ਚੰਡੀਗੜ੍ਹ (ਅੰਕੁਰ): ਕਾਂਗਰਸ ਅੰਦਰ ਉਸ ਸਮੇਂ ਸਿਆਸੀ ਤਣਾਅ ਚਰਮ ’ਤੇ ਪਹੁੰਚ ਗਿਆ ਜਦੋਂ ਡਾ. ਨਵਜੋਤ ਕੌਰ ਸਿੱਧੂ ਨੇ ਟਿਕਟਾਂ ਦੀ ਵੇਚ-ਖ਼ਰੀਦ ਤੇ ਪੈਸੇ ਦੇ ਲੈਣ-ਦੇਣ ਨੂੰ ਲੈ ਕੇ ਪਾਰਟੀ ਦੇ ਕਈ ਸੀਨੀਅਰ ਨੇਤਾਵਾਂ ’ਤੇ ਗੰਭੀਰ ਦੋਸ਼ ਲਾਏ। ਉਨ੍ਹਾਂ ਦੇ ਦੋਸ਼ਾਂ ਤੋਂ ਬਾਅਦ ਪਾਰਟੀ ਦੇ ਚਾਰ ਨੇਤਾ ਹੁਣ ਤੱਕ ਉਨ੍ਹਾਂ ਨੂੰ ਕਾਨੂੰਨੀ ਨੋਟਿਸ ਭੇਜ ਚੁੱਕੇ ਹਨ ਜਦਕਿ ਕਈ ਹੋਰ ਨੇਤਾਵਾਂ ਨੇ ਦੋਸ਼ਾਂ ਨੂੰ ਰੱਦ ਕਰਦਿਆਂ ਚੁੱਪੀ ਨੂੰ ਹੀ ਤਰਜੀਹ ਦਿੱਤੀ ਹੈ। ਡਾ. ਸਿੱਧੂ ਦਾ ਦਾਅਵਾ ਹੈ ਕਿ ਰਾਜਸਥਾਨ, ਪੰਜਾਬ ਤੇ ਖ਼ਾਸ ਤੌਰ ’ਤੇ ਤਰਨਤਾਰਨ ’ਚ ਟਿਕਟ ਲਈ ਵੱਡੇ ਪੱਧਰ ’ਤੇ ‘ਡੀਲ’ ਹੋਈ। ਉਨ੍ਹਾਂ ਕਿਹਾ ਕਿ 5 ਕਰੋੜ ਅਤੇ 10 ਕਰੋੜ ਦੇ ਲੈਣ-ਦੇਣ ਨਾਲ ਟਿਕਟਾਂ ਵੰਡੀਆਂ ਗਈਆਂ। ਇਸ ਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਦਾਅਵਾ ਕੀਤਾ ਕਿ ਕੁਝ ਨੇਤਾ ਪੈਸੇ ਦੇ ਕੇ ਕਾਂਗਰਸ ’ਚ ਸ਼ਾਮਲ ਹੋਏ।
ਉਨ੍ਹਾਂ ਵੱਲੋਂ ਬਿਆਨ ਦੇਣ ਤੋਂ ਤੁਰੰਤ ਬਾਅਦ ਹੀ ਕਾਂਗਰਸ ਦੀਆਂ ਜ਼ਿਲ੍ਹਾ ਅਤੇ ਰਾਜ ਇਕਾਈਆਂ ਵੱਲੋਂ ਉਨ੍ਹਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਦੀ ਤਿਆਰੀ ਸ਼ੁਰੂ ਹੋ ਗਈ ਸੀ। ਸਭ ਤੋਂ ਪਹਿਲਾਂ ਤਰਨਤਾਰਨ ਤੋਂ ਜ਼ਿਮਨੀ ਚੋਣਾਂ ਲਈ ਪਾਰਟੀ ਦੇ ਉਮੀਦਵਾਰ ਕਰਨਵੀਰ ਸਿੰਘ ਬੁਰਜ ਨੇ ਉਨ੍ਹਾਂ ਨੂੰ ਕਾਨੂੰਨੀ ਨੋਟਿਸ ਭੇਜਿਆ। ਉਨ੍ਹਾਂ ’ਤੇ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਕਾਂਗਰਸ ਵਿਧਾਇਕ ਦਲ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੂੰ 10 ਕਰੋੜ ਰੁਪਏ ਦਿੱਤੇ। ਇਹ ਦੋਸ਼ ਪੂਰੀ ਤਰ੍ਹਾਂ ਨਕਾਰਦਿਆਂ ਬੁਰਜ ਨੇ ਇਸ ਨੂੰ ਆਪਣੀ ਮਾਣਹਾਨੀ ਦੱਸਿਆ ਅਤੇ ਕਿਹਾ ਕਿ ਸੱਤ ਦਿਨਾਂ ਅੰਦਰ ਡਾ.ਸਿੱਧੂ ਨੇ ਮਾਫ਼ੀ ਨਾ ਮੰਗੀ ਤਾਂ ਕਾਨੂੰਨੀ ਕਾਰਵਾਈ ਹੋਰ ਤਿੱਖੀ ਹੋਵੇਗੀ। ਦੂਜੇ ਪਾਸੇ ਤਰਨਤਾਰਨ ਦੇ ਜ਼ਿਲ੍ਹਾ ਪ੍ਰਧਾਨ ਰਾਜਬੀਰ ਸਿੰਘ ਭੁੱਲਰ ਨੇ ਵੀ ਡਾ. ਸਿੱਧੂ ਨੂੰ ਨੋਟਿਸ ਭੇਜਿਆ ਹੈ। ਉਨ੍ਹਾਂ ਕਿਹਾ ਕਿ ਸਿੱਧੂ ਨੇ ਉਨ੍ਹਾਂ ਖ਼ਿਲਾਫ਼ ਗ਼ਲਤ ਅਤੇ ਤੱਥਾਂ ਤੋਂ ਰਹਿਤ ਦੋਸ਼ ਲਾਏ ਹਨ। ਉਨ੍ਹਾਂ ਕਿਹਾ ਕਿ ਸਿੱਧੂ ਦੇ ਬਿਆਨ ਲੋਕਾਂ ਦੇ ਮਨ ’ਚ ਗ਼ਲਤਫਹਿਮੀਆਂ ਪੈਦਾ ਕਰਦੇ ਹਨ ਅਤੇ ਪਾਰਟੀ ਦੇ ਅਕਸ ਨੂੰ ਨੁਕਸਾਨ ਪਹੁੰਚਾਉਂਦੇ ਹਨ।
ਕਾਂਗਰਸ ’ਚ ਸ਼ਾਮਲ ਹੋਏ ਅਤੇ ਮਾਝੇ ਦਾ ਵੱਡਾ ਹਿੰਦੂ ਚਿਹਰਾ ਮੰਨੇ ਜਾਂਦੇ ਅਨਿਲ ਜੋਸ਼ੀ ’ਤੇ ਵੀ ਡਾ. ਸਿੱਧੂ ਨੇ ਪੈਸੇ ਦੇ ਕੇ ਪਾਰਟੀ ’ਚ ਸ਼ਾਮਲ ਹੋਣ ਦੇ ਦੋਸ਼ ਲਾਏ। ਜੋਸ਼ੀ ਨੇ ਇਨ੍ਹਾਂ ਦੋਸ਼ਾਂ ਨੂੰ ਬੇਬੁਨਿਆਦ ਦੱਸਦਿਆਂ ਉਨ੍ਹਾਂ ਨੂੰ ਅਪਰਾਧਿਕ ਮਾਣਹਾਨੀ ਦਾ ਨੋਟਿਸ ਭੇਜਿਆ ਹੈ। ਸੁਖਜਿੰਦਰ ਸਿੰਘ ਰੰਧਾਵਾ ’ਤੇ ਉਨ੍ਹਾਂ ਨੇ ਰਾਜਸਥਾਨ ’ਚ ਪੈਸੇ ਲੈ ਕੇ ਟਿਕਟਾਂ ਵੰਡਣ ਦੇ ਦੋਸ਼ ਲਾਏ। ਉਨ੍ਹਾਂ ਨੇ ਵੀ ਉਨ੍ਹਾਂ ਨੂੰ ਕਾਨੂੰਨੀ ਨੋਟਿਸ ਭੇਜ ਕੇ ਸੱਤ ਦਿਨਾਂ ਅੰਦਰ ਮਾਫ਼ੀ ਮੰਗਣ ਲਈ ਕਿਹਾ ਹੈ। ਜਿਉਂ-ਜਿਉਂ ਲੀਗਲ ਨੋਟਿਸਾਂ ਦੀ ਗਿਣਤੀ ਵਧਦੀ ਜਾ ਰਹੀ ਹੈ, ਸਿਆਸੀ ਗਰਮਾਹਟ ਵੀ ਹੋਰ ਤਿੱਖੀ ਹੋ ਰਹੀ ਹੈ।
ਆਪਰੇਟਿੰਗ ਸਿਸਟਮ ’ਚ ਆਈ ਖ਼ਰਾਬੀ ਕਾਰਨ ਇੰਡੀਗੋ ਦੀਆਂ 5 ਉਡਾਣਾਂ ਰੱਦ, 27 ਹੋਈਆਂ ਲੇਟ
NEXT STORY