ ਪ੍ਰੀਖਿਆਵਾਂ ਕੋਰੋਨਾ ਵਾਇਰਸ ਤੇ ਪੰਜਾਬ 'ਚ ਚੱਲ ਰਹੇ ਕਰਫਿਊ ਦੇ ਕਾਰਨ ਮੁਲਤਵੀ ਕੀਤੀਆਂ ਗਈਆਂ ਸਨ। ਇਸ ਸਬੰਧੀ ਅੱਜ ਸਿੱਖਿਆ ਬੋਰਡ ਨੇ ਜਲਦਬਾਜ਼ੀ ਵਿਚ ਇਹ ਪ੍ਰੀਖਿਆਂ 20 ਅਪ੍ਰੈਲ ਤੋਂ ਦੁਬਾਰਾ ਸ਼ੁਰੂ ਕਰਵਾਉਣ ਦੀ ਡੇਟਸ਼ੀਟ ਚੌਥੀ ਵਾਰ ਜਾਰੀ ਕਰਕੇ ਕੁੱਝ ਹੀ ਘੰਟਿਆਂ ਬਾਅਦ ਡੇਟਸ਼ੀਟ ਵਾਪਸ ਲੈ ਲਈ ਹੈ। ਪੰਜਾਬ ਵਿਚ ਜਿੱਥੇ ਕੋਰੋਨਾ ਵਾਇਰਸ ਦਾ ਪ੍ਰਕੋਪ ਪ੍ਰਤੀ ਦਿਨ ਭਿਆਨਕ ਰੂਪ ਧਾਰਨ ਕਰਦਾ ਜਾ ਰਿਹਾ ਹੈ। ਉੱਥੇ ਹੀ ਪੰਜਾਬ ਸਕੂਲ ਸਿੱਖਿਆ ਬੋਰਡ ਬੱਚਿਆਂ ਦੀਆਂ ਰਹਿੰਦੀਆਂ ਪ੍ਰੀਖਿਆਵਾਂ ਕਰਵਾਉਣ ਲਈ ਬਜ਼ਿੱਦ ਜਾਪ ਰਿਹਾ ਹੈ। ਸਿੱਖਿਆ ਬੋਰਡ ਦੇ ਪ੍ਰੀਖਿਆ ਕੰਟਰੋਲਰ ਜਨਕ ਰਾਜ ਮਹਿਰੋਕ ਨੇ ਅੱਜ ਬਾਅਦ ਦੁਪਹਿਰ ਪ੍ਰੀਖਿਆਵਾਂ ਦਾ ਸ਼ਡਿਊਲ ਜਾਰੀ ਕਰ ਦਿੱਤਾ। ਜਿਸ ਅਨੁਸਾਰ ਪੰਜਵੀਂ ਜਮਾਤ ਦੀ ਲਿਖਤੀ ਪ੍ਰੀਖਿਆ 20 ਅਤੇ 21 ਅਪ੍ਰੈਲ ਨੂੰ, 10ਵੀਂ ਜਮਾਤ ਦੀ ਲਿਖਤੀ ਪ੍ਰੀਖਿਆ 20 ਅਪ੍ਰੈਲ ਤੋਂ 5 ਮਈ ਤਕ ਅਤੇ 12ਵੀਂ ਜਮਾਤ ਦੀ ਲਿਖਤੀ ਪ੍ਰੀਖਿਆ 20 ਅਪ੍ਰੈਲ ਤੋਂ 1 ਮਈ ਤਕ ਕਰਵਾਉਣ ਸਬੰਧੀ ਸ਼ਡਿਊਲ ਜਾਰੀ ਕੀਤਾ ਗਿਆ ਸੀ। ਇਸ ਤੋਂ ਕੁੱਝ ਹੀ ਘੰਟਿਆਂ ਬਾਅਦ ਸਿੱਖਿਆ ਬੋਰਡ ਨੇ ਆਪਣੀ ਗਲਤੀ ਦਾ ਅਹਿਸਾਸ ਕਰਦਿਆਂ ਇਹ ਡੇਟਸ਼ੀਟ ਵਾਪਸ ਲੈ ਲਈ ਹੈ, ਕਿਉਂਕਿ ਪੰਜਾਬ ਵਿਚ ਅਜੇ ਕਰਫਿਊ ਚੱਲ ਰਿਹਾ ਹੈ ਅਤੇ ਇਸ ਸਬੰਧੀ ਸਰਕਾਰ ਨੇ ਕਰਫਿਊ ਹਟਾਉਣ ਜਾ ਜਾਰੀ ਰੱਖਣ ਬਾਰੇ ਕੋਈ ਫੈਸਲਾ ਨਹੀਂ ਲਿਆ। ਸਿੱਖਿਆ ਬੋਰਡ ਇਸ ਤਰ੍ਹਾਂ ਦੇ ਫੈਸਲਿਆਂ ਕਰਕੇ ਕਈ ਵਾਰ ਲੋਕਾਂ ਵਿਚ ਮਜ਼ਾਕ ਦਾ ਪਾਤਰ ਬਣ ਚੁੱਕਾ ਹੈ ਅਤੇ ਹੁਣ ਤਕ ਡੇਟਸ਼ੀਟ ਵਿਚ ਚਾਰ ਵਾਰ ਤਬਦੀਲੀ ਕੀਤੀ ਜਾ ਚੁੱਕੀ ਹੈ।
ਕੋਰੋਨਾ ਸੰਕਟ ਵਿਚਕਾਰ ਮਿਡਲ ਕਲਾਸ ਦੀ ਅਵਸਥਾ
NEXT STORY