ਮਹਿਲ ਕਲਾਂ (ਹਮੀਦੀ): ਵਿਧਾਨ ਸਭਾ ਹਲਕਾ ਮਹਿਲ ਕਲਾਂ ਅਧੀਨ ਪੈਂਦੇ ਪਿੰਡ ਸਹਿਜੜਾ ਨਾਲ ਸਬੰਧਿਤ ਇਕ ਮਜ਼ਦੂਰ ਪਰਿਵਾਰ ’ਤੇ ਉਸ ਸਮੇਂ ਦੁੱਖਾਂ ਦਾ ਪਹਾੜ ਟੁੱਟ ਪਿਆ, ਜਦੋਂ ਰੋਟੀ-ਰੋਜ਼ੀ ਦੀ ਖੋਜ ਵਿਚ ਦੁਬਈ ਗਏ 21 ਸਾਲਾ ਨੌਜਵਾਨ ਹਰਦੀਪ ਸਿੰਘ ਦੀ ਅਚਾਨਕ ਮੌਤ ਹੋ ਜਾਣ ਦੀ ਖ਼ਬਰ ਮਿਲੀ। ਇਸ ਦੁਖਦਾਈ ਘਟਨਾ ਨਾਲ ਪਰਿਵਾਰ ਸਮੇਤ ਪੂਰੇ ਪਿੰਡ ਵਿਚ ਸੋਗ ਦੀ ਲਹਿਰ ਦੌੜ ਗਈ ਹੈ।
ਮ੍ਰਿਤਕ ਨੌਜਵਾਨ ਦੇ ਪਿਤਾ ਹਰਬੰਸ ਸਿੰਘ ਅਤੇ ਮਾਤਾ ਕੁਲਵੰਤ ਕੌਰ ਵਾਸੀ ਪਿੰਡ ਸਹਿਜੜਾ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਹਰਦੀਪ ਸਿੰਘ ਬਾਰ੍ਹਵੀਂ ਜਮਾਤ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਪਰਿਵਾਰ ਦੀ ਮਾਲੀ ਹਾਲਤ ਸੁਧਾਰਨ ਲਈ ਕਰਜ਼ਾ ਚੁੱਕ ਕੇ ਕਰੀਬ ਪੰਜ ਮਹੀਨੇ ਪਹਿਲਾਂ ਦੁਬਈ ਦੇ ਸ਼ਾਰਜਾਹ ਸ਼ਹਿਰ ਵਿਚ ਮਜ਼ਦੂਰੀ ਕਰਨ ਗਿਆ ਸੀ। ਉਨ੍ਹਾਂ ਅਨੁਸਾਰ 24 ਜਨਵਰੀ ਨੂੰ ਅਚਾਨਕ ਫੋਨ ਰਾਹੀਂ ਹਰਦੀਪ ਸਿੰਘ ਦੀ ਮੌਤ ਦੀ ਸੂਚਨਾ ਮਿਲੀ, ਜਿਸ ਨਾਲ ਪਰਿਵਾਰ ਉੱਤੇ ਗ਼ਮਾਂ ਦਾ ਪਹਾੜ ਟੁੱਟ ਪਿਆ। ਪੀੜਤ ਪਰਿਵਾਰ ਨੇ ਦੱਸਿਆ ਇਸ ਸਮੇਂ ਤੱਕ ਹਰਦੀਪ ਸਿੰਘ ਦੀ ਮੌਤ ਦੇ ਅਸਲ ਕਾਰਨਾਂ ਬਾਰੇ ਕੋਈ ਪੱਕੀ ਜਾਣਕਾਰੀ ਨਹੀਂ ਮਿਲੀ ਹੈ ਅਤੇ ਮੌਤ ਦੇ ਕਾਰਨਾਂ ਦਾ ਖ਼ੁਲਾਸਾ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਹੋ ਸਕੇਗਾ। ਪਰਿਵਾਰ ਨੇ ਦੱਸਿਆ ਕਿ ਪੋਸਟਮਾਰਟਮ ਅਤੇ ਹੋਰ ਕਾਗਜ਼ੀ ਕਾਰਵਾਈ ਵਿਦੇਸ਼ ਵਿਚ ਜਾਰੀ ਹੋਣ ਕਾਰਨ ਲਾਸ਼ ਭਾਰਤ ਲਿਆਂਦੇ ਜਾਣ ਵਿਚ ਹੋਰ ਦੇਰੀ ਹੋ ਰਹੀ ਹੈ। ਮ੍ਰਿਤਕ ਦੇ ਮਾਪਿਆਂ ਨੇ ਕਿਹਾ ਕਿ ਉਹ ਦਿਹਾੜੀ-ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦੇ ਹਨ ਅਤੇ ਆਰਥਿਕ ਤੰਗੀ ਕਾਰਨ ਆਪਣੇ ਪੁੱਤਰ ਦੀ ਮ੍ਰਿਤਕ ਦੇਹ ਨੂੰ ਵਿਦੇਸ਼ ਤੋਂ ਭਾਰਤ ਲਿਆਉਣ ਵਿਚ ਅਸਮਰੱਥ ਹਨ। ਉਨ੍ਹਾਂ ਨੇ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਕੋਲ ਅਪੀਲ ਕੀਤੀ ਕਿ ਮ੍ਰਿਤਕ ਨੌਜਵਾਨ ਹਰਦੀਪ ਸਿੰਘ ਦੀ ਲਾਸ਼ ਨੂੰ ਦੁਬਈ ਤੋਂ ਪਿੰਡ ਸਹਿਜੜਾ ਵਿਖੇ ਲਿਆਂਦਾ ਜਾਵੇ।
ਇਸ ਮਾਮਲੇ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜ਼ਿਲ੍ਹਾ ਮੀਤ ਪ੍ਰਧਾਨ ਗੁਰਧਿਆਨ ਸਿੰਘ ਸਹਿਜੜਾ, ਬਲਾਕ ਮਹਿਲ ਕਲਾਂ ਇਕਾਈ ਦੇ ਜਨਰਲ ਸਕੱਤਰ ਅਮਰਜੀਤ ਸਿੰਘ ਭੋਲਾ ਅਤੇ ਗਗਨਦੀਪ ਸਿੰਘ ਬਾਜਵਾ ਦੀ ਅਗਵਾਈ ਹੇਠ 25 ਜਨਵਰੀ ਨੂੰ ਮ੍ਰਿਤਕ ਨੌਜਵਾਨ ਦੇ ਪਿਤਾ ਹਰਬੰਸ ਸਿੰਘ ਨੂੰ ਨਾਲ ਲੈ ਕੇ ਲੋਕ ਸਭਾ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਦੇ ਰਾਹੀਂ ਡਿਪਟੀ ਕਮਿਸ਼ਨਰ ਬਰਨਾਲਾ ਨੂੰ ਮਿਲ ਕੇ ਲਾਸ਼ ਵਾਪਸ ਲਿਆਂਦੇ ਜਾਣ ਸਬੰਧੀ ਅਰਜ਼ੀ ਦਿੱਤੀ ਗਈ ਸੀ। ਆਗੂਆਂ ਨੇ ਦੱਸਿਆ ਕਿ ਡੀ.ਸੀ. ਬਰਨਾਲਾ ਵੱਲੋਂ ਕਾਗਜ਼ੀ ਕਾਰਵਾਈ ਪੂਰੀ ਹੋਣ ਉਪਰਾਂਤ ਲਾਸ਼ ਭਾਰਤ ਲਿਆਂਦੇ ਜਾਣ ਦਾ ਭਰੋਸਾ ਦਿੱਤਾ ਗਿਆ ਸੀ, ਪਰ ਅੱਜ ਮੌਤ ਨੂੰ ਕਰੀਬ 10 ਦਿਨ ਬੀਤ ਜਾਣ ਦੇ ਬਾਵਜੂਦ ਵੀ ਮ੍ਰਿਤਕ ਦੀ ਦੇਹ ਪਿੰਡ ਨਹੀਂ ਪੁੱਜੀ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਤੁਰੰਤ ਦਖ਼ਲ ਦੇ ਕੇ ਹਰਦੀਪ ਸਿੰਘ ਦੀ ਲਾਸ਼ ਨੂੰ ਦੁਬਈ ਤੋਂ ਪਿੰਡ ਸਹਿਜੜਾ ਲਿਆ ਕੇ ਪਰਿਵਾਰ ਨੂੰ ਸੌਂਪੀ ਜਾਵੇ ਤਾਂ ਜੋ ਅੰਤਿਮ ਸੰਸਕਾਰ ਕੀਤਾ ਜਾ ਸਕੇ।
ਜ਼ਮੀਨ ਗਹਿਣੇ ਰੱਖ ਕੇ ਵਿਦੇਸ਼ ਭੇਜਿਆ ਸੀ ਪੁੱਤਰ, ਦੋ ਮਹੀਨੇ ਬਾਅਦ ਆਈ ਖਬਰ ਨੇ ਘਰ 'ਚ ਪੁਆ'ਤੇ ਵੈਣ
NEXT STORY