ਜਲੰਧਰ (ਧਵਨ)- ਆਈ. ਪੀ. ਐੱਸ. ਅਧਿਕਾਰੀ ਗੌਰਵ ਯਾਦਵ ਦੇ ਡੀ. ਜੀ. ਪੀ. ਬਣਨ ਤੋਂ ਬਾਅਦ ਪੰਜਾਬ ਪੁਲਸ ਦਾ ਗੈਂਗਸਟਰਾਂ ’ਤੇ ਦਬਦਬਾ ਕਾਇਮ ਹੋ ਗਿਆ ਹੈ। ਗੌਰਵ ਯਾਦਵ ਨੇ ਕਮਾਂਡ ਸੰਭਾਲਦਿਆਂ ਹੀ ਸਾਰੇ ਸੀਨੀਅਰ ਪੁਲਸ ਅਧਿਕਾਰੀਆਂ ਦੇ ਨਾਲ-ਨਾਲ ਖ਼ੁਦ ਫੀਲਡ ’ਚ ਜਾ ਕੇ ਪੁਲਸ ਅਧਿਕਾਰੀਆਂ ਦਾ ਮਨੋਬਲ ਵਧਾਇਆ ਸੀ, ਜਿਸ ਦੇ ਨਤੀਜੇ ਹੁਣ ਸਾਹਮਣੇ ਆ ਰਹੇ ਹਨ। ਡੀ. ਜੀ. ਪੀ. ਗੌਰਵ ਯਾਦਵ ਨੇ ਫਿਰ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਗੈਂਗਸਟਰਾਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ, ਜਿਸ ਦੇ ਮੱਦੇਨਜ਼ਰ ਸੂਬੇ ਦੀ ਪੁਲਸ ਆਉਣ ਵਾਲੇ ਦਿਨਾਂ ’ਚ ਹੋਰ ਚੰਗੇ ਨਤੀਜੇ ਦੇਵੇਗੀ। ਉਨ੍ਹਾਂ ਮੁੜ ਸੂਬੇ ਦੇ ਸਾਰੇ ਪੁਲਸ ਕਮਿਸ਼ਨਰਾਂ ਅਤੇ ਐੱਸ. ਐੱਸ. ਪੀਜ਼ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਗੈਂਗਸਟਰਾਂ ਅਤੇ ਉਨ੍ਹਾਂ ਨਾਲ ਸਬੰਧਤ ਅਪਰਾਧਾਂ ’ਚ ਸਖ਼ਤ ਤੋਂ ਸਖ਼ਤ ਕਾਰਵਾਈ ਕਰਨ, ਤਾਂਕਿ ਪੰਜਾਬ ਨੂੰ ਗੈਂਗਸਟਰ ਕਲਚਰ ਤੋਂ ਮੁਕਤ ਕੀਤਾ ਜਾ ਸਕੇ।
ਇਹ ਵੀ ਪੜ੍ਹੋ: ਪਸ਼ੂ ਮੇਲਿਆਂ 'ਚ ਬੁਲਟ, ਟਰੈਕਟਰ ਤੇ ਸੋਨਾ ਜਿੱਤਣ ਵਾਲਾ 'ਸਿਕੰਦਰ' ਬਲਦ ਚੜ੍ਹਿਆ 'ਲੰਪੀ ਸਕਿਨ' ਬੀਮਾਰੀ ਦੀ ਭੇਟ
ਪੁਲਸ ਦੇ ਉੱਚ ਅਧਿਕਾਰੀ ਵੀ ਇਹ ਮੰਨ ਰਹੇ ਹਨ ਕਿ ਪਿਛਲੇ ਤਿੰਨ ਮਹੀਨਿਆਂ ’ਚ ਪੁਲਸ ਨੂੰ ਗੈਂਗਸਟਰਾਂ ਖ਼ਿਲਾਫ਼ ਚੰਗੀ ਸਫ਼ਲਤਾ ਮਿਲੀ ਹੈ। ਸਿੱਧੂ ਮੂਸੇਵਾਲਾ ਕਤਲ ਕਾਂਡ ਤੋਂ ਬਾਅਦ ਇਕ ਸਮਾਂ ਅਜਿਹਾ ਵੀ ਆਇਆ ਸੀ, ਜਦੋਂ ਸੂਬਾ ਪੁਲਸ ਬੈਕ ਫੁੱਟ ’ਤੇ ਚਲੀ ਗਈ ਸੀ ਪਰ ਪਿਛਲੀਆਂ ਦੋ ਘਟਨਾਵਾਂ ’ਚ ਪੰਜਾਬ ਪੁਲਸ ਨੂੰ ਇਕ ਵਾਰ ਫਿਰ ਫਰੰਟ ਫੁੱਟ ’ਤੇ ਲਿਆ ਖੜ੍ਹਾ ਕੀਤਾ ਹੈ। ਅੱਤਵਾਦ ਖ਼ਿਲਾਫ਼ ਸਫ਼ਲਤਾਪੂਰਵਕ ਜੰਗ ਜਿੱਤਣ ਤੋਂ ਬਾਅਦ ਹੁਣ ਸੂਬਾ ਪੁਲਸ ਦੇ ਸਾਹਮਣੇ ਮੁੱਖ ਚੁਣੌਤੀ ਗੈਂਗਸਟਰ ਕਲਚਰ ਨੂੰ ਖ਼ਤਮ ਕਰਨਾ ਸੀ ਕਿਉਂਕਿ ਗੈਂਗਸਟਰਾਂ ਦੇ ਸਬੰਧ ਅੱਤਵਾਦੀਆਂ ਨਾਲ ਵੀ ਬਣੇ ਹੋਏ ਸਨ।
ਗੌਰਵ ਯਾਦਵ ਨੇ ਡੀ. ਜੀ. ਪੀ. ਬਣਨ ਤੋਂ ਬਾਅਦ ਸਭ ਤੋਂ ਪਹਿਲਾਂ ਸੀਨੀਅਰ ਪੁਲਸ ਅਧਿਕਾਰੀਆਂ ਅਤੇ ਜਵਾਨਾਂ ਦਾ ਮਨੋਬਲ ਉੱਚਾ ਚੁੱਕਣ ਦਾ ਕੰਮ ਕੀਤਾ। ਡੀ. ਜੀ. ਪੀ. ਨੇ ਸਾਰੀਆਂ ਰੇਂਜਾਂ ’ਚ ਜਾ ਕੇ ਪੁਲਸ ਅਧਿਕਾਰੀਆਂ ਨਾਲ ਮੀਟਿੰਗਾਂ ਕੀਤੀਆਂ, ਜਿਨ੍ਹਾਂ ’ਚ ਆਈ. ਜੀ., ਡੀ. ਆਈ. ਜੀ., ਐੱਸ. ਐੱਸ. ਪੀ. ਰੈਂਕ ਦੇ ਅਧਿਕਾਰੀਆਂ ਦੇ ਨਾਲ-ਨਾਲ ਸਾਰੇ ਪੁਲਸ ਸੁਪਰਡੈਂਟ ਅਤੇ ਹੋਰਾਂ ਨੂੰ ਵੀ ਸ਼ਾਮਲ ਕੀਤਾ ਗਿਆ ਸੀ। ਇਸ ’ਚ ਉਨ੍ਹਾਂ ਨੇ ਸਖ਼ਤ ਸ਼ਬਦਾਂ ’ਚ ਪੁਲਸ ਅਧਿਕਾਰੀਆਂ ਨੂੰ ਕਹਿ ਦਿੱਤਾ ਸੀ ਕਿ ਉਹ ਗੈਂਗਸਟਰਾਂ ਖ਼ਿਲਾਫ਼ ਆਪਣੀ ਕਾਰਗੁਜ਼ਾਰੀ ਵਿਖਾਉਣ ਅਤੇ ਨਸ਼ਾ ਸਮੱਗਲਰਾਂ ਖ਼ਿਲਾਫ਼ ਜ਼ੀਰੋ ਟਾਲਰੈਂਸ ਦੀ ਨੀਤੀ ਅਪਨਾਈ ਜਾਵੇ। ਪੰਜਾਬ ਪੁਲਸ ਨੇ ਬੀਤੇ ਦਿਨੀਂ ਹੀ ਅੰਮ੍ਰਿਤਸਰ ’ਚ ਇਕ ਮੁਕਾਬਲੇ ’ਚ ਸ਼ੂਟਰ ਮਨਪ੍ਰੀਤ ਮੰਨੂ ਅਤੇ ਜਗਰੂਪ ਰੂਪਾ ਨੂੰ ਮਾਰ ਦਿੱਤਾ ਸੀ। ਦੋਵਾਂ ਸ਼ੂਟਰਾਂ ਦੇ ਮਾਰੇ ਜਾਣ ਤੋਂ ਬਾਅਦ ਪੰਜਾਬ ਪੁਲਸ ਦਾ ਮਨੋਬਲ ਹੋਰ ਵਧਿਆ ਸੀ।
ਇਹ ਵੀ ਪੜ੍ਹੋ: ਪੰਜਾਬ 'ਚ ਇਨਸਾਨਾਂ ਤੋਂ ਬਾਅਦ ਹੁਣ ਝੋਨੇ ਤੇ ਗੰਨੇ ਦੀ ਫ਼ਸਲ ’ਤੇ ਚੀਨੀ ਵਾਇਰਸ ਦਾ ਵੱਡਾ ਹਮਲਾ
ਪੰਜਾਬ ਦੇ ਡੀ. ਜੀ. ਪੀ. ਗੌਰਵ ਯਾਦਵ ਨੇ ਇਸ ਦਰਮਿਆਨ ਸਿੱਧੂ ਮੂਸੇਵਾਲਾ ਕਤਲ ਕਾਂਡ ਨੂੰ ਲੈ ਕੇ ਆਪਣੀ ਮੁਹਿੰਮ ਜਾਰੀ ਰੱਖੀ। ਉਨ੍ਹਾਂ ਨੇ ਭਾਰਤ ਸਰਕਾਰ ਅਤੇ ਕੇਂਦਰੀ ਖੁਫ਼ੀਆ ਏਜੰਸੀਆਂ ਨਾਲ ਸੰਪਰਕ ਕੀਤਾ ਸੀ। ਅੰਦਰਖ਼ਾਤੇ ਵਿਦੇਸ਼ਾਂ ’ਚ ਰਹਿ ਰਹੇ ਲੋੜੀਂਦੇ ਗੈਂਗਸਟਰਾਂ ਨੂੰ ਫੜ੍ਹਨ ਲਈ ਰਣਨੀਤੀ ਤਿਆਰ ਕੀਤੀ ਗਈ ਸੀ। ਇਸ ਬਾਰੇ ਸ਼ਾਇਦ ਵਿਦੇਸ਼ਾਂ ’ਚ ਪਨਾਹ ਲੈ ਕੇ ਬੈਠੇ ਗੈਂਗਸਟਰਾਂ ਨੂੰ ਵੀ ਜਾਣਕਾਰੀ ਨਹੀਂ ਸੀ। ਹਾਲਾਂਕਿ ਵਿਦੇਸ਼ਾਂ ’ਚ ਬੈਠੇ ਗੈਂਗਸਟਰ ਲਗਾਤਾਰ ਆਪਣਾ ਟਿਕਾਣਾ ਬਦਲ ਰਹੇ ਸਨ ਪਰ ਫਿਰ ਵੀ ਪੰਜਾਬ ਪੁਲਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ ਅਤੇ ਕੇਂਦਰੀ ਖੁਫ਼ੀਆ ਵਿੰਗ ਇਨ੍ਹਾਂ ਗੈਂਗਸਟਰਾਂ ਦਾ ਪਤਾ ਲਾਉਣ ’ਚ ਲਗਾਤਾਰ ਸਰਗਰਮ ਰਹੇ, ਜਿਸ ਤੋਂ ਬਾਅਦ ਹੀ ਉਕਤ ਗ੍ਰਿਫ਼ਤਾਰੀਆਂ ਹੋਈਆਂ ਹਨ।
ਇਹ ਵੀ ਪੜ੍ਹੋ: ਸਿੱਧੂ ਮੂਸੇਵਾਲਾ ਦੇ ਕਤਲ ਮਗਰੋਂ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਜਲੰਧਰ ਪੁਲਸ ਨੇ ਚੁੱਕਿਆ ਵੱਡਾ ਕਦਮ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਦੁਬਈ ਤੋਂ ਅੰਮ੍ਰਿਤਸਰ ਆਏ ਯਾਤਰੀ ਤੋਂ 65 ਲੱਖ ਰੁਪਏ ਦਾ ਸੋਨਾ ਬਰਾਮਦ, ਇੰਝ ਆਇਆ ਅੜਿੱਕੇ
NEXT STORY