ਲੁਧਿਆਣਾ (ਰਾਜ): ਲੁਧਿਆਣਾ ਦੇ ਵੇਰਕਾ ਮਿਲਕ ਪਲਾਂਟ ਨੇੜੇ ਇਕ ਵੱਡੀ ਲੁੱਟ ਦੀ ਵਾਰਦਾਤ ਸਾਹਮਣੇ ਆਈ ਹੈ, ਜਿੱਥੇ ਇਕ ਚਿੱਟੇ ਰੰਗ ਦੀ ਇਨੋਵਾ ਕਾਰ ਵਿਚ ਸਵਾਰ ਤਿੰਨ ਅਣਪਛਾਤੇ ਬਦਮਾਸ਼ਾਂ ਨੇ ਇਕ ਨੌਜਵਾਨ ਤੋਂ 30,000 ਕੈਨੇਡੀਅਨ ਡਾਲਰਾਂ ਨਾਲ ਭਰਿਆ ਬੈਗ ਖੋਹ ਲਿਆ ਅਤੇ ਫ਼ਰਾਰ ਹੋ ਗਏ। ਅੰਤਰਰਾਸ਼ਟਰੀ ਬਾਜ਼ਾਰ ਦੇ ਹਿਸਾਬ ਨਾਲ ਲੁੱਟੇ ਗਏ ਕੈਨੇਡੀਅਨ ਡਾਲਰਾਂ ਦੀ ਭਾਰਤੀ ਕਰੰਸੀ ਵਿਚ ਕੀਮਤ ਲਗਭਗ 18 ਤੋਂ 19 ਲੱਖ ਰੁਪਏ ਦੱਸੀ ਜਾ ਰਹੀ ਹੈ।
ਸ਼ਿਕਾਇਤਕਰਤਾ ਨਿਤਿਨ ਗੋਇਲ ਅਨੁਸਾਰ, ਉਸ ਨੇ 5 ਜਨਵਰੀ 2026 ਨੂੰ ਆਪਣੇ ਡਰਾਈਵਰ ਰਵੀ ਕੁਮਾਰ ਨੂੰ 30,000 ਡਾਲਰ (100-100 ਡਾਲਰਾਂ ਦੇ 300 ਨੋਟ) ਦੇ ਕੇ ਜਗਰਾਉਂ ਤੋਂ ਲੁਧਿਆਣਾ ਭੇਜਿਆ ਸੀ। ਉਸ ਨੇ ਰਵੀ ਨੂੰ ਇਹ ਡਾਲਰ ਆਪਣੇ ਦੋਸਤ ਦਿਵਾਕਰ ਨੂੰ ਦੇਣ ਲਈ ਕਿਹਾ ਸੀ। ਜਦੋਂ ਰਵੀ ਬੱਸ ਤੋਂ ਉਤਰਿਆ, ਤਾਂ ਉਸ ਦੇ ਪਿੱਛੇ ਆਏ ਤਿੰਨ ਵਿਅਕਤੀਆਂ ਨੇ ਉਸ ਨੂੰ ਰੋਕਿਆ ਅਤੇ ਪੁੱਛਿਆ ਕਿ ਬੈਗ ਵਿਚ ਕੀ ਹੈ। ਜਦੋਂ ਰਵੀ ਨੇ ਦੱਸਿਆ ਕਿ ਬੈਗ ਵਿਚ ਡਾਲਰ ਹਨ ਤਾਂ ਬਦਮਾਸ਼ਾਂ ਨੇ ਝਪਟਾ ਮਾਰ ਕੇ ਬੈਗ ਖੋਹ ਲਿਆ ।
ਵਾਰਦਾਤ ਨੂੰ ਅੰਜਾਮ ਦੇਣ ਮਗਰੋਂ ਲੁਟੇਰੇ ਪਹਿਲਾਂ ਤੋਂ ਖੜ੍ਹੀ ਇਕ ਚਿੱਟੇ ਰੰਗ ਦੀ ਇਨੋਵਾ ਕਾਰ (ਨੰਬਰ: PB02BN-7718) ਵਿਚ ਸਵਾਰ ਹੋ ਕੇ ਤੇਜ਼ੀ ਨਾਲ ਫ਼ਰਾਰ ਹੋ ਗਏ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਸਰਾਭਾ ਨਗਰ ਦੀ ਪੁਲਸ ਨੇ ਮੁਸਤੈਦੀ ਦਿਖਾਉਂਦੇ ਹੋਏ ਜਾਂਚ ਸ਼ੁਰੂ ਕੀਤੀ ਅਤੇ ਮੁਲਜ਼ਮਾਂ ਦੀ ਪਛਾਣ ਕਰ ਲਈ ਹੈ। ਪੁਲਸ ਮੁਤਾਬਕ ਮੁਲਜ਼ਮਾਂ ਦੇ ਨਾਂ ਹਰਜੀਤ ਸਿੰਘ, ਸਕੱਤਰ ਸਿੰਘ, ਜਸਪਾਲ ਸਿੰਘ, ਸਟੀਫਨ ਅਤੇ ਸਰਬਜੀਤ ਸਿੰਘ ਹਨ ਅਤੇ ਉਨ੍ਹਾਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਚੰਡੀਗੜ੍ਹ ਦੇ ਸਕੂਲਾਂ 'ਚ ਵੱਧ ਗਈਆਂ ਛੁੱਟੀਆਂ, ਸਿੱਖਿਆ ਵਿਭਾਗ ਵਲੋਂ ਨੋਟੀਫਿਕੇਸ਼ਨ ਜਾਰੀ, ਜਾਣੋ ਹੁਣ ਕਦੋਂ ਖੁੱਲ੍ਹਣਗੇ
NEXT STORY