ਜਲੰਧਰ (ਸ. ਸ.) - ਪੰਜਾਬ ਗਊਸ਼ਾਲਾ ਮਹਾਸੰਘ ਨੇ ਸੋਮਵਾਰ ਤੋਂ ਪੰਜਾਬ ਦੇ ਮੰਤਰੀਆਂ ਦਾ ਘਿਰਾਅ ਕਰਨ ਦਾ ਆਪਣਾ ਪ੍ਰੋਗਰਾਮ ਮੁਲਤਵੀ ਕਰ ਦਿੱਤਾ ਹੈ। ਲੁਧਿਆਣਾ ਵਿਖੇ ਖੁਰਾਕ ਅਤੇ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਵਲੋਂ ਮਹਾਸੰਘ ਦੀਆਂ ਮੰਗਾਂ ਨੂੰ ਪ੍ਰਵਾਨ ਕੀਤੇ ਜਾਣ ਦਾ ਭਰੋਸਾ ਦਿੱਤੇ ਜਾਣ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ। ਦਰਅਸਲ ਪੰਜਾਬ ਦੀਆਂ 472 ਗਊਸ਼ਾਲਾਵਾਂ ਦਾ ਲਗਭਗ ਛੇ ਕਰੋੜ ਰੁਪਏ ਦਾ ਬਿਜਲੀ ਦਾ ਬਿੱਲ ਬਕਾਇਆ ਹੈ, ਜਿਸ ਦੀ ਅਦਾਇਗੀ ਨਾ ਹੋਣ 'ਤੇ ਸੂਬੇ ਵਿਚ ਬਿਜਲੀ ਵਿਭਾਗ ਵਲੋਂ ਗਊਸ਼ਾਲਾਵਾਂ ਦੇ ਕੁਨੈਕਸ਼ਨ ਕੱਟੇ ਜਾ ਰਹੇ ਸਨ, ਇਸ ਦੇ ਵਿਰੋਧ ਵਿਚ ਪੰਜਾਬ ਗਊਸ਼ਾਲਾ ਮਹਾਸੰਘ ਨੇ ਸੋਮਵਾਰ ਤੋਂ ਪੰਜਾਬ ਦੇ ਸਾਰੇ ਮੰਤਰੀਆਂ ਦੀਆਂ ਕੋਠੀਆਂ ਦਾ ਘਿਰਾਅ ਕਰਨ ਦਾ ਐਲਾਨ ਕੀਤਾ ਸੀ। ਇਸ ਵਿਚਕਾਰ ਭਾਰਤੀ ਗਊ ਸੇਵਾ ਮਿਸ਼ਨ ਦੇ ਪ੍ਰਧਾਨ ਸਵਾਮੀ ਕ੍ਰਿਸ਼ਨਾ ਨੰਦ ਨੇ ਪੰਜਾਬ ਕਾਂਗਰਸ ਦੀ ਆਗੂ ਨਿਮਿਸ਼ਾ ਮਹਿਤਾ ਕੋਲ ਇਹ ਮੁੱਦਾ ਚੁੱਕ ਕੇ ਇਸ ਦਾ ਹੱਲ ਕਰਵਾਉਣ ਦੀ ਮੰਗ ਕੀਤੀ। ਨਿਮਿਸ਼ਾ ਮਹਿਤਾ ਨੇ ਹਿੰਦੂਆਂ ਦੀਆਂ ਭਾਵਨਾਵਾਂ ਨੂੰ ਦੇਖਦਿਆਂ ਤੁਰੰਤ ਇਸ ਮਸਲੇ 'ਤੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨਾਲ ਗੱਲਬਾਤ ਕੀਤੀ ਅਤੇ ਪੰਜਾਬ ਗਊਸ਼ਾਲਾ ਮਹਾਸੰਘ ਦੇ ਆਗੂਆਂ ਦੀ ਉਨ੍ਹਾਂ ਨਾਲ ਮੀਟਿੰਗ ਤੈਅ ਕਰਵਾਈ। ਸ਼ਨੀਵਾਰ ਨੂੰ ਮਹਾਸੰਘ ਦੇ ਲਗਭਗ 40 ਆਗੂ ਭਾਰਤ ਭੂਸ਼ਣ ਆਸ਼ੂ ਨੂੰ ਮਿਲੇ ਅਤੇ ਆਪਣੀਆਂ ਮੰਗਾਂ ਦਾ ਇਕ ਮੰਗ ਪੱਤਰ ਉਨ੍ਹਾਂ ਨੂੰ ਸੌਂਪਿਆ। ਇਸ ਦੌਰਾਨ ਭਾਰਤ ਭੂਸ਼ਣ ਆਸ਼ੂ ਨੇ ਤੁਰੰਤ ਇਸ ਮਸਲੇ ਵਿਚ ਬਿਜਲੀ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨਾਲ ਗੱਲਬਾਤ ਕੀਤੀ ਅਤੇ ਬੁੱਧਵਾਰ ਨੂੰ ਇਸ ਮਸਲੇ 'ਤੇ ਗਊਸੇਵਕਾਂ ਦੀ ਬਿਜਲੀ ਮੰਤਰੀ ਨਾਲ ਮੀਟਿੰਗ ਫਿਕਸ ਕਰਵਾ ਦਿੱਤੀ।
ਪੰਜਾਬ ਦੀਆਂ ਗਊਸ਼ਾਲਾਵਾਂ 'ਤੇ ਕਰੀਬ 6 ਕਰੋੜ ਰੁਪਏ ਦਾ ਬਿਜਲੀ ਦਾ ਬਿੱਲ ਬਕਾਇਆ ਹੈ। ਇਸ ਵਿਚੋਂ ਸਾਢੇ 3 ਕਰੋੜ ਰੁਪਏ ਸਰਕਾਰ ਵਲੋਂ ਕਾਓ ਸੈੱਸ ਦੇ ਰੂਪ ਵਿਚ ਵਸੂਲੇ ਗਏ ਹਨ। ਇਹ ਪੈਸਾ ਬਿਜਲੀ ਬੋਰਡ ਕੋਲ ਹੀ ਹੈ। ਬਾਕੀ ਕਰੀਬ ਢਾਈ ਕਰੋੜ ਰੁਪਏ ਦਾ ਬਿੱਲ ਬਕਾਇਆ ਹੈ, ਜਿਸ ਦੀ ਅਦਾਇਗੀ ਸਰਕਾਰ ਵਲੋਂ ਕੀਤੀ ਜਾਣੀ ਹੈ। ਪਹਿਲਾਂ ਗਾਊਸ਼ਾਲਾ 'ਤੇ ਬਿਜਲੀ ਦੇ ਬਿੱਲ ਨਹੀਂ ਸੀ ਲੱਗਦੇ ਪਰ ਹੁਣ ਸਰਕਾਰ ਨੇ ਬਿੱਲ ਭੇਜ ਦਿੱਤੇ ਸਨ, ਸਾਡੀ ਇਹ ਮੰਗ ਹੈ ਕਿ ਗਊਸ਼ਾਲਾ 'ਤੇ ਬਿਜਲੀ ਦਾ ਬਿੱਲ ਨਾ ਲਾਇਆ ਜਾਵੇ।
- ਸੁੰਦਰ ਦਾਸ ਧਮੀਜਾ, ਚੇਅਰਮੈਨ, ਸ੍ਰੀ ਗੋਵਿੰਦ ਗਊਧਾਮ ਲੁਧਿਆਣਾ।
ਇਹ ਹਿੰਦੂਆਂ ਦੀ ਆਸਥਾ ਨਾਲ ਜੁੜਿਆ ਮੁੱਦਾ ਹੈ, ਲਿਹਾਜਾ ਗਊਸੇਵਕਾਂ ਵਲੋਂ ਪਹੁੰਚ ਕੀਤੇ ਜਾਣ ਤੋਂ ਬਾਅਦ ਮੈਂ ਸਰਕਾਰ ਦੇ ਜ਼ਰੀਏ ਇਸ ਮੁੱਦੇ ਦਾ ਹੱਲ ਕਰਵਾਉਣ ਦੀ ਨਿਮਾਣੀ ਜਿਹੀ ਕੋਸ਼ਿਸ਼ ਕੀਤੀ ਹੈ ਅਤੇ ਮੈਨੂੰ ਉਮੀਦ ਹੈ ਕਿ ਅਗਲੇ ਹਫਤੇ ਤਕ ਇਹ ਮਾਮਲਾ ਨਿੱਬੜ ਜਾਵੇਗਾ ਅਤੇ ਮੈਨੂੰ ਪੂਰਾ ਭਰੋਸਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹਿੰਦੂਆਂ ਦੀ ਆਸਥਾ ਨੂੰ ਦੇਖਦੇ ਹੋਏ ਇਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਵਾਉਣਗੇ।
- ਨਿਮਿਸ਼ਾ ਮਹਿਤਾ, ਸੀਨੀਅਰ ਆਗੂ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ।
ਕੇਂਦਰੀ ਜੇਲ 'ਚ ਕੈਦੀ ਦੀ ਮੌਤ
NEXT STORY