ਪਟਿਆਲਾ (ਰਾਜੇਸ਼ ਪੰਜੌਲਾ)- ਪੰਜਾਬ ਕਾਂਗਰਸ ਦੇ ਭੀਸ਼ਮਪਿਤਾਮਾ ਅਤੇ ਕਾਂਗਰਸ ਦੇ ਬ੍ਰੇਨ ਸਮਝੇ ਜਾਣ ਵਾਲੇ ਸਾਬਕਾ ਖਜ਼ਾਨਾ ਮੰਤਰੀ, ਸਾਬਕਾ ਪੰਜਾਬ ਕਾਂਗਰਸ ਦੇ ਪ੍ਰਧਾਨ ਲਾਲ ਸਿੰਘ ਨੇ ਦਿੱਲੀ ਪਹੁੰਚ ਕੇ ਕਾਂਗਰਸ ਦੇ ਕੌਮੀ ਲੀਡਰ ਅਤੇ ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ।
ਸੂਤਰਾਂ ਅਨੁਸਾਰ ਦੋਨੋਂ ਆਗੂਆਂ ’ਚ ਪੰਜਾਬ ਦੀ ਸਿਆਸਤ ਨੂੰ ਲੈ ਕੇ ਗੰਭੀਰ ਚਰਚਾ ਹੋਈ। ਪੰਜਾਬ ਦੀ ਮੌਜੂਦਾ ਕਾਂਗਰਸੀ ਸਿਆਸਤ ’ਚ ਲਾਲ ਸਿੰਘ ਸਭ ਤੋਂ ਪੁਰਾਣੇ ਲੀਡਰ ਹਨ, ਜਿਨ੍ਹਾਂ ਨੇ 1977 ਤੋਂ ਬਾਅਦ ਦੇ ਪੰਜਾਬ ਦੇ ਸਮੁੱਚੇ ਕਾਂਗਰਸੀ ਮੁੱਖ ਮੰਤਰੀਆਂ ਨਾਲ ਬਤੌਰ ਕੈਬਨਿਟ ਮੰਤਰੀ ਕੰਮ ਕੀਤਾ ਹੈ। ਉਨ੍ਹਾਂ ਕੋਲ ਕਾਂਗਰਸੀ ਸਿਆਸਤ ਦਾ 50 ਸਾਲ ਦਾ ਤਜ਼ਰਬਾ ਹੈ। ਇਸ ਦੌਰਾਨ ਕਾਂਗਰਸ ’ਚ ਕਈ ਵਾਰ ਭੰਨ-ਤੋੜ ਹੋਈ ਅਤੇ ਕਾਂਗਰਸ ’ਚੋਂ ਨਿਕਲ ਕੇ ਕਦੇ ਤਿਵਾੜੀ ਕਾਂਗਰਸ, ਕਦੇ ਐੱਨ. ਸੀ. ਪੀ. ਵਰਗੀਆਂ ਪਾਰਟੀਆਂ ਬਣੀਆਂ ਪਰ ਲਾਲ ਸਿੰਘ ਇਕ ਅਜਿਹੇ ਲੀਡਰ ਹਨ, ਜੋ ਹਮੇਸ਼ਾ ਗਾਂਧੀ ਪਰਿਵਾਰ ਦੀ ਅਗਵਾਈ ਵਾਲੀ ਕਾਂਗਰਸ ਨਾਲ ਖੜ੍ਹੇ ਰਹੇ। ਇਸੇ ਕਾਰਨ ਸੋਨੀਆ ਗਾਂਧੀ, ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਲਾਲ ਸਿੰਘ ਦਾ ਬਹੁਤ ਜ਼ਿਆਦਾ ਸਨਮਾਨ ਕਰਦੇ ਹਨ। ਲਾਲ ਸਿੰਘ ਵੀ ਹਮੇਸ਼ਾ ਕਾਂਗਰਸ ਦੀ ਚੜ੍ਹਦੀਕਲਾ ਲਈ ਪਾਰਟੀ ਹਾਈਕਮਾਂਡ ਨੂੰ ਸਲਾਹ ਦਿੰਦੇ ਹਨ।

ਕਾਂਗਰਸ ਪਾਰਟੀ ਦਾ ਤਰਨਤਾਰਨ ਉੱਪ ਚੋਣ ’ਚ ਚੌਥੇ ਨੰਬਰ ’ਤੇ ਪਹੁੰਚਣਾ ਕਾਂਗਰਸ ਲਈ ਬੇਹੱਦ ਚਿੰਤਾਜਨਕ ਹੈ। ਮੌਜੂਦਾ ਰਾਜਨੀਤਕ ਵਾਤਾਵਰਣ ’ਚ ਲੋਕ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਬੇਹੱਦ ਦੁੱਖੀ ਹਨ। ਅਕਾਲੀ ਦਲ ਫਿਰ ਤੋਂ ਖੜ੍ਹਾ ਹੋਣ ਲਈ ਬਹੁਤ ਜ਼ੋਰ ਲਾ ਰਿਹਾ ਹੈ ਪਰ ਅਜੇ ਤੱਕ ਉਸ ਨੂੰ ਸਫਲਤਾ ਨਹੀਂ ਮਿਲੀ, ਜਦੋਂ ਕਿ ਭਾਜਪਾ ਦੀ ਕੇਂਦਰ ਸਰਕਾਰ ਵੱਲੋਂ ਲਗਾਤਾਰ ਅਜਿਹੇ ਫੈਸਲੇ ਕੀਤੇ ਜਾ ਰਹੇ ਹਨ, ਜਿਸ ਕਾਰਨ ਪੰਜਾਬ ’ਚ ਉਸ ਦਾ ਸਿਆਸੀ ਨੁਕਸਾਨ ਹੋ ਜਾਂਦਾ ਹੈ। ਅਜਿਹੇ ’ਚ ਲਾਲ ਸਿੰਘ ਵਰਗੇ ਆਗੂਆਂ ਦਾ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਨਾ ਸਪੱਸ਼ਟ ਕਰਦਾ ਹੈ ਕਿ ਕਾਂਗਰਸ ਪਾਰਟੀ ਪੰਜਾਬ ਨੂੰ ਲੈ ਕੇ ਬੇਹੱਦ ਗੰਭੀਰ ਹੈ।
ਮੌਜੂਦਾ ਸਮੇਂ ਲਾਲ ਸਿੰਘ ਇਕਮਾਤਰ ਅਜਿਹੇ ਲੀਡਰ ਹਨ, ਜਿਹੜੇ ਪੰਜਾਬ ਦੇ ਸਮੁੱਚੇ 117 ਹਲਕਿਆਂ ਦੀ ਸਿਆਸਤ ਨੂੰ ਬਾਖੂਬੀ ਜਾਣਦੇ ਹਨ। ਅਜਿਹੇ ’ਚ ਪਾਰਟੀ ਲਾਲ ਸਿੰਘ ਦੇ ਤਜ਼ਰਬੇ ਦਾ ਲਾਭ ਲੈਣਾ ਚਾਹੁੰਦੀ ਹੈ ਕਿਉਂਕਿ 2027 ਦੀਆਂ ਵਿਧਾਨ ਸਭਾ ਚੋਣਾਂ ’ਚ ਬਹੁਤ ਘੱਟ ਸਮਾਂ ਰਹਿ ਗਿਆ ਹੈ। ਸਮੁੱਚੀਆਂ ਰਾਜਨੀਤਕ ਪਾਰਟੀਆਂ ਨੇ ਆਪਣੀਆਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ। ਆਮ ਆਦਮੀ ਪਾਰਟੀ ਵੱਲੋਂ ਜਿੱਥੇ ਵਿਕਾਸ ਕਾਰਜਾਂ ਲਈ ਗ੍ਰਾਂਟਾਂ ਵੰਡੀਆਂ ਜਾ ਰਹੀਆਂ ਹਨ, ਉੱਥੇ ਹੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ 350 ਸਾਲਾ ਸ਼ਹੀਦੀ ਸਮਾਗਮ ਵੱਡੇ ਪੱਧਰ ’ਤੇ ਮਨਾ ਕੇ ਅਕਾਲੀ ਦਲ ਤੋਂ ਪੰਥਕ ਵੋਟ ਬੈਂਕ ਖੋਹਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਇਸ ਸਮੇਂ ਕਾਂਗਰਸ ਵੱਲੋਂ ਪੰਜਾਬ ’ਚ ਸੰਗਠਨ ਸਿਰਜਨ ਮੁਹਿੰਮ ਚਲਾਈ ਜਾ ਰਹੀ ਹੈ। ਸਾਰੇ ਜ਼ਿਲਿਆਂ ਦੇ ਪ੍ਰਧਾਨ ਨਵੇਂ ਬਣਾ ਦਿੱਤੇ ਹਨ। ਹੁਣ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਪੁਨਰਗਠਨ ਵੀ ਹੋਣਾ ਹੈ ਅਤੇ ਪੰਜਾਬ ਨੂੰ ਨਵਾਂ ਸੂਬਾ ਪ੍ਰਧਾਨ ਮਿਲਣਾ ਹੈ। ਅਜਿਹੇ ’ਚ ਲਾਲ ਸਿੰਘ ਵਰਗੇ ਆਗੂ ਦਾ ਹਾਈਕਮਾਂਡ ਨੂੰ ਮਿਲਣਾ ਪੰਜਾਬ ਦੀ ਕਾਂਗਰਸ ਰਾਜਨੀਤੀ ’ਚ ਬੇਹੱਦ ਅਹਿਮ ਮੰਨਿਆ ਜਾ ਰਿਹਾ ਹੈ।
ਕੁੜੀ ਨੂੰ ਪੱਕੇ ਤੌਰ ’ਤੇ ਕੈਨੇਡਾ ਭੇਜਣ ਦਾ ਝਾਂਸਾ ਦੇ ਕੇ 25 ਲੱਖ ਠੱਗੇ
NEXT STORY