ਮੁੱਦਕੀ(ਹੈਪੀ)-ਦਿਵਾਲੀਆ ਹੋ ਚੁੱਕੀ ਪੰਜਾਬ ਸਰਕਾਰ ਦੇ ਲਗਭਗ ਹਰ ਵਿਭਾਗ ਦਾ ਬੁਰਾ ਹਾਲ ਹੈ। ਸਰਕਾਰੀ ਦਫਤਰਾਂ ਦੇ ਵੱਖ-ਵੱਖ ਤਰ੍ਹਾਂ ਦੇ ਬਿੱਲਾਂ ਦਾ ਭੁਗਤਾਨ ਨਾ ਹੋਣ ਕਾਰਨ ਆਏ ਦਿਨ ਕਿਸੇ ਨਾ ਕਿਸੇ ਦਫਤਰ ਦੀਆਂ ਸੇਵਾਵਾਂ ਠੱਪ ਹੋ ਕੇ ਰਹਿ ਜਾਂਦੀਆਂ ਹਨ। ਕੁਝ ਅਜਿਹਾ ਹੀ ਹਾਲ ਮੁੱਦਕੀ ਦੇ ਦਿਹਾਤੀ ਹਸਪਤਾਲ ਕੰਪਲੈਕਸ ਅੰਦਰ ਬਣੇ ਸੇਵਾ ਕੇਂਦਰ ਦਾ ਬਣਿਆ ਹੋਇਆ ਹੈ। ਬਿਜਲੀ ਵਿਭਾਗ ਵੱਲੋਂ ਬਿੱਲ ਦਾ ਭੁਗਤਾਨ ਨਾ ਹੋਣ ਕਾਰਨ ਸੇਵਾ ਕੇਂਦਰ ਦੀ ਬਿਜਲੀ ਦੀ ਸਪਲਾਈ 13 ਸਤੰਬਰ ਤੋਂ ਕੱਟੀ ਹੋਈ ਹੈ। ਭਾਵੇਂ ਕਿ ਕੱਲ ਸ਼ਾਮ ਨੂੰ ਸੇਵਾ ਕੇਂਦਰ ਦੇ ਖਰਾਬ ਪਏ ਜਨਰੇਟਰ ਦੀ ਮੁਰੰਮਤ ਕਰਵਾ ਕੇ ਸੇਵਾਵਾਂ ਇਕ ਵਾਰ ਤਾਂ ਬਹਾਲ ਕਰ ਦਿੱਤੀਆਂ ਗਈਆਂ ਹਨ, ਪਰ ਬਿਜਲੀ ਦੇ ਕੱਟੇ ਹੋਏ ਕੁਨੈਕਸ਼ਨ ਤੇ ਖਰਾਬ ਜਨਰੇਟਰ ਦੇ ਚਲਦੇ 8 ਦਿਨ ਤੱਕ ਸੇਵਾਵਾਂ ਬਿਲਕੁਲ ਠੱਪ ਰਹੀਆਂ, ਜਦ ਕਿ ਬਿਜਲੀ ਦੀ ਸਪਲਾਈ ਅਜੇ ਵੀ ਬਹਾਲ ਨਹੀਂ ਹੋ ਸਕੀ ਹੈ।
ਕੀ ਰਹੀਆਂ ਪਰੇਸ਼ਾਨੀਆਂ
ਸੇਵਾ ਕੇਂਦਰ ਦੀ ਇੰਚਾਰਜ ਰਾਜਦੀਪ ਕੌਰ ਦੇ ਦੱਸਣ ਅਨੁਸਾਰ ਸੇਵਾ ਕੇਂਦਰ ਵਿਖੇ 150 ਪ੍ਰਕਾਰ ਦੀਆਂ ਵੱਖ-ਵੱਖ ਸੇਵਾਵਾਂ ਉਪਲਬਧ ਹਨ, ਜਿਨ੍ਹਾਂ ਦਾ ਲਾਭ ਲੈਣ ਲਈ ਰੋਜ਼ਾਨਾ ਅਨੇਕਾਂ ਲੋਕ ਸੇਵਾ ਕੇਂਦਰ ਵਿਖੇ ਆਉਂਦੇ ਹਨ ਪਰ ਬਿਜਲੀ ਗੁੱਲ ਹੋਣ ਕਾਰਨ ਇਹ ਸੇਵਾਵਾਂ ਪ੍ਰਭਾਵਿਤ ਹੋ ਰਹੀਆਂ ਹਨ। ਸੇਵਾ ਕੇਂਦਰ ਵਿਖੇ ਨਿਯੁਕਤ ਸਟਾਫ ਨੂੰ ਦਿੱਤੀਆਂ ਜਾਣ ਵਾਲੀਆਂ ਤਨਖਾਹਾਂ ਦਾ ਵੀ ਲੋਕਾਂ ਨੂੰ ਪੂਰਾ ਫਾਇਦਾ ਨਹੀਂ ਹੋ ਰਿਹਾ ਹੈ। ਜਿਵੇਂ ਕਿ ਪਿਛਲੇ ਅੱਠ ਦਿਨਾਂ 'ਚ ਸਟਾਫ ਵੱਲੋਂ ਕੋਈ ਕੰਮ ਨਹੀਂ ਕੀਤਾ ਜਾ ਸਕਿਆ ਤੇ ਲੋਕ ਖਾਲੀ ਹੱਥੀਂ ਹੀ ਇੱਥੋਂ ਮੁੜਦੇ ਰਹੇ।
ਲੋਕਾਂ ਦੀ ਹੁੰਦੀ ਹੈ ਆਰਥਿਕ ਲੁੱਟ
ਸੇਵਾ ਕੇਂਦਰ ਵਿਖੇ ਉਪਲਬਧ ਸੇਵਾਵਾਂ ਦੇ ਠੱਪ ਜਾਂ ਪ੍ਰਭਾਵਿਤ ਹੋਣ 'ਤੇ ਲੋਕਾਂ ਨੂੰ ਆਰਥਿਕ ਲੁੱਟ ਦਾ ਵੀ ਸ਼ਿਕਾਰ ਹੋਣਾ ਪੈਂਦਾ ਹੈ। ਆਧਾਰ ਕਾਰਡ ਦੀ ਇਨਰੋਲਮੈਂਟ ਜਾਂ ਅਪਡੇਸ਼ਨ ਵਰਗੀਆਂ ਕਈ ਅਜਿਹੀਆਂ ਸੇਵਾਵਾਂ ਹਨ, ਜੋ ਇਨ੍ਹਾਂ ਸੇਵਾ ਕੇਂਦਰਾਂ ਤੋਂ ਇਲਾਵਾ ਬਾਹਰ ਨਿੱਜੀ ਸੰਸਥਾਨਾਂ 'ਤੇ ਵੀ ਉਪਲਬਧ ਹਨ। ਸੇਵਾ ਕੇਂਦਰਾਂ 'ਚ ਇਹ ਸੇਵਾਵਾਂ ਮਾਮੂਲੀ ਫੀਸ 'ਤੇ ਉਪਲਬਧ ਹਨ, ਜਦ ਕਿ ਬਾਹਰ ਇਨ੍ਹਾਂ ਸੇਵਾਵਾਂ ਲਈ ਭਾਰੀ ਵਸੂਲੀ ਕੀਤੀ ਜਾਂਦੀ ਹੈ। ਇਸ ਤਰ੍ਹਾਂ ਸੇਵਾ ਕੇਂਦਰ ਦੀਆਂ ਸੇਵਾਵਾਂ ਪ੍ਰਭਾਵਿਤ ਹੋਣ ਨਾਲ ਜਿਥੇ ਲੋਕਾਂ ਦੀ ਖੱਜਲ-ਖੁਆਰੀ ਹੁੰਦੀ ਹੈ, ਉਥੇ ਉਨ੍ਹਾਂ ਦੀ ਲੁੱਟ ਵੀ ਹੁੰਦੀ ਹੈ।
ਕੀ ਕਹਿੰਦੇ ਹਨ ਅਧਿਕਾਰੀ
ਮਾਮਲੇ ਸਬੰਧੀ ਤਲਵੰਡੀ ਭਾਈ ਸਬ ਤਹਿਸੀਲ ਦੇ ਤਹਿਸੀਲਦਾਰ ਵਿਜੇ ਕੁਮਾਰ ਬਹਿਲ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਤਾਂ ਸੇਵਾ ਕੇਂਦਰ ਦਾ ਬਿਜਲੀ ਕੁਨੈਕਸ਼ਨ ਕੱਟਣ ਤੇ ਜੈਨਰੇਟਰ ਦੀ ਖਰਾਬੀ ਬਾਰੇ ਪਤਾ ਹੀ ਨਹੀਂ ਸੀ, ਨਹੀਂ ਤਾਂ ਉਹ ਪਹਿਲਾਂ ਹੀ ਸਮੱਸਿਆ ਦਾ ਹੱਲ ਕਰਵਾ ਦਿੰਦੇ। ਭਾਵੇਂ ਕਿ ਜਨਰੇਟਰ ਦੀ ਸਹਾਇਤਾ ਨਾਲ ਕੇਂਦਰ ਦਾ ਕੰਮ ਸ਼ੁਰੂ ਕਰਵਾ ਦਿੱਤਾ ਗਿਆ ਹੈ ਪਰ ਉਡੀਕ ਹੈ ਕਿ ਬਿਜਲੀ ਦੀ ਸਪਲਾਈ ਕਦੋਂ ਬਹਾਲ ਹੋਵੇਗੀ।
ਮਕਾਨ ਦੀ ਛੱਤ ਡਿੱਗੀ, ਘਰੇਲੂ ਸਾਮਾਨ ਨੁਕਸਾਨਿਆ
NEXT STORY