ਪਟਿਆਲਾ (ਸੁਖਮੀਤ): ਬੀਤੇ ਕੱਲ੍ਹ ਤੋਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਅਸਤੀਫ਼ੇ ਦੀ ਪੇਸ਼ਕਸ਼ ਦੀਆਂ ਖ਼ਬਰਾਂ ਨੂੰ ਸੀਨੀਅਰ ਕਾਂਗਰਸੀ ਲੀਡਰ ਤੇ ਸਾਬਕਾ ਕੈਬਨਿਟ ਮੰਤਰੀ ਵਿਜੇਇੰਦਰ ਸਿੰਗਲਾ ਮਹਿਜ਼ ਇਕ 'ਅਫ਼ਵਾਹ' ਕਰਾਰ ਦਿੱਤਾ ਹੈ। ਉਨ੍ਹਾਂ ਸਪਸ਼ਟ ਕੀਤਾ ਹੈ ਕਿ ਨਾ ਤਾਂ ਪਾਰਟੀ ਵੱਲੋਂ ਰਾਜਾ ਵੜਿੰਗ ਤੋਂ ਅਸਤੀਫ਼ਾ ਮੰਗਿਆ ਗਿਆ ਹੈ ਤੇ ਨਾ ਹੀ ਉਨ੍ਹਾਂ ਨੇ ਅਸਤੀਫ਼ਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਰਾਜਾ ਵੜਿੰਗ ਹੀ ਸਾਡੇ ਪ੍ਰਧਾਨ ਹਨ ਤੇ ਅਸੀਂ ਸਾਰੇ ਉਨ੍ਹਾਂ ਨਾਲ ਰਲ਼ ਕੇ ਇਕ ਟੀਮ ਵਾਂਗ ਕੰਮ ਕਰ ਰਹੇ ਹਾਂ।
ਇਕ ਪ੍ਰੈੱਸ ਕਾਨਫ਼ਰੰਸ ਦੌਰਾਨ, ਵਿਜੇਇੰਦਰ ਸਿੰਗਲਾ ਨੇ ਉਨ੍ਹਾਂ ਨੂੰ ਪਾਰਟੀ ਦਾ ਨਵਾਂ ਪ੍ਰਧਾਨ ਬਣਾਏ ਜਾਣ ਦੀਆਂ ਚਰਚਾਵਾਂ 'ਤੇ ਵੀ ਕਿਹਾ ਕਿ ਉਨ੍ਹਾਂ ਨੂੰ ਇਸ ਸਬੰਧੀ ਕੋਈ ਜਾਣਕਾਰੀ ਨਹੀਂ ਹੈ, ਇਹ ਸਭ ਮੀਡੀਆ ਵਿਚ ਹੀ ਚੱਲ ਰਿਹਾ ਹੈ। ਦਿੱਲੀ ਵਿਚ ਹੋਣ ਵਾਲੀ ਮੀਟਿੰਗ ਬਾਰੇ ਪੁੱਛੇ ਜਾਣ 'ਤੇ ਉਨ੍ਹਾਂ ਕਿਹਾ ਕਿ ਉਹ ਨਾ ਤਾਂ ਦਿੱਲੀ ਜਾ ਰਹੇ ਹਨ ਤੇ ਨਾ ਹੀ ਚੰਡੀਗੜ੍ਹ, ਉਹ ਅੱਜ ਆਪਣੇ ਹਲਕੇ ਸੰਗਰੂਰ ਵਿਚ ਪਾਰਟੀ ਵਰਕਰਾਂ ਨਾਲ ਮੀਟਿੰਗ ਵਿਚ ਸ਼ਾਮਲ ਹੋਣ ਜਾ ਰਹੇ ਹਨ। ਹਾਲਾਂਕਿ ਉਨ੍ਹਾਂ ਇਹ ਵੀ ਆਖ਼ਿਆ ਕਿ ਪਾਰਟੀ ਵੱਲੋਂ ਉਨ੍ਹਾਂ ਨੂੰ ਜੋ ਵੀ ਜ਼ਿੰਮੇਵਾਰੀ ਦਿੱਤੀ ਜਾਵੇਗੀ, ਉਹ ਉਸ ਨੂੰ ਨਿਭਾਉਣ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ ਉਹ ਇੱਕ ਆਮ ਵਰਕਰ ਵਜੋਂ ਵੀ ਪਾਰਟੀ ਲਈ ਕੰਮ ਕਰਨ ਨੂੰ ਤਿਆਰ ਹਨ। ਉਨ੍ਹਾਂ ਕਿਹਾ ਕਿ ਫ਼ਿਲਹਾਲ ਪਾਰਟੀ ਵਿਚ ਬਦਲਾਅ ਬਾਰੇ ਕੋਈ ਗੱਲ ਨਹੀਂ ਚੱਲ ਰਹੀ। ਉਹ ਦੋ ਦਿਨ ਪਹਿਲਾਂ ਹੀ ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ਵਿਚ ਵੀ ਗਏ ਸੀ, ਉੱਥੇ ਵੀ ਅਜਿਹੀ ਕੋਈ ਚਰਚਾ ਨਹੀਂ ਹੋਈ।
ਇਕ ਹੋਰ ਸਵਾਲ ਦੇ ਜਵਾਬ ਵਿਚ, ਵਿਜੇਇੰਦਰ ਸਿੰਗਲਾ ਨੇ ਇਹ ਵੀ ਕਿਹਾ ਕਿ ਕਾਂਗਰਸ ਵਿਚ ਕੋਈ ਕਾਟੋ-ਕਲੇਸ਼ ਨਹੀਂ ਹੈ, ਸਾਰੇ ਲੀਡਰ ਇਕੱਠੇ ਹਨ। ਕਈ ਵਾਰ ਕੁਝ ਰੁਝੇਵਿਆਂ ਕਾਰਨ ਕੋਈ ਲੀਡਰ ਪਾਰਟੀ ਵੱਲੋਂ ਉਲੀਕੇ ਪ੍ਰੋਗਰਾਮ ਵਿਚ ਨਹੀਂ ਪਹੁੰਚ ਪਾਉਂਦਾ ਤਾਂ ਇਹ ਗੱਲ ਆਖ਼ ਦਿੱਤੀ ਜਾਂਦੀ ਹੈ ਕਿ ਇਨ੍ਹਾਂ ਵਿਚ ਵਖਰੇਵੇਂ ਹਨ, ਜਦਕਿ ਅਜਿਹਾ ਕੁਝ ਨਹੀਂ ਹੈ।
'ਅਕਾਲੀ ਦਲ ਵਾਰਿਸ ਪੰਜਾਬ ਦੇ' ਦੀ ਰਜਿਸਟ੍ਰੇਸ਼ਨ 'ਚ ਦੇਰੀ 'ਤੇ ਮਨਪ੍ਰੀਤ ਇਆਲੀ ਨੇ ਚੁੱਕੇ ਸਵਾਲ
NEXT STORY