ਤਪਾ ਮੰਡੀ (ਸ਼ਾਮ, ਗਰਗ)- ਤਪਾ ਪੁਲਸ ਚੌਕੀ ਤੋਂ 100 ਗਜ਼ ਦੂਰ ਸਥਿਤ ਰੂਪ ਚੰਦ ਰੋਡ 'ਤੇ ਲੁਟੇਰਿਆਂ ਨੇ ਇਕ ਦੁਕਾਨਦਾਰ ਅਸ਼ੋਕ ਕੁਮਾਰ ਸਿੰਗਲਾ ਤੋਂ ਨਕਦੀ ਲੁੱਟਣ ਦੀ ਕੋਸ਼ਿਸ਼ ਕੀਤੀ। ਜਦੋਂ ਉਸ ਨੇ ਨਕਦੀ ਨਹੀਂ ਦਿੱਤੀ ਤਾਂ ਲੁਟੇਰਿਆੰ ਨੇ ਇਸ ਨੂੰ ਕਿਰਚਾਂ ਮਾਰ ਕੇ ਜ਼ਖ਼ਮੀ ਕਰ ਦਿੱਤਾ। ਉਸ ਨੇ ਦਲੇਰੀ ਨਾਲ ਲੁਟੇਰਿਆਂ ਦਾ ਮੁਕਾਬਲਾ ਕੀਤਾ ਤੇ ਨਕਦੀ ਦਾ ਬੈਗ ਲੁੱਟੇ ਜਾਣ ਤੋਂ ਬਚਾ ਲਿਆ। ਰੌਲ਼ਾ ਪੈਣ 'ਤੇ ਲੁਟੇਰੇ ਮੌਕੇ ਤੋਂ ਫ਼ਰਾਰ ਹੋ ਗਏ।
ਜ਼ਖ਼ਮੀ ਅਸੋਕ ਕੁਮਾਰ ਨੂੰ ਪ੍ਰਾਈਵੇਟ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ, ਜਿੱਥੇ ਉਸ ਦੇ 15-16 ਟਾਂਕੇ ਲਗਾਏ ਗਏ। ਰੋਸ ਵਿਚ ਆਏ ਮੁਹੱਲਾ ਨਿਵਾਸੀਆਂ ਨੇ ਪੁਲਸ ਪ੍ਰਸ਼ਾਸਨ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਪਿਛਲੀਆਂ ਅਤੇ ਇਸ ਵਾਰਦਾਤ ਨੂੰ ਲੈ ਕੇ ਵਪਾਰੀਆਂ ਅੰਦਰ ਰੋਸ ਭੜਕ ਉੱਠਿਆ ਤੇ ਇਲਾਕੇ ਵਿਚ ਵਾਪਰਦੀਆਂ ਲੁੱਟਾਂ-ਖੋਹਾਂ, ਚੋਰੀਆਂ, ਮਾਰਕੁੱਟ ਅਤੇ ਝਪਟਮਾਰੀ ਦੀਆਂ ਘਟਨਾਵਾਂ ਵਧਣ ਕਾਰਨ ਮੰਡੀ ਦੇ ਸਾਰੇ ਕਾਰੋਬਾਰੀਆਂ ਨੇ ਦੁਕਾਨਾਂ ਬੰਦ ਕਰ ਕੇ ਅੱਗਰਵਾਲ ਧਰਮਸ਼ਾਲਾ ਵਿਚ ਇਕੱਠੇ ਹੋ ਕੇ ਰੋਸ ਪ੍ਰਦਰਸ਼ਨ ਕੀਤਾ।
ਵੱਖ-ਵੱਖ ਅਦਾਰਿਆਂ ਦੇ ਆਗੂਆਂ ਵਪਾਰ ਮੰਡਲ ਦੇ ਪ੍ਰਧਾਨ ਦੀਪਕ ਬਾਂਸਲ,ਅਗ੍ਰਵਾਲ ਸਭਾ ਦੇ ਪ੍ਰਧਾਨ ਮਦਨ ਲਾਲ ਗਰਗ,ਕੌਸਲਰ ਤਰਲੋਚਨ ਬਾਂਸਲ,ਜਵਾਹਰ ਲਾਲ ਕਾਂਸਲ,ਲਵਲੀ ਮਹਿਰਾਜ ਵਾਲਾ,ਪਵਨ ਕੁਮਾਰ ਅਰੋੜਾ,ਸਾਬਕਾ ਕੌਸਲਰ ਬੁੱਧ ਰਾਮ ਕਾਲਾ ਢਿਲਵਾਂ,ਚੇਅਰਮੈਨ ਸੰਦੀਪ ਕੁਮਾਰ ਵਿੱਕੀ ਨੇ ਸਿਵਲ ਅਤੇ ਪੁਲਸ ਪ੍ਰਸ਼ਾਸਨ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਸ਼ਹਿਰ ਵਿਚ ਪਿਛਲੇ ਤਿੰਨ ਚਾਰ ਮਹੀਨਿਆਂ ਤੋਂ ਲਗਾਤਾਰ ਲੁੱਟ ਖੋਹ, ਵਾਹਨਾਂ ਅਤੇ ਦੁਕਾਨਾਂ ਦੀਆਂ ਚੋਰੀਆਂ ਅਤੇ ਝੱਪਟਮਾਰੀ ਦੀਆਂ ਘਟਨਾਵਾਂ ਨੇ ਆਮ ਲੋਕਾਂ ਦਾ ਜੀਵਨ ਦੁੱਭਰ ਕਰ ਰੱਖਿਆ ਹੈ। ਉਨ੍ਹਾਂ ਕਿਹਾ ਕਿ ਜੇ ਇਨ੍ਹਾਂ ਵਾਰਦਾਤਾਂ ਨੂੰ ਨਾ ਰੋਕਿਆ ਗਿਆ ਤਾਂ ਮੰਡੀ ਲੰਬੇ ਸਮੇਂ ਲਈ ਬੰਦ ਰੱਖੀ ਜਾਵੇਗੀ।
ਹਾਲਾਤ ਨੂੰ ਦੇਖਦਿਆਂ ਐੱਸ.ਪੀ(ਡੀ) ਬਰਨਾਲਾ, ਡੀ.ਐੱਸ.ਪੀ ਤਪਾ ਗੁਰਪ੍ਰੀਤ ਸਿੰਘ ਸਿਧੂ,ਥਾਣਾ ਮੁੱਖੀ ਤਪਾ ਸਰੀਫ ਖਾਂ, ਥਾਣਾ ਮੁਖੀ ਰੂੜੇਕੇਕਲਾਂ ਜਸਵਿੰਦਰ ਸਿੰਘ ਆਦਿ ਵਪਾਰੀਆਂ ਦੇ ਗੁੱਸੇ ਨੂੰ ਸ਼ਾਂਤ ਕਰਨ ਲਈ ਅਗ੍ਰਵਾਲ ਧਰਮਸ਼ਾਲਾ ਵਿਚ ਪਹੁੰਚੇ। ਉਨ੍ਹਾਂ ਵਪਾਰ ਮੰਡਲ ਦੇ ਆਗੂਆਂ ਨੂੰ ਵਿਸ਼ਵਾਸ ਦਿਵਾਇਆ ਕਿ ਦੋਸ਼ੀਆਂ ਨੂੰ 24 ਘੰਟਿਆਂ ਦੇ ਅੰਦਰ-ਅੰਦਰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਵਪਾਰੀਆਂ ਦੇ ਰੋਸ ਨੂੰ ਦੇਖਦਿਆਂ ਹਲਕਾ ਵਿਧਾਇਆ ਲਾਭ ਸਿੰਘ ਉਗੋਕੇ ਵੀ ਮੌਕੇ 'ਤੇ ਪਹੁੰਚ ਗਏ। ਵਿਧਾਇਕ ਨੇ ਪੁਲਸ ਨੂੰ ਕਿਹਾ ਕਿ ਇਲਾਕੇ ਵਿਚ ਅਮਨ ਸ਼ਾਂਤੀ ਦੀ ਬਹਾਲੀ ਲਈ ਅਪਣੀ ਜਿੰਮੇਵਾਰੀ ਨੂੰ ਸਮਝਿਆਂ ਜਾਵੇ ਤਾਂ ਪੁਲਸ ਨੇ ਵਿਸ਼ਵਾਸ ਦਿਵਾਇਆ ਕਿ ਸ਼ਹਿਰ ਅਤੇ ਇਲਾਕੇ 24 ਘੰਟੇ ਪੁਲਸ ਦੀ ਗਸ਼ਤ ਵਧਾ ਦਿੱਤੀ ਜਾਵੇਗੀ ਅਤੇ ਸ਼ਹਿਰ ਵਿਚ ਚਾਰ ਸੰਵੇਦਨਸ਼ੀਲ ਥਾਵਾਂ 'ਤੇ ਨਾਕੇ ਅੱਜ ਤੋਂ ਹੀ ਲਗਾ ਦਿੱਤੇ ਜਾਣਗੇ, ਜੋ 6 ਵਜੇ ਤੋਂ ਰਾਤ ਦੇ 9 ਵਜੇ ਤੱਕ ਪੂਰੀ ਨਿਗਰਾਨੀ ਰੱਖਣਗੇ। ਪੁਲਸ ਦੀਆਂ ਚਾਰ ਟੀਮਾਂ ਇਸ ਵਾਰਦਾਤ ਨੂੰ ਟਰੇਸ ਕਰਨ ‘ਚ ਲੱਗੀਆਂ ਹੋਈਆਂ ਹਨ।
ਸਾਬਕਾ ਕੌਸਲਰ ਗੁਰਮੀਤ ਸਿੰਘ ਰੌੜ ਨੇ ਵੀ ਸੰਬੋਧਨ ਕਰਦਿਆਂ ਬੀਤੀ ਰਾਤ ਹੋਈ ਘਟਨਾ ਦੀ ਨਿੰਦਾ ਕੀਤੀ ਅਤੇ ਕਿਹਾ ਕਿ ਰਾਤ ਸਮੇਂ ਉਨ੍ਹਾਂ ਦੇ ਖੇਤਾਂ ‘ਚੋਂ ਚੋਰਾਂ ਦਾ ਗਿਰੋਹ ਟਰਾਂਸਫਾਰਮਰਾਂ ਅਤੇ ਕੇਬਲਾਂ ਵੱਢ ਕੇ ਲੈ ਜਾਂਦੇ ਹਨ, ਪਰ ਪੁਲਸ ਅਜੇ ਤੱਕ ਚੋਰਾਂ ਨੂੰ ਫੜਨ ‘ਚ ਨਾਕਾਮ ਹੈ। ਵਪਾਰੀਆਂ ਨੇ ਵਿਧਾਇਕ ਦੀ ਹਾਜ਼ਰੀ ਵਿਚ ਇਹ ਵੀ ਸ਼ਿਕਾਇਤਾਂ ਕੀਤੀਆਂ ਕਿ ਹਰ ਰੋਜ਼ ਅਜਿਹੀਆਂ ਵਾਰਦਾਤਾਂ ਤੋਂ ਲੋਕ ਅੱਕ ਚੁੱਕੇ ਹਨ, ਆਮ ਲੋਕਾਂ ਅਤੇ ਔਰਤਾਂ ਨੂੰ ਬਾਹਰ ਨਿਕਲਣਾ ਦੁੱਭਰ ਹੋ ਗਿਆ ਹੈ, ਕਿਉਂਕਿ ਝਪਟਮਾਰ ਗਲੀ ‘ਚ ਬੈਠੀਆਂ ਔਰਤਾਂ ਦੀ ਚੈਨੀਆਂ ਲਾਹੁਣ ਦੀਆਂ ਵਾਰਦਾਤਾਂ ਕਰਨ ਤੋਂ ਵੀ ਸੰਕੋਚ ਨਹੀਂ ਕਰਦੇ।
ਪੁਲਸ ਦੇ ਭਰੋਸੇ ਮਗਰੋਂ ਧਰਨਾ ਮੁਲਤਵੀ
ਐੱਸ.ਪੀ(ਡੀ) ਨੇ ਵਿਸ਼ਵਾਸ ਦਿਵਾਇਆ ਕਿ ਕਿਸੇ ਵੀ ਵਪਾਰੀ ਨਾਲ ਧੱਕਾ ਨਹੀਂ ਹੋਣ ਦਿੱਤਾ ਜਾਵੇਗਾ। ਇਸ ਰੋਸ ਧਰਨੇ ਵਿਚ ਡਾ.ਬਾਲ ਚੰਦ ਬਾਂਸਲ,ਆੜ੍ਹਤੀਆ ਐਸੋਸ਼ੀਏਸ਼ਨ ਵੱਲੋਂ ਮੁਨੀਸ਼ ਬਾਂਸਲ,ਡਾ.ਸੁਰੇਸ਼ ਕਾਂਤ ਸ਼ਰਮਾ,ਡਾ.ਨਰੇਸ਼ ਬਾਂਸਲ,ਰਵਿੰਦਰ ਘੁੰਨਸ,ਬੱਬੂ ਬਡਬਰੀਆ,ਸੋਮ ਨਾਥ ਸ਼ਰਮਾ,ਮਿੰਟਾ ਸੂਦ,ਅਸ਼ਵਨੀ ਬਹਾਵਲਪੁਰੀਆ,ਅਤੁਲ ਕੁਮਾਰ,ਸੋਮ ਨਾਥ ਪੱਖੋ,ਦਰਸ਼ਨ ਸਿੰਘ ਸਵਰਨਕਾਰ ਆਦਿ ਵੱਡੀ ਗਿਣਤੀ ‘ਚ ਵਪਾਰੀ ਹਾਜਰ ਸਨ। ਵਪਾਰੀਆਂ ਨੇ ਪੁਲਸ ਦੇ ਵਿਸ਼ਵਾਸ ਤੋਂ ਧਰਮਸ਼ਾਲਾ ਵਿਚ ਲਾਇਆ ਧਰਨਾ ਮੁਲਤਵੀ ਕਰ ਦਿੱਤਾ ਹੈ।
ਚੰਡੀਗੜ੍ਹ 'ਚ ਘਰ ਬਾਹਰ ਖੇਡਦੇ 2 ਬੱਚੇ ਲਾਪਤਾ, ਭਾਲ 'ਚ ਜੁੱਟੀ ਪੁਲਸ ਨੇ ਲੋਕਾਂ ਨੂੰ ਕੀਤੀ ਅਪੀਲ
NEXT STORY