ਪੰਜਾਬ ਦੇ ਆਧੁਨਿਕ ਇਤਿਹਾਸ ਵਿਚ ਸ਼ਾਇਦ ਹੀ ਅਜੋਕਾ ਅਤਿ-ਜ਼ਹਿਰੀਲਾ, ਖਤਰਨਾਕ ਅਤੇ ਗੰਧਲਾ ਸਿਆਸੀ ਘਮਸਾਨ ਵੇਖਣ ਨੂੰ ਮਿਲਿਆ ਹੋਵੇ। ਇਹੋ ਜਿਹੀਆਂ ਸ਼ਰਮਨਾਕ, ਗਲਘੋਟੂ, ਘਟੀਆ ਅਤੇ ਬਹੁਤ ਹੀ ਘਟੀਆ ਸਿਆਸੀ ਊਝਬਾਜ਼ੀਆਂ, ਤਰਕਹੀਣ ਤਕਰਾਰਬਾਜ਼ੀਆਂ ਅਤੇ ਬੇਥਵੀਆਂ ਉਧੇੜਬੁਣੀਆਂ ਕਦੇ ਵੇਖਣ ਨੂੰ ਨਹੀਂ ਮਿਲੀਆਂ।
ਇੰਝ ਲੱਗਦਾ ਹੈ ਜਿਵੇਂ ਅੱਜ ਗੁਰਾਂ ਦੇ ਨਾਂ ’ਤੇ ਜਿਊਣ ਲਈ ਪੰਜਾਬ ਵਿਚ ਸਿਆਸੀ ਕੂਟਨੀਤੀ, ਨੈਤਿਕਤਾ, ਉੱਚ-ਆਚਰਣਤਾ, ਸੂਝਬੂਝ, ਸਹਿਣਸ਼ੀਲਤਾ, ਆਦਰਸ਼ ਜ਼ਾਬਤੇ ਦਾ ਕਾਲ ਪੈ ਗਿਆ ਹੋਵੇ। ਦਰਅਸਲ ਕਾਂਗਰਸ ਪਾਰਟੀ ਦੀ ਰਾਸ਼ਟਰੀ ਪੱਧਰ ’ਤੇ ਕਮਜ਼ੋਰ, ਦਿਸ਼ਾਹੀਣ, ਇਕ ਪਰਿਵਾਰ ਆਧਾਰਿਤ ਗਲਬਾਵਾਦੀ ਦੂਰਅੰਦੇਸ਼ੀ ਰਹਿਤ ਲੀਡਰਸ਼ਿਪ ਹੈ। ਰਾਸ਼ਟਰੀ ਪੱਧਰ ’ਤੇ ਮਾਨਸਿਕ ਤੌਰ ’ਤੇ ਦੀਵਾਲੀਆਪਣ ਅਤੇ ਨੈਤਿਕ ਪੱਖੋਂ ਸਿਆਸੀ ਅਨੈਤਿਕਤਾ ਦੀ ਸ਼ਿਕਾਰ ਸੂਝ-ਬੂਝ ਇਸ ਲੀਡਰਸ਼ਿਪ ਕਰਕੇ ਕਾਂਗਰਸ ਪਾਰਟੀ ਦੇ ਸ਼ਾਸਿਤ ਸੂਬੇ ਪੰਜਾਬ, ਰਾਜਸਥਾਨ ਅਤੇ ਛੱਤੀਸਗੜ੍ਹ ਹੀ ਨਹੀਂ ਸਗੋਂ ਦੂਸਰੇ ਸੂਬੇ ਵੀ ਪਾਰਟੀ ਅੰਦਰਲੀ ਤਿੱਖੀ ਖਾਨਾਜੰਗੀ ਦੇ ਸ਼ਿਕਾਰ ਹਨ। ਅਨੁਸ਼ਾਸਨ ਨਾਂ ਦੀ ਕੋਈ ਸ਼ੈਅ ਨਹੀਂ।
ਪੰਜਾਬ ਅੰਦਰ ਤਾਕਤਵਰ ਸ਼੍ਰੋਮਣੀ ਅਕਾਲੀ ਦਲ ਸੁਪਰੀਮੋ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਮਜ਼ਬੂਤ ਅਕਾਲੀ-ਭਾਜਪਾ ਗਠਜੋੜ ਤੋਂ ਸੱਤਾ ਖੋਹਣ ਲਈ ਕਾਂਗਰਸ ਪਾਰਟੀ ਅਤੇ ਇਸ ਦੇ ਕਿਸੇ ਹੋਰ ਆਗੂ ਕੋਲ ਸਿਵਾਏ ਕੈਪਟਨ ਅਮਰਿੰਦਰ ਸਿੰਘ ਦੇ ਸ਼ਕਤੀ ਨਹੀਂ ਸੀ। ਜਿਥੇ ਸੰਨ 2002 ਵਿਚ ਉਸੇ ਦੀ ਅਗਵਾਈ ਵਿਚ ਉਨ੍ਹਾਂ ਤੋਂ ਸੱਤਾ ਖੋਹੀ ਉਥੇ ਸੰਨ 2017 ਵਿਚ ਨਿਰੋਲ ਕੈਪਟਨ ਦੇ ਸਿਆਸੀ ਤਲਿੱਸਮ ਅਧੀਨ ਚਾਹੁੰਦਾ ਹੈ। ਪੰਜਾਬ-ਕੈਪਟਨ ਦੀ ਸਰਕਾਰ ਨਾਅਰੇ ਰਾਹੀਂ ਸੱਤਾ ਖੋਹੀ ਗਈ। ਇਸ ਦੌਰਾਨ ਕਮਜ਼ੋਰ, ਦਿਸ਼ਾਹੀਣ ਅਤੇ ਦੂਰ-ਦ੍ਰਿਸ਼ਟੀਹੀਣ ਕਾਂਗਰਸ ਦੀ ਰਾਸ਼ਟਰੀ ਲੀਡਰਸ਼ਿਪ ਕੈਪਟਨ ਦੇ ਕੱਦ-ਬੁੱਤ ਦੀ ਲੀਡਰਸ਼ਿਪ ਪੰਜਾਬ ਵਿਚ ਪੈਦਾ ਨਾ ਕਰ ਸਕੀ ਜਿਵੇਂ ਕਾਂਗਰਸ ਦੇ ਅੰਦਰੂਨੀ ਸਿਆਸੀ ਸੱਭਿਆਚਾਰ ਦੀ ਪ੍ਰੰਪਰਾ ਰਹੀ ਹੈ। ਦੂਸਰੇ ਸ਼ਬਦਾਂ ਵਿਚ ਇਉਂ ਵੀ ਕਿਹਾ ਜਾ ਸਕਦਾ ਹੈ ਕਿ ਪੰਜਾਬ ਦੇ ਤਾਕਤਵਰ ਗਲਬਾਵਾਦੀ ਵਜੋਂ ਸਥਾਪਿਤ ਹੋ ਚੁੱਕੇ ਕੈਪਟਨ ਅਮਰਿੰਦਰ ਨੇ ਰਾਜ ਵਿਚ ਆਪਣੇ ਬਰਾਬਰ ਕਿਸੇ ਤਰ੍ਹਾਂ ਦੀ ਕਾਂਗਰਸ ਲੀਡਰਸ਼ਿਪ ਨੂੰ ਉੱਭਰਨ ਹੀ ਨਹੀਂ ਦਿੱਤਾ।
ਇਸੇ ਕਰਕੇ ਸਿਆਸੀ ਸਾਜ਼ਿਸ਼ਾਨਾ ਮੱਕੜਜਾਲ ਬੁਣ ਕੇ ਸੱਤਾ ਵਿਚੋਂ ਬੁਰੀ ਤਰ੍ਹਾਂ ਬੇਇੱਜ਼ਤ ਕਰਕੇ ਬਾਹਰ ਵਗਾਹ ਕੇ ਮਾਰਨ ਤੋਂ ਬਾਅਦ ਰਾਸ਼ਟਰੀ ਲੀਡਰਸ਼ਿਪ ਉਸ ਦੇ ਕੱਦ-ਬੁੱਤ ਬਰਾਬਰ ਆਗੂ ਪੰਜਾਬ ਨੂੰ ਨਾ ਦੇ ਸਕਣ ਦਾ ਸਿੱਟਾ ਅਜੋਕਾ ਸਿਆਸੀ ਘਮਸਾਨ ਹੈ। ਸਿਆਸੀ, ਮਨੋਵਿਗਿਆਨਕ ਅਤੇ ਮਾਨਸਿਕ ਤੌਰ ’ਤੇ ਅਸਥਿਰ ਲੀਡਰਸ਼ਿਪ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀ ਪ੍ਰਧਾਨਗੀ ਸੌਂਪਣਾ ਬਲਦੀ ’ਤੇ ਤੇਲ ਸੁੱਟਣਾ ਸਾਬਿਤ ਹੋਇਆ।ਨਵਜੋਤ ਸਿੰਘ ਸਿੱਧੂ ਖੁਦ ਮੁੱਖ ਮੰਤਰੀ ਬਣਨਾ ਚਾਹੁੰਦਾ ਸੀ ਜਿਵੇਂ ਉਸ ਨੇ ਆਖਿਰ ਲਖੀਮਪੁਰ ਖੀਰੀ ਯਾਤਰਾ ਸਮੇਂ ਦੱਬੀ ਆਵਾਜ਼ ਵਿਚ ਕਹਿ ਹੀ ਦਿੱਤਾ ਸੀ। ਉਸ ਵਲੋਂ ਸਾਬਕਾ ਪ੍ਰਧਾਨ ਸੁਨੀਲ ਜਾਖੜ ਅਤੇ ਸੁਖਜਿੰਦਰ ਸਿੰਘ ਰੰਧਾਵਾ ਨੂੰ ਮੁੱਖ ਮੰਤਰੀ ਥਾਪਣ ਦਾ ਵਿਰੋਧ, ਚਰਨਜੀਤ ਸਿੰਘ ਚੰਨੀ ਵਲੋਂ ਮੁੱਖ ਮੰਤਰੀ ਵਜੋਂ ਉਸ ਦੀ ਕਠਪੁਤਲੀ ਵਿਚਰਣ ਤੋਂ ਕੋਰਾ ਇਨਕਾਰ ਅਤੇ ਗੁੱਸੇ ਵਿਚ ਇਹ ਕਹਿਣਾ ਕਿ ਆ ਲੈ ਮੁੱਖ ਮੰਤਰੀਸ਼ਿਪ ਤੇ ਦੋ ਮਹੀਨੇ ’ਚ ਕਰ ਲੈ ਏਜੰਡਾ ਲਾਗੂ, ਘਟਨਾਵਾਂ ਨੇ ਪੰਜਾਬ ਵਿਚ ਚੰਨੀ ਸਰਕਾਰ ਨੂੰ ਤਮਾਸ਼ਾ ਅਤੇ ਸਾਹਸੱਤਹੀਣ ਬਣਾ ਕੇ ਰੱਖ ਦਿੱਤਾ। ਹਜ਼ਾਰਾਂ ਕਰੋੜਾਂ ਦੀ ਜਾਇਦਾਦ ਦਾ ਮਾਲਿਕ, ਸ਼ਰਾਬ ਅਤੇ ਨਸ਼ਿਆਂ ਦੀਆਂ ਨਦੀਆਂ ਵਹਾ ਕੇ ਚੋਣਾਂ ਜਿੱਤਣ ਲਈ ਮਸ਼ਹੂਰ, 4 ਫੁੱਟ ਰੇਤ ਖੱਡਾਂ ਦੀ ਪੁਟਾਈ 5 ਫੁੱਟ ਕਰਕੇ ਰੇਤ ਮਾਫੀਏ ਦੀ ਸਰਪ੍ਰਸਤੀ ਕਰਨ ਵਾਲਾ, ਪਾਣੀ-ਬਿਜਲੀ ਦੇ ਬਿੱਲ ਅਦਾ ਕਰਨ ਵਾਲੇ ਸ਼ਹਿਰੀਆਂ ਉਲਟ ਕਾਨੂੰਨ ਦੀ ਅਵੱਗਿਆ ਕਰਕੇ ਨਾ ਅਦਾ ਕਰਨ ਵਾਲਿਆਂ ਦੇ ਹਜ਼ਾਰਾਂ ਕਰੋੜ ਮੁਆਫ ਕਰਨ, ਮਹਿਜ਼ ਆਪਣੀ ਝੂਠੀ ਪ੍ਰਸਿੱਧੀ ਲਈ ਮੁਫਤ ਰਿਆਇਤਾਂ ਕਰਕੇ ਪੰਜਾਬ ਸਿਰ ਤਿੰਨ ਲੱਖ ਕਰੋੜ ਦਾ ਕਰਜ਼ਾ 5 ਲੱਖ ਕਰੋੜ ਕਰਨ ਵਾਲੇ ਮੁੱਖ ਮੰਤਰੀ ਦਾ ਖੇਖਨਬਾਜ਼ ਚਿਹਰਾ ਬੇਨਕਾਬ ਹੋਣ ਕਰਕੇ ਕਾਂਗਰਸ ਅੰਦਰਲਾ ਘਮਸਾਨ ਹੋਰ ਤੇਜ਼ੀ ਫੜ ਰਿਹਾ ਹੈ। ਪੰਜਾਬ ਅੰਦਰ ਦਲਿਤ ਰਾਜਨੀਤੀ ਦੇ ਉਭਾਰ ਨੂੰ ਵੱਡੀ ਸੱਟ ਲੱਗੀ ਹੈ।
ਕੈਪਟਨ ਅਮਰਿੰਦਰ ਸਿੰਘ ’ਤੇ ਲਾਗੂ ਹੁੰਦੀ ਹੈ ਜਿਸ ਨੇ ਪਾਕਿਸਤਾਨ ਦੀ ਡਿਫੈਂਸ ਮਾਮਲਿਆਂ ਸਬੰਧੀ ਪੱਤਰਕਾਰ ਮੁਸਲਿਮ ਔਰਤ ਅਰੂਸਾ ਆਲਮ ਪਹਿਲਾਂ ਸੰਨ 2006-07 ਅਤੇ ਹੁਣ ਮਾਰਚ, 2017 ਤੋਂ ਸਤੰਬਰ, 2021 ਤਕ ਆਪਣੀ ਮੁੱਖ ਮੰਤਰੀਸ਼ਿਪ ਦੌਰਾਨ ਗੈਰ-ਕਾਨੂੰਨੀ ਅਤੇ ਗੈਰ-ਸੰਵਿਧਾਨਿਕ ਤੌਰ ’ਤੇ ਆਪਣੀ ਸਰਕਾਰੀ ਰਿਹਾਇਸ਼ ’ਤੇ ਤਾਇਨਾਤ ਕੀਤੀ। ਜਿਸ ਬਾਰੇ ਕਿਹਾ ਜਾਂਦਾ ਹੈ ਕਿ ਕਿਸੇ ਵੀ ਕੰਮ ਲਈ ਕੋਈ ਕਾਂਗਰਸ ਵਰਕਰ, ਆਗੂ, ਮੰਤਰੀ ਜੇ ਮੁੱਖ ਮੰਤਰੀ ਕੋਲ ਜਾਂਦਾ ਸੀ ਤਾਂ ਅੱਗੋਂ ਕਿਹਾ ਜਾਂਦਾ ਕਿ ਅਰੂਸਾ ਨੂੰ ਮਿਲ ਲਓ। ਨਵਜੋਤ ਸਿੱਧੂ ਦੀ ਪਤਨੀ ਨਵਜੋਤ ਕੌਰ ਨੇ ਤਾਂ ਸਿੱਧੇ ਨੋਟ ਭਰੇ ਅਟੈਚੀ ਅਤੇ ਮਹਿੰਗੇ ਗਿਫਟ ਲੈਣ ਲਈ ਬੀਬੀ ਅਰੂਸਾ ਅਤੇ ਉਸ ਦੇ ਪੁੱਤਰ ’ਤੇ ਦੋਸ਼ ਲਗਾਏ ਹਨ। ਉਸ ਦੇ ਪੁੱਤਰ ਰਫ਼-ਏ-ਆਲਮ ਤੇ ਮਸ਼ਹੂਰ ਈ-ਸਪੋਰਟਸ ਕੰਪਨੀ ਵਿਚ 40 ਮਿਲੀਅਨ ਡਾਲਰ ਨਿਵੇਸ਼ ਕਰਨ ਬਾਰੇ ਇੰਕਸ਼ਾਫ ਹੋਇਆ ਹੈ।
ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਅਰੂਸਾ ਨੂੰ ਲੈ ਕੇ ਕੈਪਟਨ ’ਤੇ ਵੱਡੇ ਹਮਲੇ ਕੀਤੇ ਹਨ। ਉਸ ਦੀ ਰਿਹਾਇਸ਼ ਅਤੇ ਖੁਫੀਆ ਏਜੰਸੀਆਂ ਨਾਲ ਸਬੰਧਾਂ ਬਾਰੇ ਜਾਂਚ ਦਾ ਐਲਾਨ ਕੀਤਾ ਹੈ। ਦਰਅਸਲ ਇਸ ਔਰਤ ਨੇ ਜਿਵੇਂ ਪਾਕਿਸਤਾਨ ਰਾਸ਼ਟਰ ਅਤੇ ਇਸਲਾਮ ਨੂੰ ਬਦਨਾਮ ਕੀਤਾ, ਇਸ ਸਬੰਧੀ ਪਾਕਿਸਤਾਨੀ ਗ੍ਰਹਿ ਮੰਤਰਾਲੇ ਨੂੰ ਜਾਂਚ ਕਰਨੀ ਚਾਹੀਦੀ ਹੈ। ਕੈਪਟਨ ਵਲੋਂ ਅਰੂਸਾ ਨਾਲ ਸੋਨੀਆ ਗਾਂਧੀ, ਮੰਤਰੀ ਰਜ਼ੀਆ ਸੁਲਤਾਨਾ ਅਤੇ ਉਸ ਦੀ ਨੂੰਹ ਨਾਲ ਫੋਟੋਆਂ ਮੀਡੀਆ ਨੂੰ ਜਾਰੀ ਕਰਨ ਨਾਲ ਇਸ ਘਮਸਾਨ ਦੀ ਖੇਹ ਹੋਰ ਉੱਡੀ ਹੈ। ਭਾਜਪਾ ਅਤੇ ਬਾਦਲ ਪਰਿਵਾਰ ਨਾਲ ਮਿਲੀਭੁਗਤ ਰਾਹੀਂ ਪੰਜਾਬ ਦਾ ਸ਼ਾਸਨ ਚਲਾਉਣ ਦੀ ਬਦਨਾਮੀ ਗਲੋਂ ਨਹੀਂ ਲਹਿ ਰਹੀ। ਪੰਜਾਬ ਦੀ ਰਾਜਨੀਤੀ ’ਚ ਹਾਸ਼ੀਏ ’ਤੇ ਧੱਕੇ ਗਏ ਕੈਪਟਨ ਵਲੋਂ ਨਵੀਂ ਖੇਤਰੀ ਪਾਰਟੀ ਦਾ ਗਠਨ ਕੀ ਗੁੱਲ ਖਿਲਾਏਗਾ, ਇਹ ਤਾਂ ਸਮਾਂ ਦੱਸੇਗਾ।
3 ਕਾਲੇ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਦਿੱਲੀ ਸਰਹੱਦਾਂ ’ਤੇ ਪਿਛਲੇ 11 ਮਹੀਨਿਆਂ ਤੋਂ ਸੰਘਰਸ਼ ਕਰ ਰਹੀ ਕਿਸਾਨੀ ਦੀ ਪੰਜਾਬ ਦੇ ਸਿਆਸਤਦਾਨਾਂ ਅਤੇ ਰਾਜਸੀ ਪਾਰਟੀਆਂ ਵਲੋਂ ਡੱਟ ਕੇ ਮਦਦ ਕਰਨਾ ਉਲਟ ਸੱਤਾ ਲਈ ਤਰਲੋ-ਮੱਛੀ ਹੋਣ ’ਤੇ ਰੈਲੀਆਂ ਕਰਨ ਦੇ ਵਿਰੋਧ ਦਾ ਐਲਾਨ ਕਿਸਾਨ ਜਥੇਬੰਦੀਆਂ ਨੇ ਕੀਤਾ। ਹੁਣ ਇਨ੍ਹਾਂ ਨੂੰ ਕਿਸਾਨ ਅਤੇ ਉਨ੍ਹਾਂ ਦੇ ਹਮਾਇਤੀ ਪਿੰਡਾਂ-ਸ਼ਹਿਰਾਂ-ਮੁਹੱਲਿਆਂ ਵਿਚ ਨਹੀਂ ਵੜਨ ਦੇ ਰਹੇ। ਇਹ ਸਥਿਤੀ ਵੀ ਅਜੋਕੇ ਸਿਆਸੀ ਘਮਸਾਨ ਨੂੰ ਹੋਰ ਤੇਜ਼ ਕਰ ਰਹੀ ਹੈ। ਸਿਆਸੀ ਇੱਛਾ ਸ਼ਕਤੀਹੀਣ ਚੰਨੀ ਸਰਕਾਰ ਅਤੇ ਕਾਂਗਰਸ ਪਾਰਟੀ ਅਸਲ ਮੁੱਦਿਆਂ ਤੋਂ ਭੱਜ ਚੁੱਕੀ ਹੈ, ਜਿਸ ਦਾ ਸਿਆਸੀ ਤੌਰ ’ਤੇ ਅਧਮੋਏ ਆਗੂ ਵਾਂਗ ‘ਅਸਤੀਫਾ ਪ੍ਰਧਾਨ’ ਸਿੱਧੂ ਦੱਬੀ ਸੁਰ ਵਿਚ ਰਾਗ ਅਲਾਪਦਾ ਹੈ। ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਆਪਣਾ ਜਨਤਕ ਆਧਾਰ ਅਤੇ ਭਰੋਸੇਯੋਗਤਾ ਗੁਆ ਚੁੱਕੀਆਂ ਹਨ।
ਐਸੇ ਸਿਆਸੀ ਹਾਲਾਤ ਵਿਚ ਪੰਜਾਬ ਦੇ ਦੇਸ਼-ਵਿਦੇਸ਼ ਵਿਚ ਬੈਠੀਆਂ ਪ੍ਰਬੁੱਧ ਅਤੇ ਚੇਤੰਨ ਸ਼ਖ਼ਸੀਅਤਾਂ ਪੰਜਾਬੀਆਂ ਨੂੰ ਨੇਕ ਸਲਾਹਾਂ ਦੇ ਰਹੀਆਂ ਹਨ ਕਿ ਪੰਜਾਬੀਓ ਜਾਗੋ, ਜਦੋਂ ਤੁਸੀਂ ਜਾਗ ਪਏ ਫਿਰ ਆਪਣੇ ਵਿਚੋਂ ਅਜੋਕੇ ਭ੍ਰਿਸ਼ਟ, ਲੋਟੂ, ਅਨੈਤਿਕ ਆਗੂਆਂ ਦੀ ਥਾਂ ਆਪਣੇ ਨੁਮਾਇੰਦੇ ਚੁਣ ਕੇ ਨਵ-ਪੰਜਾਬ ਦੀ ਉਸਾਰੀ ਕਰੋਗੇ।
ਦਰਬਾਰਾ ਸਿੰਘ ਕਾਹਲੋਂ
ਤਖ਼ਤ ਸ੍ਰੀ ਪਟਨਾ ਸਾਹਿਬ, ਨੰਦੇੜ ਅਤੇ ਇਟਲੀ ਦੀਆਂ ਬੰਦ ਕੀਤੀਆਂ ਉਡਾਨਾਂ ਮੁੜ ਤੋਂ ਹੋਣ ਸ਼ੁਰੂ : ਔਜਲਾ
NEXT STORY