ਲੁਧਿਆਣਾ (ਹਿਤੇਸ਼) : ਪੰਜਾਬ 'ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਵੱਲੋਂ ਮੰਤਰੀਆਂ ਤੋਂ ਸਾਰੇ ਜ਼ਿਲ੍ਹਿਆਂ 'ਚ ਪ੍ਰਚਾਰ ਕਰਵਾਉਣ ਨੂੰ ਲੈ ਕੇ ਬਣਾਈ ਗਈ ਯੋਜਨਾ ਸਖ਼ਤ ਮੁਕਾਬਲੇ ਦੇ ਚੱਲਦਿਆਂ ਸਿਰੇ ਨਹੀਂ ਚੜ੍ਹ ਸਕੀ ਹੈ। ਇੱਥੇ ਦੱਸਣਾ ਉਚਿਤ ਹੋਵੇਗਾ ਕਿ ਪੰਜਾਬ ਦੀਆਂ ਸਾਰੀਆਂ ਵਿਧਾਨ ਸਭਾ ਸੀਟਾਂ 'ਤੇ ਸ਼ੁਰੂਆਤੀ ਦੌਰ 'ਚ ਕਾਂਗਰਸ, ਆਮ ਆਦਮੀ ਪਾਰਟੀ ਜਾਂ ਅਕਾਲੀ ਦਲ-ਬਸਪਾ ਦੇ ਉਮੀਦਵਾਰਾਂ ਵਿਚਕਾਰ ਮੁਕਾਬਲਾ ਨਜ਼ਰ ਆ ਰਿਹਾ ਸੀ ਪਰ ਹੁਣ ਕੇਂਦਰੀ ਮੰਤਰੀਆਂ ਤੋਂ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਐਂਟਰੀ ਹੋਣ ਤੋਂ ਬਾਅਦ ਭਾਜਪਾ, ਕੈਪਟਨ ਅਮਰਿੰਦਰ ਸਿੰਘ ਅਤੇ ਢੀਂਡਸਾ ਗਰੁੱਪ ਦੇ ਉਮੀਦਵਾਰ ਵੀ ਵਿਰੋਧੀਆਂ ਨੂੰ ਟੱਕਰ ਦੇ ਰਹੇ ਹਨ।
ਇਹ ਵੀ ਪੜ੍ਹੋ : CM ਚੰਨੀ ਸ੍ਰੀ ਗੁਰੂ ਰਵਿਦਾਸ ਧਾਮ ਤੇ ਦਿਵਿਆ ਜੋਤੀ ਜਾਗ੍ਰਿਤੀ ਸੰਸਥਾਨ ਵਿਖੇ ਹੋਏ ਨਤਮਸਤਕ (ਤਸਵੀਰਾਂ)
ਇਸ ਦੇ ਚੱਲਦਿਆਂ ਕਾਂਗਰਸ ਦੇ ਸਾਰੇ ਮੰਤਰੀ ਵੀ ਆਪਣੀਆਂ ਸੀਟਾਂ 'ਤੇ ਸਖ਼ਤ ਮੁਕਾਬਲੇ ਦਾ ਸਾਹਮਣਾ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਆਪਣੇ ਹਲਕੇ 'ਚ ਪੂਰਾ ਸਮਾਂ ਦੇਣਾ ਪੈ ਰਿਹਾ ਹੈ। ਇਸ ਦਾ ਨਤੀਜਾ ਇਹ ਹੋਇਆ ਕਿ ਜ਼ਿਆਦਾਤਰ ਮੰਤਰੀ ਕਾਂਗਰਸੀ ਉਮੀਦਵਾਰ ਦੇ ਪ੍ਰਚਾਰ ਲਈ ਦੂਜੇ ਜ਼ਿਲ੍ਹਿਆਂ 'ਚ ਤਾਂ ਕੀ ਨਾਲ ਲੱਗਦੇ ਹਲਕਿਆਂ 'ਚ ਵੀ ਨਹੀਂ ਜਾ ਪਾ ਰਹੇ ਹਨ। ਇਨ੍ਹਾਂ 'ਚੋਂ ਕੁੱਝ ਮੰਤਰੀਆਂ ਦੇ ਨਾਂ ਕਾਂਗਰਸ ਵੱਲੋਂ ਸਟਾਰ ਪ੍ਰਚਾਰਕਾਂ ਦੀ ਸੂਚੀ 'ਚ ਸ਼ਾਮਲ ਕੀਤੇ ਗਏ ਸਨ ਪਰ ਉਸ ਦਾ ਕੋਈ ਫ਼ਾਇਦਾ ਨਹੀਂ ਹੋਇਆ। ਇਸ ਨੂੰ ਲੈ ਕੇ ਉਮੀਦਵਾਰਾਂ ਵੱਲੋਂ ਹਾਈਕਮਾਨ ਨੂੰ ਰਿਪੋਰਟ ਦਿੱਤੀ ਗਈ ਹੈ ਪਰ ਮੰਤਰੀਆਂ ਵੱਲੋਂ ਆਪਣੇ ਹਲਕੇ 'ਚ ਸਖ਼ਤ ਮੁਕਾਬਲਾ ਹੋਣ ਦਾ ਹਵਾਲਾ ਦੇ ਕੇ ਦੂਜੀ ਥਾਂ ਜਾਣ 'ਚ ਅਸਮਰੱਥਤਾ ਜਤਾਈ ਜਾ ਰਹੀ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਧੁਨੀ ਪ੍ਰਦੂਸ਼ਣ ਲਈ ਵੱਖ-ਵੱਖ ਸਿਆਸੀ ਪਾਰਟੀਆਂ ਨੂੰ 12 ਨੋਟਿਸ ਜਾਰੀ
ਕਾਂਗਰਸ ਨੂੰ ਨਹੀਂ ਹੋਇਆ 4 ਪ੍ਰਧਾਨ ਲਾਉਣ ਦਾ ਫ਼ਾਇਦਾ
ਕਾਂਗਰਸ ਵੱਲੋਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ 4 ਪ੍ਰਧਾਨ ਲਾਉਣ ਦਾ ਫ਼ਾਰਮੂਲਾ ਅਪਣਾਇਆ ਗਿਆ ਸੀ, ਜਿਨ੍ਹਾਂ ਨੂੰ ਜ਼ੋਨ ਵੀ ਵੰਡੇ ਗਏ ਸਨ ਪਰ ਉਨ੍ਹਾਂ 'ਚੋਂ 3 ਪ੍ਰਧਾਨ ਸੰਗਤ ਸਿੰਘ ਗਿਲਜੀਆ, ਕੁਲਜੀਤ ਨਾਗਰਾ ਅਤੇ ਸੁਖਵਿੰਦਰ ਡੈਨੀ ਚੋਣਾਂ ਲੜ ਰਹੇ ਹਨ ਅਤੇ ਆਪਣੇ ਹਲਕੇ 'ਚੋਂ ਬਾਹਰ ਹੀ ਨਹੀਂ ਨਿਕਲੇ। ਇਹੀ ਹਾਲ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦਾ ਵੀ ਹੈ, ਜੋ ਹੁਣ ਤੱਕ ਰਾਹੁਲ ਗਾਂਧੀ ਜਾਂ ਪ੍ਰਿਯੰਕਾ ਗਾਂਧੀ ਦੀ ਰੈਲੀ ਤੋਂ ਇਲਾਵਾ ਸਿਰਫ ਆਪਣੇ ਕਰੀਬੀ ਲਈ ਸਮਰਥਨ ਜੁਟਾਉਣ ਅਮਰਗੜ੍ਹ ਗਏ ਹਨ, ਜਿਸ ਦੇ ਚੱਲਦਿਆਂ ਪੂਰੇ ਪੰਜਾਬ 'ਚ ਜਾ ਕੇ ਪਾਰਟੀ ਉਮੀਦਵਾਰਾਂ ਲਈ ਪ੍ਰਚਾਰ ਕਰਨ ਦਾ ਦਾਰੋਮਦਾਰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ 'ਤੇ ਟਿਕਿਆ ਹੋਇਆ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਗੱਡੀ ਘੇਰ ਕੇ ਕਾਂਗਰਸੀ ਆਗੂ ’ਤੇ ਹਮਲਾ, ਪੁਲਸ ਨੇ ਦਰਜ ਕੀਤਾ ਮਾਮਲਾ
NEXT STORY