ਫਿਰੋਜ਼ਪੁਰ (ਸੰਨੀ ਚੋਪੜਾ): ਫਿਰੋਜ਼ਪੁਰ ਵਿਚ ਤਿਉਹਾਰਾਂ ਦੇ ਸੀਜ਼ਨ ਤੋਂ ਪਹਿਲਾਂ ਫੂਡ ਸੇਫਟੀ ਵਿਭਾਗ ਨੇ ਮਿਲਾਵਟੀ ਅਤੇ ਸ਼ੱਕੀ ਖਾਦ ਪਦਾਰਥਾਂ ਖ਼ਿਲਾਫ਼ ਵੱਡੀ ਕਾਰਵਾਈ ਕੀਤੀ ਹੈ। ਗੁਪਤ ਸੂਚਨਾ ਦੇ ਆਧਾਰ ’ਤੇ ਕੀਤੀ ਗਈ ਚੈਕਿੰਗ ਦੌਰਾਨ ਕਰੀਬ 850 ਕਿਲੋਗ੍ਰਾਮ ਖੋਆ ਅਤੇ 5 ਕੁਇੰਟਲ ਸ਼ੱਕੀ ਪਤੀਸਾ ਬਰਾਮਦ ਹੋਇਆ ਹੈ, ਜਿਸ ਦੇ ਸੈਂਪਲ ਲੈ ਕੇ ਜਾਂਚ ਲਈ ਲੈਬ ਵਿਚ ਭੇਜੇ ਗਏ ਹਨ।
ਫਿਰੋਜ਼ਪੁਰ ਫੂਡ ਸੇਫਟੀ ਵਿਭਾਗ ਵੱਲੋਂ ਪਿੰਡਾਂ ਵਿਚ ਮਿਠਾਈਆਂ ਦੀ ਵਿਕਰੀ ਅਤੇ ਬਾਹਰੋਂ ਆ ਰਹੇ ਸ਼ੱਕੀ ਖਾਦ ਪਦਾਰਥਾਂ ਦੀ ਚੈਕਿੰਗ ਲਈ ਮੁਹਿੰਮ ਚਲਾਈ ਜਾ ਰਹੀ ਹੈ। ਇਸੇ ਤਹਿਤ ਗੁਪਤ ਸੂਚਨਾ ਮਿਲਣ ਤੋਂ ਬਾਅਦ ਵਿਭਾਗ ਦੀ ਟੀਮ ਨੇ ਸਵੇਰ ਤੋਂ ਹੀ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਈ। ਸੂਚਨਾ ਸੀ ਕਿ ਫਿਰੋਜ਼ਪੁਰ ਸ਼ਹਿਰ ਤੋਂ ਵੱਡੀ ਮਾਤਰਾ ਵਿਚ ਮਿਠਾਈਆਂ ਅਤੇ ਖੋਆ ਪਿੰਡਾਂ ਵਿਚ ਸਪਲਾਈ ਕੀਤਾ ਜਾ ਰਿਹਾ ਹੈ। ਚੈਕਿੰਗ ਦੌਰਾਨ ਲਗਭਗ 850 ਕਿਲੋਗ੍ਰਾਮ ਖੋਆ ਮਿਲਿਆ, ਜਿਸ ਦੇ ਸੈਂਪਲ ਨਿਯਮਾਂ ਅਨੁਸਾਰ ਲੈ ਕੇ ਜਾਂਚ ਲਈ ਲੈਬ ਭੇਜੇ ਗਏ ਹਨ। ਇਸ ਤੋਂ ਇਲਾਵਾ ਮੋਗਾ ਤੋਂ ਆ ਰਿਹਾ ਲਗਭਗ 5 ਕੁਇੰਟਲ ਸ਼ੱਕੀ ਪਤੀਸਾ ਵੀ ਮਿਲਿਆ। ਵਿਭਾਗ ਵੱਲੋਂ ਪਤੀਸੇ ਨੂੰ ਅਗਲੇਰੀ ਜਾਂਚ ਅਤੇ ਲੈਬ ਰਿਪੋਰਟ ਆਉਣ ਤੱਕ ਸੀਲ ਕਰ ਦਿੱਤਾ ਗਿਆ ਹੈ।
ਵਿਭਾਗ ਦੇ ਅਨੁਸਾਰ ਲੈਬਾਰਟਰੀ ਰਿਪੋਰਟ ਆਉਣ ਤੋਂ ਬਾਅਦ ਨਤੀਜਿਆਂ ਦੇ ਆਧਾਰ ’ਤੇ Food Safety and Standards Act, 2006 ਅਤੇ ਸਬੰਧਤ ਨਿਯਮਾਂ ਤਹਿਤ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਫੂਡ ਸੇਫਟੀ ਵਿਭਾਗ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਮਿਠਾਈ ਜਾਂ ਕੋਈ ਹੋਰ ਖਾਦ ਪਦਾਰਥ ਖਰੀਦਣ ਸਮੇਂ ਦੁਕਾਨਦਾਰ ਦਾ FSSAI ਲਾਇਸੈਂਸ ਜਾਂ ਰਜਿਸਟ੍ਰੇਸ਼ਨ, ਸਫਾਈ, ਖਾਦ ਪਦਾਰਥ ਦੀ ਗੁਣਵੱਤਾ ਅਤੇ ਮਿਆਦ ਜ਼ਰੂਰ ਚੈੱਕ ਕਰਨ। ਵਿਭਾਗ ਨੇ ਕਿਹਾ ਕਿ ਬਾਹਰਲੇ ਸ਼ਹਿਰਾਂ ਜਾਂ ਜ਼ਿਲ੍ਹਿਆਂ ਤੋਂ ਆਉਣ ਵਾਲੇ ਖਾਦ ਪਦਾਰਥਾਂ ਦੀ ਸਪਲਾਈ ਅਤੇ ਗੁਣਵੱਤਾ ਦੀ ਜਾਂਚ ਵੀ ਲਗਾਤਾਰ ਜਾਰੀ ਰਹੇਗੀ।
ਨੌਜਵਾਨ ਨਸ਼ਿਆਂ ਵੱਲ ਨਹੀਂ, ਗੁਰਮਤਿ, ਵਿਦਿਆ ਤੇ ਖੇਡਾਂ ਦੇ ਰਾਹ ਤੁਰਨ: ਜਥੇਦਾਰ ਗੜਗੱਜ
NEXT STORY