ਪਟਿਆਲਾ (ਰਾਜੇਸ਼)-ਪੰਜਾਬ ਸਰਕਾਰ ਵੱਲੋਂ ਪੂਰੀ ਯੋਜਨਾ ਬਣਾ ਕੇ ਪੰਜਾਬ ਵਿਚ ਨਾਜਾਇਜ਼ ਤੌਰ 'ਤੇ ਚੱਲ ਰਹੀਆਂ ਬਾਦਲ ਪਰਿਵਾਰ ਅਤੇ ਹੋਰ ਪ੍ਰਾਈਵੇਟ ਟਰਾਂਸਪੋਰਟਰਾਂ ਦੀਆਂ ਪ੍ਰਾਈਵੇਟ ਬੱਸਾਂ 'ਤੇ ਵਿਜੀਲੈਂਸ ਵੱਲੋਂ ਕੀਤੀ ਕਾਰਵਾਈ ਦਾ ਪੰਜਾਬ ਸਰਕਾਰ ਦੀ ਟਰਾਂਸਪੋਰਟ ਕਾਰਪੋਰੇਸ਼ਨ ਪੀ. ਆਰ. ਟੀ. ਸੀ. ਨੇ ਖੂਬ ਲਾਭ ਉਠਾਇਆ। ਸ਼ੁੱਕਰਵਾਰ ਨੂੰ ਪੀ. ਆਰ. ਟੀ. ਸੀ. ਨੇ ਅਚਾਨਕ ਹੀ 5 ਨਵੀਆਂ ਬੱਸਾਂ ਚਾਲੂ ਕਰ ਦਿੱਤੀਆਂ।
ਦੇਰ ਸ਼ਾਮ ਫੋਕਲ ਪੁਆਇੰਟ ਵਿਖੇ ਆਯੋਜਿਤ ਪ੍ਰੋਗਰਾਮ ਦੌਰਾਨ ਚੇਅਰਮੈਨ ਸ਼੍ਰੀ ਕੇ. ਕੇ. ਸ਼ਰਮਾ ਅਤੇ ਐੈੱਮ. ਡੀ. ਮਨਜੀਤ ਸਿੰਘ ਨਾਰੰਗ ਨੇ ਇਨ੍ਹਾਂ ਬੱਸਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ।
ਫੋਕਲ ਪੁਆਇੰਟ ਇੰਡਸਟਰੀਜ਼ ਐਸੋਸੀਏਸ਼ਨ ਦੇ ਚੇਅਰਮੈਨ ਸ਼੍ਰੀ ਪਰਮਜੀਤ ਸਿੰਘ, ਪ੍ਰਧਾਨ ਅਸ਼ਵਨੀ ਕੁਮਾਰ, ਵਾਈਸ ਪ੍ਰਧਾਨ ਕਮਲ ਮਹਿੰਦਰ ਸਿੰਘ ਤੇ ਜਨਰਲ ਸੈਕਟਰੀ ਆਦਰਸ਼ਪਾਲ ਸਿੰਘ ਸੋਢੀ ਦੀ ਮੰਗ 'ਤੇ ਪੀ. ਆਰ. ਟੀ. ਸੀ. ਵੱਲੋਂ ਇਹ ਬੱਸਾਂ ਚਲਾਈਆਂ ਗਈਆਂ। ਇਹ ਬੱਸਾਂ ਫੋਕਲ ਪੁਆਇੰਟ ਇੰਡਸਟਰੀਅਲ ਏਰੀਆ ਤੋਂ ਬੱਸ ਸਟੈਂਡ ਪਟਿਆਲਾ ਲਈ ਚੱਲਣਗੀਆਂ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਚੇਅਰਮੈਨ ਸ਼੍ਰੀ ਸ਼ਰਮਾ ਨੇ ਦੱਸਿਆ ਕਿ ਇਹ ਬੱਸ ਰੋਜ਼ਾਨਾ ਬੱਸ ਸਟੈਂਡ ਪਟਿਆਲਾ ਤੋਂ ਸਵੇਰੇ 8 ਚੱਲ ਕੇ ਦੁੱਖ ਨਿਵਾਰਨ ਸਾਹਿਬ, ਅਨਾਜ ਮੰਡੀ, ਭੁਪਿੰਦਰਾ ਡੇਅਰੀ, ਸਰਹਿੰਦ ਰੋਡ ਬਾਈਪਾਸ ਨੂੰ ਮੁੜ ਕੇ ਅਲੀਪੁਰ ਫੋਕਲ ਪੁਆਇੰਟ ਮੋੜ ਤੋਂ ਹੋ ਕੇ ਟੋਇਟਾ ਏਜੰਸੀ, ਭਗਤ ਸਿੰਘ ਕਾਲੋਨੀ, ਮੋੜ ਦੌਲਤਪੁਰ ਤੇ ਜੀ. ਐੱਸ. ਏ. ਫੈਕਟਰੀ ਤੱਕ ਜਾਇਆ ਕਰੇਗੀ। ਸ਼ਾਮ ਨੂੰ ਉਸੇ ਰੂਟ 'ਤੇ ਜੀ. ਐੈੱਸ. ਏ. ਫੈਕਟਰੀ ਤੋਂ 17.45 ਚੱਲ ਕੇ ਬੱਸ ਸਟੈਂਡ ਪਟਿਆਲਾ ਆਵੇਗੀ। ਇਹ ਬੱਸ ਸਰਵਿਸ ਚੱਲਣ ਨਾਲ ਲੇਬਰ ਕਲਾਸ ਅਤੇ ਆਮ ਜਨਤਾ ਨੂੰ ਫਾਇਦਾ ਹੋਵੇਗਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪ. ਅਮਰਿੰਦਰ ਸਿੰਘ ਨੇ ਸਪੱਸ਼ਟ ਐਲਾਨ ਕੀਤਾ ਹੈ ਕਿ ਪ੍ਰਾਈਵੇਟ ਟਰਾਂਸਪੋਰਟਰਾਂ ਦੀ ਗੁੰਡਾਗਰਦੀ ਨਹੀਂ ਚੱਲਣ ਦਿੱਤੀ ਜਾਵੇਗੀ, ਜਿਸ ਤਹਿਤ ਸਰਕਾਰੀ ਟਰਾਂਸਪੋਰਟੇਸ਼ਨ ਦੇ ਸਿਸਟਮ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ 10 ਸਾਲ ਬਾਦਲ ਸਰਕਾਰ ਨੇ ਪੰਜਾਬ ਦੇ ਲੋਕਾਂ ਨੂੰ ਖੂਬ ਲੁੱਟਿਆ ਹੈ। ਇਕ-ਇਕ ਪਰਮਿਟ 'ਤੇ 4-4 ਪ੍ਰਾਈਵੇਟ ਬੱਸਾਂ ਚਲਾਈਆਂ ਗਈਆਂ। ਅਜਿਹਾ ਕਰ ਕੇ ਸਰਕਾਰੀ ਖਜ਼ਾਨੇ ਨੂੰ ਚੂਨਾ ਲਾਇਆ ਗਿਆ। ਹੁਣ ਕੈਪ. ਅਮਰਿੰਦਰ ਸਿੰਘ ਨੇ ਵਿਜੀਲੈਂਸ ਨੂੰ ਹੁਕਮ ਦਿੱਤੇ ਹਨ ਕਿ ਉਹ ਨਾਜਾਇਜ਼ ਚੱਲ ਰਹੀਆਂ ਪ੍ਰਾਈਵੇਟ ਬੱਸਾਂ 'ਤੇ ਸਖਤ ਕਾਰਵਾਈ ਕਰੇ।
ਬੱਸਾਂ ਦੀ ਤਰਜ਼ 'ਤੇ ਵਿਜੀਲੈਂਸ ਨਾਜਾਇਜ਼ ਆਟੋਆਂ 'ਤੇ ਵੀ ਸ਼ਿਕੰਜਾ ਕੱਸੇ : ਬੱਸ ਆਪ੍ਰੇਟਰ
NEXT STORY