ਬਠਿੰਡਾ (ਰਾਜਵੰਤ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਵਿਧਾਨ ਸਭਾ ਚੋਣਾਂ ਦੌਰਾਨ ਚਾਰ ਹਫ਼ਤਿਆਂ 'ਚ ਪੰਜਾਬ ਨੂੰ ਨਸ਼ਾ ਮੁਕਤ ਕਰਨ ਦਾ ਜੋ ਵਾਅਦਾ ਕੀਤਾ ਗਿਆ ਸੀ, ਉਹ ਪੂਰੀ ਤਰ੍ਹਾਂ ਨਾਲ ਠੁਸ ਹੁੰਦਾ ਦਿਖਾਈ ਦੇ ਰਿਹਾ ਹੈ ਕਿਉਂਕਿ ਆਏ ਦਿਨ ਨੌਜਵਾਨ ਨਸ਼ਿਆਂ ਦੀ ਲਪੇਟ 'ਚ ਆ ਕੇ ਮੌਤ ਦੇ ਮੂੰਹ 'ਚ ਜਾ ਰਹੇ ਹਨ। ਅਜਿਹਾ ਹਾਲ ਭਾਵੇਂ ਅੱਜ ਤੋਂ ਨਹੀਂ ਪਰ ਚੋਣਾਂ ਦੌਰਾਨ ਕੈਪ. ਅਮਰਿੰਦਰ ਸਿੰਘ ਵੱਲੋਂ ਕੀਤਾ ਗਿਆ ਵਾਅਦਾ ਲੋਕਾਂ ਲਈ ਨਵੀਂ ਉਮੀਦ ਲੈ ਕੇ ਆਇਆ ਸੀ ਪਰ ਸੱਤਾ 'ਚ ਆਉਣ ਤੋਂ ਬਾਅਦ ਵੀ ਪੰਜਾਬ ਅੰਦਰੋਂ ਪੂਰੀ ਤਰ੍ਹਾਂ ਨਾਲ ਨਸ਼ਾ ਖ਼ਤਮ ਨਹੀਂ ਹੋ ਸਕਿਆ ਹੈ।
ਬਾਹਰੀ ਸੂਬਿਆਂ ਤੋਂ ਸ਼ਰੇਆਮ ਹੋ ਰਹੀ ਹੈ ਸ਼ਰਾਬ ਦੀ ਸਮੱਗਲਿੰਗ
ਪੰਜਾਬ 'ਚ ਰੋਜ਼ਾਨਾ ਵੱਡੀ ਮਾਤਰਾ 'ਚ ਬਾਹਰੀ ਸੂਬਿਆਂ ਤੋਂ ਨਾਜਾਇਜ਼ ਸ਼ਰਾਬ ਦੀ ਸਮੱਗਲਿੰਗ ਕੀਤੀ ਜਾਂਦੀ ਹੈ। ਹਾਲਾਂਕਿ ਪੰਜਾਬ ਪੁਲਸ ਵੱਲੋਂ ਤਿੰਨ ਸੂਬਿਆਂ ਦੀ ਪੁਲਸ ਨਾਲ ਮਿਲ ਕੇ ਨਸ਼ਿਆਂ ਖਿਲਾਫ਼ ਮੁਹਿੰਮ ਚਲਾਈ ਗਈ ਹੈ ਪਰ ਫ਼ਿਰ ਵੀ ਰੋਜ਼ਾਨਾ ਹਰਿਆਣਾ ਮਾਰਕਾ ਸ਼ਰਾਬ ਦੀ ਪੰਜਾਬ ਅੰਦਰ ਸਮੱਗਲਿੰਗ ਕੀਤੀ ਜਾਂਦੀ ਹੈ। ਇੰਨਾ ਹੀ ਨਹੀਂ ਜੇਕਰ ਪੰਜਾਬ ਦੇ ਅੰਦਰ ਦੀ ਗੱਲ ਕੀਤੀ ਜਾਵੇ ਤਾਂ ਸੂਬੇ ਭਰ 'ਚ ਅਜੇ ਵੀ ਨਸ਼ੇ ਵਾਲੇ ਪਦਾਰਥ ਬਰਾਮਦ ਕੀਤੇ ਜਾ ਰਹੇ ਹਨ। ਪੁਲਸ ਵੱਲੋਂ ਆਏ ਦਿਨ ਨਸ਼ੇ ਵਾਲੀਆਂ ਗੋਲੀਆਂ, ਨਸ਼ੇ ਵਾਲੀਆਂ ਸ਼ੀਸ਼ੀਆਂ, ਚਿੱਟਾ, ਸਮੈਕ, ਕੁਕੀਨ, ਭੁੱਕੀ ਆਦਿ ਦੇ ਕੇਸ ਦਰਜ ਕੀਤੇ ਜਾ ਰਹੇ ਹਨ। ਸਾਡੇ ਸੂਬੇ 'ਚ ਇਹ ਸਾਰੇ ਨਸ਼ੇ ਨੌਜਵਾਨ ਪੀੜ੍ਹੀ ਲਈ ਖਤਰਾ ਬਣੇ ਹੋਏ ਹਨ ਪਰ ਸਭ ਤੋਂ ਵੱਧ ਨੌਜਵਾਨ ਚਿੱਟੇ ਦੀ ਲਪੇਟ 'ਚ ਪਾਏ ਜਾ ਰਹੇ ਹਨ, ਜੋ ਓਵਰਡੋਜ਼ ਕਾਰਨ ਪਾਰਕਾਂ ਜਾਂ ਗਲੀਆਂ 'ਚ ਮਰੇ ਹੋਏ ਪਾਏ ਜਾਂਦੇ ਹਨ।
ਰੋਜ਼ਾਨਾ ਪੰਜਾਬ ਦੀ ਜਵਾਨੀ ਨੂੰ ਖਾ ਰਿਹੈ ਨਸ਼ਾ
ਪੰਜਾਬ ਦਾ ਅਜਿਹਾ ਕੋਈ ਵੀ ਦਿਨ ਨਹੀਂ ਹੋਵੇਗਾ, ਜਿਸ ਦਿਨ ਪੰਜਾਬ ਦੇ ਨੌਜਵਾਨ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਦੇ ਮੂੰਹ 'ਚ ਨਾ ਜਾ ਰਹੇ ਹੋਣ। ਹਰ ਦਿਨ 2-3 ਮੌਤਾਂ ਨਸ਼ਿਆਂ ਦੀ ਓਵਰਡੋਜ਼ ਕਾਰਨ ਹੋ ਰਹੀਆਂ ਹਨ। ਜੂਨ 2019 'ਚ ਚਿੱਟੇ ਰੂਪੀ ਦੈਂਤ ਨੇ 24 ਲੋਕਾਂ ਦੀਆਂ ਜ਼ਿੰਦਗੀਆਂ ਤਬਾਹ ਕਰ ਦਿੱਤੀਆਂ ਹਨ। ਬਠਿੰਡਾ ਜ਼ਿਲੇ 'ਚ ਜੂਨ ਮਹੀਨੇ ਦੌਰਾਨ ਓਵਰਡੋਜ਼ ਕਾਰਨ 7 ਤੇ ਫ਼ਿਰੋਜ਼ਪੁਰਾ 'ਚ 8 ਨੌਜਵਾਨ ਚਿੱਟੇ ਦੀ ਭੇਟ ਚੜ੍ਹ ਚੁੱਕੇ ਹਨ। ਮੀਡੀਆ ਦੇ ਅੰਕੜਿਆਂ ਅਨੁਸਾਰ 1 ਜੂਨ ਨੂੰ ਲੁਧਿਆਣਾ 'ਚ ਦੁੱਗਰੀ ਰੋਡ 'ਤੇ ਸੰਗਰੂਰ ਦੇ ਇਕ ਨੌਜਵਾਨ ਅਮਨਜੋਤ ਸਿੰਘ (22) ਦੀ ਚਿੱਟੇ ਦਾ ਟੀਕਾ ਲਾਉਣ ਨਾਲ ਮੌਤ ਹੋ ਗਈ ਸੀ। 2 ਜੂਨ ਨੂੰ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਕਰਾਈਵਾਲਾ ਦੇ 22 ਸਾਲਾ ਨੌਜਵਾਨ ਵੀਜ਼ਾ ਸਿੰਘ ਦੀ ਓਵਰਡੋਜ਼ ਕਾਰਨ ਮੌਤ ਹੋ ਗਈ ਸੀ। ਇਸੇ ਦਿਨ ਮਲੋਟ ਨੇੜੇ ਪਿੰਡ ਲਖਮੀਰੇਆਣਾ ਦੇ ਗਮਦੂਰ ਸਿੰਘ (40) ਦੀ ਨਸ਼ਾ ਲੈਣ ਕਾਰਨ ਮੌਤ ਹੋ ਗਈ ਸੀ। ਮ੍ਰਿਤਕ ਦੋ ਧੀਆਂ ਦਾ ਪਿਤਾ ਸੀ। 3 ਜੂਨ ਨੂੰ ਫ਼ਿਰੋਜ਼ਪੁਰ ਦੇ ਪਿੰਡ ਟੋਲੀ ਗੁਲਾਮ ਦੇ 36 ਸਾਲਾ ਨੌਜਵਾਨ ਲਾਡੀ ਸਿੰਘ ਨੂੰ ਚਿੱਟੇ ਨੇ ਨਿਗਲ ਲਿਆ ਸੀ। 4 ਜੂਨ ਵਾਲੇ ਦਿਨ ਬਠਿੰਡਾ 'ਚ 21 ਸਾਲਾ ਲੜਕੀ ਦੀ ਚਿੱਟੇ ਦਾ ਟੀਕਾ ਲਾਉਣ ਨਾਲ ਮੌਤ ਹੋ ਗਈ ਸੀ। 7 ਜੂਨ ਨੂੰ ਫ਼ਿਰੋਜ਼ਪੁਰ ਜ਼ਿਲੇ ਦੇ ਕਸਬੇ ਮੱਖੂ 'ਚ ਨੌਜਵਾਨ ਅੰਗਰੇਜ਼ ਸਿੰਘ ਦੀ ਚਿੱਟੇ ਕਾਰਨ ਮੌਤ ਹੋ ਗਈ ਸੀ। 9 ਜੂਨ ਨੂੰ ਬਠਿੰਡਾ ਜ਼ਿਲੇ ਦੇ ਪਿੰਡ ਬੁਰਜ ਮਹਿਮਾ ਦੇ 25 ਸਾਲਾ ਨੌਜਵਾਨ ਗੌਰ ਸਿੰਘ ਦੀ ਚਿੱਟੇ ਕਾਰਨ ਮੌਤ ਹੋ ਗਈ ਸੀ। 10 ਜੂਨ ਨੂੰ ਮੋਗਾ 'ਚ 24 ਸਾਲਾ ਨੌਜਵਾਨ ਅੰਮ੍ਰਿਤਪਾਲ ਸਿੰਘ ਦੀ ਚਿੱਟੇ ਕਾਰਨ ਮੌਤ ਹੋਈ ਸੀ। 13 ਜੂਨ ਨੂੰ ਜਲਾਲਾਬਾਦ ਦੇ ਪਿੰਡ ਮੋਹਕਮ ਅਰਾਈਆਂਵਾਲਾ ਦਾ ਨੌਜਵਾਨ ਮਨਜੀਤ ਸਿੰਘ ਤੇ 14 ਜੂਨ ਨੂੰ ਬਠਿੰਡਾ ਦੇ ਪ੍ਰਾਈਵੇਟ ਨਸ਼ਾ ਛੁਡਾਊ ਕੇਂਦਰ 'ਚ ਇਕ ਨੌਜਵਾਨ ਦੀ ਮੌਤ ਹੋ ਗਈ ਸੀ। 18 ਜੂਨ ਵਾਲੇ ਦਿਨ ਬਠਿੰਡਾ ਜ਼ਿਲੇ 'ਚ ਲੜਕੀ ਨੇ ਨਸ਼ੇ ਦੀ ਓਵਰਡੋਜ਼ ਕਰ ਕੇ ਦਮ ਤੋੜ ਦਿੱਤਾ ਸੀ। ਇਸੇ ਦਿਨ ਲੱਖੇਵਾਲੀ ਦੇ ਇਕ ਵਿਅਕਤੀ ਗੋਜ਼ੀ ਸਿੰਘ ਦੀ ਓਵਰਡੋਜ਼ ਕਾਰਨ ਮੌਤ ਹੋ ਗਈ ਸੀ। 20 ਜੂਨ ਨੂੰ ਤਰਨਤਾਰਨ ਦੇ ਪਿੰਡ ਬਰਵਾਲਾ 'ਚ 32 ਸਾਲਾ ਨੌਜਵਾਨ ਚਿੱਟੇ ਦਾ ਟੀਕਾ ਲਾਉਣ ਕਾਰਨ ਮੌਤ ਦਾ ਸ਼ਿਕਾਰ ਹੋ ਗਿਆ ਸੀ। 22 ਜੂਨ ਨੂੰ ਗੁਰਦਾਸਪੁਰ ਦੇ ਪਿੰਡ ਬੁੱਢਾਵਾਲਾ ਦੇ ਸਤਨਾਮ ਸਿੰਘ ਤੇ 24 ਜੂਨ ਨੂੰ ਚਿੱਟੇ ਕਾਰਨ ਤਿੰਨ ਨੌਜਵਾਨ ਮੌਤ ਦੇ ਮੂੰਹ 'ਚ ਚਲੇ ਗਏ ਸਨ। ਇਸੇ ਦਿਨ ਸਲਾਬਤਪੁਰਾ 'ਚ ਦੋ ਮਾਸੂਮ ਧੀਆਂ ਦਾ ਪਿਤਾ ਜਗਦੀਪ ਸਿੰਘ ਵੀ ਓਵਰਡੋਜ਼ ਕਾਰਨ ਮੌਤ ਦਾ ਸ਼ਿਕਾਰ ਹੋ ਗਿਆ ਸੀ। ਇਸੇ ਦਿਨ ਫ਼ਿਰੋਜ਼ਪੁਰ ਜ਼ਿਲੇ ਦੇ ਪਿੰਡ ਕਾਸੂਬੇਗੂ 'ਚ 24 ਸਾਲਾ ਕਾਬਲ ਸਿੰਘ, ਹਜ਼ਾਰਾ ਸਿੰਘ ਵਾਲਾ ਦੇ ਮਲਕੀਤ ਸਿੰਘ (25) ਨੇ ਚਿੱਟੇ ਕਾਰਨ ਦਮ ਤੋੜ ਦਿੱਤਾ ਸੀ। 25 ਜੂਨ ਵਾਲੇ ਦਿਨ ਜ਼ੀਰਾ ਦੇ ਨੇੜੇ ਪਿੰਡ ਮੇਹਰ ਸਿੰਘ ਵਾਲਾ 'ਚ 20 ਸਾਲਾ ਰਮਨ ਸਿੰਘ ਤੇ ਅੰਮ੍ਰਿਤਸਰ ਦੇ 29 ਸਾਲਾ ਅਮਨਪ੍ਰੀਤ ਸਿੰਘ ਦੀ ਚਿੱਟੇ ਕਾਰਨ ਮੌਤ ਹੋ ਗਈ ਸੀ। 26 ਜੂਨ ਨੂੰ ਜ਼ੀਰਾ ਨਜ਼ਦੀਕ ਪਿੰਡ ਮੇਹਰਸਿੰਘ ਵਾਲਾ ਦੇ ਬੂਟਾ ਸਿੰਘ ਦੀ ਚਿੱਟੇ ਨੇ ਜ਼ਿਦਗੀ ਖ਼ੋਹ ਲਈ ਸੀ। 27 ਜੂਨ ਵਾਲੇ ਦਿਨ ਬਠਿੰਡਾ ਜ਼ਿਲੇ ਦੇ ਪਿੰਡ ਬਾਜਕ ਦਾ 24 ਸਾਲਾ ਨੌਜਵਾਨ ਰਮਨਿੰਦਰ ਸਿੰਘ ਵੀ ਚਿੱਟੇ ਦੀ ਭੇਟ ਚੜ੍ਹ ਗਿਆ ਸੀ। ਇਸੇ ਦਿਨ ਮੋਗਾ ਦੇ ਪਿੰਡ ਦੌਧਰ ਦੇ ਨੌਜਵਾਨ ਸਤਨਾਮ ਸਿੰਘ ਦੀ ਚਿੱਟੇ ਕਾਰਨ ਮੌਤ ਹੋਈ ਸੀ।
ਪੰਜਾਬ 'ਚ ਹੋਰਨਾਂ ਨਸ਼ਿਆਂ ਦੇ ਮੁਕਾਬਲੇ ਚਿੱਟੇ ਦਾ ਪ੍ਰਭਾਵ ਜ਼ਿਆਦਾ
ਪੰਜਾਬ 'ਚ ਇੰਨ੍ਹੀਂ ਦਿਨੀਂ ਚਿੱਟੇ ਵਰਗੇ ਕਈ ਤਰ੍ਹਾਂ ਦੇ ਭਿਆਨਕ ਨਸ਼ਿਆਂ ਨੇ ਪੈਰ ਪਸਾਰੇ ਹੋਏ ਹਨ। ਸੋਸ਼ਲ ਮੀਡੀਆ, ਪ੍ਰਿੰਟ ਮੀਡੀਆ 'ਤੇ ਆਏ ਦਿਨ ਚਿੱਟੇ ਨਾਲ ਮਰਨ ਵਾਲੇ ਨੌਜਵਾਨਾਂ ਦੀਆਂ ਵੀਡੀਓਜ਼ ਤੇ ਤਸਵੀਰਾਂ ਘੁੰਮਦੀਆਂ ਦਿਖਾਈ ਦਿੰਦੀਆਂ ਹਨ। ਅੱਜ ਦਾ ਨੌਜਵਾਨ ਬੇਰੋਜ਼ਗਾਰੀ ਤੋਂ ਪ੍ਰਭਾਵਿਤ ਹੈ, ਜਿਸ ਕਾਰਨ ਪੈਦਾ ਹੋਈ ਮਾਨਸਿਕ ਪ੍ਰੇਸ਼ਾਨੀ ਤੋਂ ਰਾਹਤ ਪਾਉਣ ਲਈ ਉਹ ਨਸ਼ਿਆਂ ਦਾ ਸੇਵਨ ਕਰਦੇ ਹਨ, ਜੋ ਬਾਅਦ 'ਚ ਉਸ ਦੀ ਆਦਤ ਬਣ ਜਾਂਦਾ ਹੈ। ਹੋਰਨਾਂ ਨਸ਼ਿਆਂ ਦੇ ਮੁਕਾਬਲੇ ਚਿੱਟੇ ਦਾ ਪ੍ਰਭਾਵ ਪੰਜਾਬ ਅੰਦਰ ਜ਼ਿਆਦਾ ਪਾਇਆ ਜਾ ਰਿਹਾ ਹੈ, ਜਿਸ ਕਾਰਨ ਆਏ ਦਿਨ 2-3 ਮੌਤਾਂ ਚਿੱਟੇ ਕਾਰਨ ਹੋ ਰਹੀਆਂ ਹਨ।
ਸਿੱਧੂ ਵਲੋਂ ਕੱਢੇ ਅਧਿਕਾਰੀਆਂ ਨੂੰ ਵਾਪਸ ਲਿਆ ਰਹੇ ਬ੍ਰਹਮ ਮਹਿੰਦਰਾ
NEXT STORY