ਲੁਧਿਆਣਾ: ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਤੇ ਲੁਧਿਆਣਾ ਤੋਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸੂਬੇ ਵਿਚ 'ਮਨਰੇਗਾ ਸੰਗਰਾਮ' ਮੁਹਿੰਮ ਨੂੰ ਜਾਰੀ ਰੱਖਣ ਦਾ ਐਲਾਨ ਕਰਦਿਆਂ ਅੱਗੇ ਦੇ ਪ੍ਰੋਗਰਾਮਾਂ ਦਾ ਐਲਾਨ ਕੀਤਾ ਹੈ। ਇਸ ਮੁਹਿੰਮ ਤਹਿਤ ਕਾਂਗਰਸ ਹਾਈਕਮਾਨ ਵੱਲੋਂ ਨਵਾਂ ਸਰਕੁਲਰ ਭੇਜਿਆ ਗਿਆ ਹੈ, ਜਿਸ ਤਹਿਤ ਹੁਣ ਕਾਂਗਰਸੀ ਆਗੂ ਅਤੇ ਵਰਕਰ ਪਿੰਡ-ਪਿੰਡ ਜਾ ਕੇ ਮਨਰੇਗਾ ਮਜ਼ਦੂਰਾਂ ਨਾਲ ਸਿੱਧਾ ਸੰਪਰਕ ਕਰਨਗੇ। ਇਹ ਪ੍ਰੋਗਰਾਮ 16 ਜਨਵਰੀ ਤੋਂ 25 ਜਨਵਰੀ ਤੱਕ ਚੱਲੇਗਾ। ਵੜਿੰਗ ਨੇ ਕਿਹਾ ਕਿ ਇਹ ਮੁਹਿੰਮ ਸੋਨੀਆ ਗਾਂਧੀ, ਮੱਲਿਕਾਰਜੁਨ ਖੜਗੇ ਅਤੇ ਰਾਹੁਲ ਗਾਂਧੀ ਦੇ ਨਿਰਦੇਸ਼ਾਂ 'ਤੇ ਸ਼ੁਰੂ ਕੀਤੀ ਗਈ ਹੈ ਤੇ ਇਸ ਮੁਹਿੰਮ ਰਾਹੀਂ ਹਾਈਕਮਾਨ ਆਗੂਆਂ ਦੀ ਕਾਰਗੁਜ਼ਾਰੀ ਦਾ ਮੁਲਾਂਕਣ ਵੀ ਕਰੇਗੀ।
ਰਾਜਾ ਵੜਿੰਗ ਨੇ ਦੱਸਿਆ ਕਿ ਹਾਈਕਮਾਨ ਵੱਲੋਂ ਭੇਜੇ ਗਏ ਨਵੇਂ ਸਰਕੁਲਰ ਮੁਤਾਬਕ ਇਸ ਮੁਹਿੰਮ ਤਹਿਤ ਹਰ ਆਗੂ ਨੂੰ ਆਪਣੇ ਇਲਾਕੇ ਦੇ ਘੱਟੋ-ਘੱਟ 10 ਪਿੰਡਾਂ ਵਿਚ ਜਾਣਾ ਹੋਵੇਗਾ। ਰੋਜ਼ਾਨਾ ਇਕ ਪਿੰਡ ਵਿਚ 200 ਤੋਂ 250 ਲੋਕਾਂ ਦੀ ਸਭਾ ਕੀਤੀ ਜਾਵੇਗੀ। ਕਾਂਗਰਸ ਨੇਤਾ ਮਜ਼ਦੂਰਾਂ ਨੂੰ ਮਨਰੇਗਾ ਕਾਨੂੰਨ ਵਿਚ ਕੇਂਦਰ ਸਰਕਾਰ ਵੱਲੋਂ ਕੀਤੀਆਂ ਗਈਆਂ ਤਬਦੀਲੀਆਂ ਬਾਰੇ ਜਾਗਰੂਕ ਕਰਨਗੇ ਅਤੇ ਦੱਸਣਗੇ ਕਿ ਕਿਵੇਂ ਉਨ੍ਹਾਂ ਦਾ ਕੰਮ ਖੋਹਿਆ ਜਾ ਰਿਹਾ ਹੈ। ਆਗੂਆਂ ਨੂੰ ਹਰ ਪਿੰਡ ਵਿੱਚ ਅਜਿਹੇ 20 ਮਜ਼ਦੂਰ ਲੱਭਣ ਲਈ ਕਿਹਾ ਗਿਆ ਹੈ ਜਿਨ੍ਹਾਂ ਕੋਲ ਜੌਬ ਕਾਰਡ ਹੋਣ ਦੇ ਬਾਵਜੂਦ ਕੰਮ ਨਹੀਂ ਮਿਲ ਰਿਹਾ। ਜਿਨ੍ਹਾਂ ਦੇ ਜੌਬ ਕਾਰਡ ਕਿਸੇ ਹੋਰ ਕੋਲ ਹਨ, ਉਨ੍ਹਾਂ ਨੂੰ ਵਾਪਸ ਦਿਵਾਉਣ ਵਿਚ ਮਦਦ ਕੀਤੀ ਜਾਵੇਗੀ। ਇਸ ਤੋਂ ਇਲਾਵਾ ਮਨਰੇਗਾ ਦੇ ਨਵੇਂ ਕਾਨੂੰਨ ਵਿਰੁੱਧ ਪਿੰਡਾਂ ਦੀਆਂ ਗ੍ਰਾਮ ਸਭਾਵਾਂ ਤੋਂ ਮਤੇ ਪਾਸ ਕਰਵਾ ਕੇ ਜ਼ਿਲ੍ਹਾ ਅਤੇ ਸੂਬਾ ਪ੍ਰਧਾਨਾਂ ਨੂੰ ਜਮ੍ਹਾ ਕਰਵਾਏ ਜਾਣਗੇ।
ਇਸ ਪੂਰੀ ਮੁਹਿੰਮ ਦੀ ਨਿਗਰਾਨੀ ਪੰਜਾਬ ਮਾਮਲਿਆਂ ਦੇ ਇੰਚਾਰਜ ਭੁਪੇਸ਼ ਬਘੇਲ ਕਰਨਗੇ। ਆਗੂਆਂ ਨੂੰ ਆਪਣੀਆਂ ਮੀਟਿੰਗਾਂ ਦੀਆਂ ਵੀਡੀਓਜ਼ ਅਤੇ ਫੋਟੋਆਂ ਜ਼ਿਲ੍ਹਾ ਪ੍ਰਧਾਨਾਂ ਨੂੰ ਭੇਜਣੀਆਂ ਹੋਣਗੀਆਂ, ਜੋ ਅੱਗੇ ਸੂਬਾ ਪ੍ਰਧਾਨ ਰਾਹੀਂ ਭੁਪੇਸ਼ ਬਘੇਲ ਅਤੇ ਫਿਰ ਰਾਹੁਲ ਗਾਂਧੀ ਨੂੰ ਪੇਸ਼ ਕੀਤੀਆਂ ਜਾਣਗੀਆਂ। ਰਾਜਾ ਵੜਿੰਗ ਅਨੁਸਾਰ ਇਸ ਨਾਲ ਜਿੱਥੇ ਮਜ਼ਦੂਰਾਂ ਨੂੰ ਫਾਇਦਾ ਹੋਵੇਗਾ, ਉੱਥੇ ਹੀ ਪੇਂਡੂ ਪੱਧਰ 'ਤੇ ਪਾਰਟੀ ਦੀ ਪਕੜ ਮਜ਼ਬੂਤ ਹੋਵੇਗੀ। ਵੜਿੰਗ ਨੇ ਪਾਰਟੀ ਵਰਕਰਾਂ ਨੂੰ ਅਪੀਲ ਕੀਤੀ ਕਿ ਇਹ ਪ੍ਰੋਗਰਾਮ ਸਿਰਫ਼ ਫੋਟੋਆਂ ਖਿਚਵਾਉਣ ਜਾਂ ਵੀਡੀਓ ਬਣਾਉਣ ਤੱਕ ਸੀਮਤ ਨਹੀਂ ਰਹਿਣਾ ਚਾਹੀਦਾ, ਸਗੋਂ ਇਸ ਨੂੰ ਗੰਭੀਰਤਾ ਨਾਲ ਲਿਆ ਜਾਵੇ ਤਾਂ ਜੋ ਪਾਰਟੀ ਦਾ ਸੁਨੇਹਾ ਲੋਕਾਂ ਤੱਕ ਪਹੁੰਚ ਸਕੇ।
GNDU ਦੀ 50ਵੀਂ ਕਾਨਵੋਕੇਸ਼ਨ 'ਚ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਵਿਦਿਆਰਥੀਆਂ ਨੂੰ ਦਿੱਤੀਆਂ ਡਿਗਰੀਆਂ
NEXT STORY