ਨਵਾਂਸ਼ਹਿਰ (ਜੋਬਨ)— ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਜ 10ਵੀਂ ਕਲਾਸ ਦੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਗਿਆ ਹੈ। ਇਨ੍ਹਾਂ ਨਤੀਜਿਆਂ 'ਚ ਨਵਾਂਸ਼ਹਿਰ ਦੀ ਜੀਆ ਨੰਦਾ ਨੇ 650 'ਚੋਂ 644 ਅੰਕ (99.8 ਫੀਸਦੀ) ਹਾਸਲ ਕਰਕੇ ਪੰਜਾਬ 'ਚੋਂ ਤੀਜਾ ਸਥਾਨ ਹਾਸਲ ਕੀਤਾ ਹੈ। ਇਥੇ ਦੱਸਣਯੋਗ ਹੈ ਕਿ ਪਹਿਲੇ ਸਥਾਨ 'ਤੇ ਲੁਧਿਆਣਾ ਦੀ ਨੇਹਾ ਵਰਮਾ ਰਹੀ, ਜਿਸ ਨੇ 99.54 ਫੀਸਦੀ ਅੰਕ ਹਾਸਲ ਕੀਤੇ ਹਨ। ਉਥੇ ਹੀ ਦੂਜੇ ਸਥਾਨ 'ਤੇ ਸੰਗਰੂਰ ਦੀ ਹਰਲੀਨ ਕੌਰ, ਲੁਧਿਆਣਾ ਦੀ ਅੰਕਿਤਾ ਸਚਦੇਵਾ, ਲੁਧਿਆਣਾ ਦੀ ਅੰਜਲੀ ਰਹੀਆਂ, ਜਿਨ੍ਹਾਂ ਨੇ 99.23 ਫੀਸਦੀ ਅੰਕ ਹਾਸਲ ਕੀਤੇ ਹਨ।
ਜੀਆ ਦਾ ਨਾਂ ਮੈਰਿਟ ਲਿਸਟ 'ਚ ਆਉਂਦੇ ਹੀ ਪਰਿਵਾਰ 'ਚ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ। ਜੀਆ ਨਵਾਂਸ਼ਹਿਰ ਦੇ ਡਾ. ਆਸਾ ਨੰਦ ਆਰਿਆ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੀ ਵਿਦਿਆਰਥਣ ਹੈ। ਇਸ ਜ਼ਿਲੇ 'ਚੋਂ ਕੁੱਲ 9 ਵਿਦਿਆਰਥੀਆਂ ਨੇ ਮੈਰਿਟ ਲਿਸਟ 'ਚ ਸਥਾਨ ਹਾਸਲ ਕੀਤਾ ਹੈ, ਜਿਸ 'ਚੋਂ 6 ਬੱਚੇ ਇਸੇ ਸਕੂਲ ਦੇ ਹਨ।

ਮਾਪਿਆਂ ਸਮਤੇ ਅਧਿਆਪਕਾਂ ਨੂੰ ਦਿੱਤਾ ਸਿਹਰਾ
ਪੰਜਾਬ 'ਚੋਂ ਤੀਜਾ ਸਥਾਨ ਹਾਸਲ ਕਰਨ ਵਾਲੀ ਜੀਆ ਨੰਦਾ ਨੇ ਆਪਣੇ ਇਸ ਮੁਕਾਮ 'ਤੇ ਪਹੁੰਚਣ ਦਾ ਸਿਹਰਾ ਆਪਣੇ ਮਾਤਾ-ਪਿਤਾ ਅਤੇ ਸਕੂਲ ਦੇ ਅਧਿਆਪਕਾਂ ਨੂੰ ਦਿੱਤਾ ਹੈ। ਉਸ ਨੇ ਦੱਸਿਆ ਕਿ ਅੱਜ ਉਸ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਹੈ। ਉਸ ਦੀ ਮਿਹਨਤ ਰੰਗ ਲਿਆਈ ਹੈ।
ਡਾਕਟਰ ਬਣਨਾ ਚਾਹੁੰਦੀ ਹੈ ਜੀਆ
ਜੀਆ ਨੇ ਦੱਸਿਆ ਕਿ ਉਹ ਡਾਕਟਰ ਬਣਨਾ ਚਾਹੁੰਦੀ ਹੈ ਪਰ ਉਸ ਦੇ ਪਰਿਵਾਰਕ ਮੈਂਬਰ ਚਾਹੁੰਦੇ ਹਨ ਕਿ ਉਹ ਆਈ. ਏ. ਐੱਸ. ਅਫਸਰ ਬਣੇ, ਇਸ ਲਈ ਉਸ ਨੇ ਮੈਡੀਕਲ ਲਾਈਨ ਨੂੰ ਅਪਣਾਇਆ ਹੈ। ਜੀਆ ਦਾ ਕਹਿਣਾ ਹੈ ਕਿ ਉਹ ਆਈ. ਏ. ਐੱਸ. ਦਾ ਟੈਸਟ ਵੀ ਦੇਵੇਗੀ ਅਤੇ ਆਪਣੀ ਮਰਜ਼ੀ ਨਾਲ ਡਾਕਟਰ ਵੀ ਬਣ ਕੇ ਮਾਤਾ-ਪਿਤਾ ਦਾ ਨਾਂ ਹੋਰ ਰੌਸ਼ਨ ਕਰੇਗੀ।

ਡਾ. ਆਸਾ ਨੰਦ ਆਰਿਆ ਮਾਡਲ ਸੀਨੀਅਰ ਸੈਕੰਡਰੀ ਸਕੂਲ ਨਵਾਂਸ਼ਹਿਰ ਦੀ ਪ੍ਰਿੰਸੀਪਲ ਨੇ ਜੀਆ ਦੇ ਮਾਤਾ-ਪਿਤਾ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਸਾਨੂੰ ਬਹੁਤ ਖੁਸ਼ੀ ਹੈ ਕਿ ਜੀਆ ਨੇ ਮਿਹਨਤ ਕਰਕੇ ਸਾਡੇ ਸਕੂਲ ਅਤੇ ਮਾਂ-ਬਾਪ ਦਾ ਨਾਂ ਰੌਸ਼ਨ ਕੀਤਾ ਹੈ। ਜੀਆ ਦੇ ਇਲਾਵਾ ਸਾਡੇ ਸਕੂਲ ਦੇ 5 ਹੋਰ ਵਿਦਿਆਰਥੀਆਂ ਨੇ ਮੈਰਿਟ 'ਚ ਸਥਾਨ ਹਾਸਲ ਕੀਤਾ ਹੈ। ਉਨ੍ਹਾਂ ਨੇ ਅਧਿਆਪਕਾਂ ਨੂੰ ਸਿਹਰਾ ਦਿੰਦੇ ਹੋਏ ਕਿਹਾ ਕਿ ਅਧਿਆਪਕਾਂ ਨੇ ਬੱਚਿਆਂ ਨੂੰ ਸਖਤ ਮਿਹਨਤ ਕਰਵਾ ਕੇ ਇਸ ਮੁਕਾਮ 'ਤੇ ਪਹੁੰਚਾਇਆ ਹੈ।
ਮੋਗਾ : ਅੱਗ ਦਾ ਕਹਿਰ, 70 ਮੋਟਰਸਾਈਕਲ ਸੜ ਕੇ ਸੁਆਹ
NEXT STORY