ਪਟਿਆਲਾ,(ਬਲਜਿੰਦਰ) : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ-ਪ੍ਰਧਾਨ ਤੇ ਸਾਬਕਾ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਪੰਜਾਬ ਸਰਕਾਰ ਆੜ੍ਹਤੀਆਂ ਤੇ ਕਿਸਾਨਾਂ 'ਚ ਪਾੜਾ ਪੁਆ ਕੇ ਆਪਣੀ ਨਾਲਾਇਕੀ ਨੂੰ ਛੁਪਾ ਰਹੀ ਹੈ। ਸਰਕਾਰ ਨੂੰ ਇਸ ਮਸਲੇ ਨੂੰ ਪਹਿਲ ਦੇ ਆਧਾਰ 'ਤੇ ਹੱਲ ਕਰਨਾ ਚਾਹੀਦਾ ਹੈ। ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਨਾਲਾਇਕੀ ਕਾਰਣ ਸੂਬੇ ਦੇ ਕਿਸਾਨਾਂ ਨੂੰ ਮੰਡੀਆਂ 'ਚ ਰੁਲਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ। ਸੂਬੇ ਵਿਚ ਸਰਕਾਰ ਦੇ 1 ਅਕਤੂਬਰ ਤੋਂ ਖਰੀਦ ਦੇ ਐਲਾਨ ਦੇ ਬਾਵਜੂਦ ਵੀ ਪਿਛਲੇ 4 ਦਿਨਾਂ ਵਿਚ ਕਿਸਾਨਾਂ ਦੀ ਫਸਲ ਦਾ ਇਕ ਵੀ ਦਾਣਾ ਨਹੀਂ ਖਰੀਦਿਆ ਜਾ ਰਿਹਾ। ਕਿਸਾਨਾਂ ਨੂੰ ਇਕ ਪਾਸੇ ਨੂੰ ਮੌਸਮ ਦੀ ਮਾਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਦੂਜੇ ਪਾਸੇ ਸਰਕਾਰ ਝੋਨੇ ਦੀ ਖਰੀਦ ਬਾਰੇ ਕੋਈ ਹੱਲ ਕਰਨ ਲਈ ਤਿਆਰ ਨਹੀਂ। ਚੰਦੂਮਾਜਰਾ ਨੇ ਸ਼ੈਲਰ ਮਾਲਕਾਂ ਦੇ ਹੱਕ ਵਿਚ ਵੀ ਅਵਾਜ਼ ਬੁਲੰਦ ਕੀਤੀ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਸਰਕਾਰ ਨਵੀਂ ਮਿਲਿੰਗ ਪਾਲਿਸੀ ਵਿਚ ਸ਼ੈਲਰ ਮਾਲਕਾਂ ਨਾਲ ਧੱਕਾ ਕਰਨ ਜਾ ਰਹੀ ਹੈ, ਉਸ ਨਾਲ ਪੰਜਾਬ ਦੀ ਵੱਡੀ ਐਗਰੋਬੇਸਡ ਇੰਡਸਟਰੀ ਦਾ ਭਵਿੱਖ ਖਤਰੇ ਵਿਚ ਪੈ ਸਕਦਾ ਹੈ। ਉਨ੍ਹਾਂ ਕਿਹਾ ਕਿ ਐੱਫ. ਸੀ. ਆਈ. ਜਿੰਨੀ ਥਾਂ ਦੇਵੇਗੀ, ਰਾਈਸ ਮਿੱਲਰ ਓਨੀ ਹੀ ਮਿਲਿੰਗ ਕਰ ਸਕਦੇ ਹਨ। ਜਦੋਂ ਚੌਲ ਲੱਗਣ ਲਈ ਥਾਂ ਨਹੀਂ ਹੋਏਗੀ ਤਾਂ ਫਿਰ ਉਹ ਕਿਸ ਤਰ੍ਹਾਂ ਮਿਲਿੰਗ ਕਰ ਸਕਦੇ ਹਨ?
ਚੰਦੂਮਾਜਰਾ ਨੇ ਕਿਹਾ ਕਿ ਪਹਿਲਾਂ ਆੜ੍ਹਤੀਆਂ ਵੱਲੋਂ ਖਰੀਦ ਦਾ ਬਾਈਕਾਟ ਕੀਤਾ ਗਿਆ ਹੈ। ਹੁਣ ਸ਼ੈਲਰ ਮਾਲਕਾਂ ਨੇ ਵੀ ਸਟੋਰ ਕਰਨ ਤੋਂ ਨਾਂਹ ਕਰ ਦਿੱਤੀ ਹੈ। ਇਸ ਦਾ ਖਮਿਆਜ਼ਾ ਕਿਸਾਨਾਂ ਨੂੰ ਭੁਗਤਣਾ ਪੈ ਰਿਹਾ ਹੈ। ਚੰਦੂਮਾਜਰਾ ਨੇ ਹੈਰਾਨੀ ਪ੍ਰਗਟ ਕੀਤੀ ਕਿ ਸਰਕਾਰ ਵੱਲੋਂ ਝੋਨੇ ਦੀ ਖਰੀਦ ਦੇ ਬਾਈਕਾਟ ਦੇ ਐਲਾਨ ਨੂੰ ਹੱਲ ਕਰਵਾਉਣ ਲਈ ਕਿਸੇ ਤਰ੍ਹਾਂ ਦੀ ਕੋਈ ਕੋਸ਼ਿਸ਼ ਨਹੀਂ ਕੀਤੀ ਜਾ ਰਹੀ। ਇਸ ਮੌਕੇ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ, ਸ਼੍ਰੋਮਣੀ ਅਕਾਲੀ ਦਲ ਪਟਿਆਲਾ ਸ਼ਹਿਰੀ ਦੇ ਪ੍ਰਧਾਨ ਹਰਪਾਲ ਜੁਨੇਜਾ, ਪ੍ਰੋ. ਚੰਦੂਮਾਜਰਾ ਦੇ ਸਿਆਸੀ ਸਕੱਤਰ ਜਗਜੀਤ ਸਿੰਘ ਕੋਹਲੀ, ਮੁਸਲਿਮ ਵਿੰਗ ਮਾਲਵਾ ਜ਼ੋਨ-2 ਦੇ ਪ੍ਰਧਾਨ ਮੂਸਾ ਖਾਨ, ਸਾਬਕਾ ਕੌਂਸਲਰ ਸੁਖਬੀਰ ਸਿੰਘ ਅਬਲੋਵਾਲ, ਸਾਬਕਾ ਕੌਂਸਲਰ ਸੁਖਵਿੰਦਰਪਾਲ ਸਿੰਘ ਮਿੰਟਾ, ਜਸਵਿੰਦਰਪਾਲ ਸਿੰਘ ਚੱਢਾ, ਜਸਵੰਤ ਸਿੰਘ ਖੋਖਰ, ਸਿਮਰਨਜੀਤ ਸਿੰਘ ਚਨਾਰਥਲ ਅਤੇ ਦਵਿੰਦਰ ਸਿੰਘ ਚੱਢਾ ਵੀ ਹਾਜ਼ਰ ਸਨ।
ਪੰਜਾਬ ਦੇ ਕਿਸਾਨਾਂ ਨੇ 2 ਸਾਲਾ ਵਿਚ ਇਸ ਤਰ੍ਹਾਂ ਬਚਾਏ 300 ਕਰੋੜ ਰੁਪਏ
NEXT STORY