ਲੁਧਿਆਣਾ (ਮਨੀ): ਪੰਜਾਬ ਕਾਂਗਰਸ ਪ੍ਰਧਾਨ ਅਤੇ ਲੁਧਿਆਣਾ ਤੋ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕੇਂਦਰ ਸਰਕਾਰ ਵੱਲੋਂ ਮਨਰੇਗਾ ਸਕੀਮ ਨੂੰ ਬੰਦ ਕਰਨ ਖ਼ਿਲਾਫ਼ ਅੱਜ ਸਥਾਨਕ ਬੱਚਤ ਭਵਨ ਵਿਖੇ ਇਕ ਪ੍ਰੈੱਸ ਕਾਨਫਰਸ ਨੂੰ ਸੰਬੋਧਨ ਕੀਤਾ। ਵੜਿੰਗ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਮਨਰੇਗਾ ਦੀ ਜਗ੍ਹਾ ਕੋਈ ਹੋਰ ਸਕੀਮ ਲਿਆ ਕੇ ਦੇਸ਼ ਦੇ ਕਰੋੜਾਂ ਲੋਕਾਂ ਨੂੰ ਰੁਜ਼ਗਾਰ ਤੋਂ ਵਾਂਝਾ ਕੀਤਾ ਜਾ ਰਿਹਾ ਹੈ।
ਰਾਜਾ ਵੜਿੰਗ ਨੇ ਇਹ ਵੀ ਕਿਹਾ ਕਿ ਇਸ ਵੇਲੇ ਜਿੱਥੇ ਇਸ ਸਕੀਮ ਵਿਚ ਕੇਂਦਰ ਦੀ 90 ਤੇ ਸੂਬਾ ਸਰਕਾਰ ਦੀ 10 ਫ਼ੀਸਦੀ ਫੰਡਿੰਗ ਦੀ ਹਿੱਸੇਦਾਰੀ ਹੈ, ਉਦੋਂ ਵੀ ਪੰਜਾਬ ਵਿਚ ਮਜ਼ਦੂਰਾਂ ਨੂੰ ਨਿਰਧਾਰਤ ਦਿਨ ਰੋਜ਼ਗਾਰ ਨਹੀਂ ਮਿਲਿਆ, ਉੱਥੇ ਹੀ ਹੁਣ ਇਸ ਅਨੁਪਾਤ ਨੂੰ ਬਦਲ ਕੇ 60:40 ਕਰ ਦਿੱਤਾ ਗਿਆ ਹੈ। ਉਨ੍ਹਾਂ ਨੇ ਦਾਅਵਾ ਕੀਤਾ ਕਿ ਮਨਰੇਗਾ ਤਹਿਤ ਲੋਕਾਂ ਨੂੰ 100 ਦਿਨ ਦਾ ਰੁਜ਼ਗਾਰ ਹਾਸਲ ਕਰਨ ਦਾ ਹੱਕ ਸੀ, ਲੇਕਿਨ ਨਵੀਂ ਸਕੀਮ ਤਹਿਤ ਕੇਂਦਰ ਵੱਲੋਂ ਸੂਬਾ ਸਰਕਾਰ ਨੂੰ ਫੰਡ ਦੇ ਕੇ ਉਸ ਦੇ ਤਹਿਤ ਕੰਮ ਕਰਵਾਉਣ ਲਈ ਕਿਹਾ ਜਾਵੇਗਾ। ਸੰਭਾਵਤ ਤੌਰ 'ਤੇ ਇਸ ਨਾਲ ਭਾਜਪਾ ਸ਼ਾਸਤ ਸੂਬਿਆਂ ਨੂੰ ਵੱਧ ਫੰਡ ਮਿਲਣਗੇ। ਉਨ੍ਹਾਂ ਨੇ ਮਨਰੇਗਾ ਸਕੀਮ ਨੂੰ ਬੰਦ ਕਰਨਾ ਖ਼ਿਲਾਫ਼ 8 ਜਨਵਰੀ ਤੋ ਪੰਜਾਬ ਅੰਦਰ ਮੁਹਿੰਮ ਸ਼ੁਰੂ ਕਰਨ ਦਾ ਐਲਾਨ ਵੀ ਕੀਤਾ।
ਰਾਜਾ ਵੜਿੰਗ ਨੇ ਕਿਹਾ ਕਿ ਪਹਿਲੇ 6 ਦਿਨ ਗੁਰਦਸਾਪਰੁ, ਟਾਂਡਾ, ਬਲਾਚੌਰ, ਸਮਰਾਲਾ, ਰਾਜਪੁਰਾ, ਸੰਗਰੂਰ, ਭੁੱਚੋ ਤੇ ਬਾਘਾਪੁਰਾਣਾ, ਗੁਰੂ ਹਰ ਸਹਾਏ ਤੇ ਖਡੂਰ ਸਾਹਿਬ ਵਿਚ ਯਾਤਰਾ ਤੇ ਸੰਮੇਲਨ ਕੀਤੇ ਜਾਣਗੇ ਤੇ ਇਹ ਮੁਹਿੰਮ ਆਉਣ ਵਾਲੇ ਦਿਨਾਂ ਵਿਚ ਬਾਕੀ ਸ਼ਹਿਰਾਂ ਵਿਚ ਵੀ ਚੱਲੇਗੀ। ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਤੇ ਭਾਰਤੀ ਜਨਤਾ ਪਾਰਟੀ ਦੇ ਲੀਡਰਾਂ ਦੇ ਘਰਾਂ ਦਾ ਘਿਰਾਓ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਕਾਂਗਰਸ ਮਨਰੇਗਾ ਸਕੀਮ ਨੂੰ ਬਹਾਲ ਕਰਵਾਉਣ ਲਈ ਸੰਘਰਸ਼ ਕਰਦੀ ਰਹੇਗੀ।
ਹੈਰੋਇਨ ਤੇ ਪਾਬੰਦੀਸ਼ੁਦਾ ਪਦਾਰਥਾਂ ਸਮੇਤ ਫੜ੍ਹੇ 6 ਦੋਸ਼ੀ
NEXT STORY