ਪਟਿਆਲਾ (ਰਾਜੇਸ਼, ਜੋਸਨ) - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਇੱਥੇ ਜਨਰਲ ਪੋਸਟ ਆਫਿਸ ਵਿਖੇ ਪਾਸਪੋਰਟ ਸੇਵਾ ਕੇਂਦਰ ਦਾ ਉਦਘਾਟਨ ਕੀਤਾ। ਇਸ ਨਾਲ ਪਟਿਆਲਾ ਤੇ ਸੰਗਰੂਰ ਵਾਸੀਆਂ ਨੂੰ ਪਾਸਪੋਰਟ ਸੇਵਾਵਾਂ ਲਈ ਵੱਡੀ ਸਹੂਲਤ ਮਿਲੇਗੀ। ਮੁੱਖ ਮੰਤਰੀ ਨੇ ਦੱਸਿਆ ਕਿ ਇਹ ਪੰਜਾਬ ਦਾ ਦੂਜਾ ਅਤੇ ਮੁਲਕ ਵਿੱਚ 59ਵਾਂ ਪਾਸਪੋਰਟ ਸੇਵਾ ਕੇਂਦਰ ਹੈ। ਇਸ ਕੇਂਦਰ ਵੱਲੋਂ ਨਵਾਂ ਪਾਸੋਪਰਟ ਬਣਾਉਣ ਅਤੇ ਪੁਰਾਣੇ ਨੂੰ ਨਵਿਆਉਣ ਲਈ ਸ਼ੁਰੂਆਤ ਵਿੱਚ ਰੋਜ਼ਾਨਾ 50 ਅਰਜ਼ੀਆਂ ਪ੍ਰਾਪਤ ਕੀਤੀਆਂ ਜਾਣਗੀਆਂ। ਹੌਲੀ-ਹੌਲੀ ਇਸ ਦੀ ਗਿਣਤੀ 200 ਤੱਕ ਵਧਾ ਦਿੱਤੀ ਜਾਵੇਗੀ।
ਕੈਪਟਨ ਅਮਰਿੰਦਰ ਸਿੰਘ ਸੇਵਾ ਕੇਂਦਰ ਵਿਖੇ ਪਾਸਪੋਰਟ ਸੇਵਾ ਹਾਸਲ ਕਰਨ ਲਈ ਆਏ ਕੁਝ ਲੋਕਾਂ ਨੂੰ ਵੀ ਮਿਲੇ। ਉਨ੍ਹਾਂ ਕਿਹਾ ਕਿ ਜਿਹੜੇ ਲੋਕਾਂ ਨੇ ਚੰਡੀਗੜ੍ਹ ਅਤੇ ਅੰਬਾਲਾ ਦੇ ਖੇਤਰੀ ਪਾਸਪੋਰਟ ਦਫ਼ਤਰਾਂ ਵਿਖੇ ਪਾਸਪੋਰਟ ਲਈ ਮਿਲਣ ਦਾ ਸਮਾਂ ਤੈਅ ਕੀਤਾ ਹੋਇਆ ਹੈ, ਉਹ ਹੁਣ ਪਟਿਆਲਾ ਪਾਸਪੋਰਟ ਕੇਂਦਰ ਵਿਖੇ ਹੀ ਇਹ ਸੇਵਾ ਹਾਸਲ ਕਰਨ ਲਈ ਮੁੜ ਸਮਾਂ ਲੈ ਸਕਦੇ ਹਨ। ਪੀ. ਪੀ. ਸੀ. ਅਤੇ ਹੋਰ ਸੇਵਾਵਾਂ ਚੰਡੀਗੜ੍ਹ ਅਤੇ ਲੁਧਿਆਣਾ ਦੇ ਖੇਤਰੀ ਪਾਸਪੋਰਟ ਦਫ਼ਤਰਾਂ ਤੋਂ ਮਿਲਣੀਆਂ ਜਾਰੀ ਰਹਿਣਗੀਆਂ। ਇਸ ਮੌਕੇ ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਪ੍ਰਨੀਤ ਕੌਰ, ਕੈਬਨਿਟ ਬ੍ਰਹਮ ਮਹਿੰਦਰਾ, ਨਵਜੋਤ ਸਿੰਘ ਸਿੱਧੂ, ਸਾਧੂ ਸਿੰਘ ਧਰਮਸੌਤ, ਮੈਂਬਰ ਪਾਰਲੀਮੈਂਟ ਧਰਮਵੀਰ ਗਾਂਧੀ, ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਅਤੇ ਓ. ਐੈੱਸ. ਡੀ. ਅੰਮ੍ਰਿਤਪ੍ਰਤਾਪ ਸਿੰਘ ਹਨੀ ਸੇਖੋਂ ਹਾਜ਼ਰ ਸਨ। ਉਦਘਾਟਨੀ ਸਮਾਗਮ ਵਿਚ ਚੰਡੀਗੜ੍ਹ ਦੇ ਖੇਤਰੀ ਪਾਸਪੋਰਟ ਅਫਸਰ ਸ਼ਿਵਰਾਜ ਕਵੀਰਾਜ, ਕੇਂਦਰੀ ਵਿਦੇਸ਼ੀ ਮੰਤਰਾਲੇ ਦੇ ਪਾਸਪੋਰਟ ਸੇਵਾ ਪ੍ਰਾਜੈਕਟ ਦੇ ਡਾਇਰੈਕਟਰ ਲੈਫਟੀਨੈਂਟ ਕਰਨਲ ਏ. ਕੇ. ਸਿੰਘ, ਆਈ. ਜੀ. ਸ਼੍ਰੀ ਏ. ਐੈੱਸ. ਰਾਏ, ਡਿਪਟੀ ਕਮਿਸ਼ਨਰ ਕੁਮਾਰ ਅਮਿਤ, ਡੀ. ਆਈ. ਜੀ. ਡਾ. ਸੁਖਚੈਨ ਸਿੰਘ ਗਿੱਲ, ਚੰਡੀਗੜ੍ਹ ਦੇ ਖੇਤਰੀ ਪਾਸਪੋਰਟ ਦਫ਼ਤਰ ਦੇ ਉਪ-ਅਧਿਕਾਰੀ ਅਮਿਤ ਕੁਮਾਰ, ਰਾਵਤ ਅਤੇ ਮੁਨੀਸ਼ ਕਪੂਰ ਤੋਂ ਇਲਾਵਾ ਪੰਜਾਬ ਤੇ ਚੰਡੀਗੜ੍ਹ ਦੇ ਚੀਫ ਪੋਸਟ-ਮਾਸਟਰ ਜਨਰਲ ਸਲੀਮ ਹੱਕ, ਡਾਇਰੈਕਟਰ ਡਾਕ ਸੇਵਾਵਾਂ ਮਨੀਸ਼ਾ ਬਾਂਸਲ ਬਾਦਲ ਅਤੇ ਖੇਤਰੀ ਪਾਸਪੋਰਟ ਦਫ਼ਤਰ ਤੇ ਡਾਕਘਰ ਪਟਿਆਲਾ ਦੇ ਹੋਰ ਸੀਨੀਅਰ ਅਧਿਕਾਰੀ ਵੀ ਹਾਜ਼ਰ ਸਨ।
ਡੇਂਗੂ ਨਾਲ ਔਰਤ ਦੀ ਮੌਤ
NEXT STORY