ਚੰਡੀਗੜ੍ਹ : ਪੰਜਾਬ ਸਰਕਾਰ ਵੱਲੋਂ ਆਪਣੇ ਮੁਲਾਜ਼ਮਾਂ ਦੀ ਸੁਰੱਖਿਆ ਅਤੇ ਤੰਦਰੁਸਤੀ ਨੂੰ ਯਕੀਨੀ ਬਣਾਉਣ ਲਈ ਕੋਵਿਡ-19 ਮਹਾਂਮਾਰੀ ਦੌਰਾਨ ਸਰਕਾਰੀ ਦਫਤਰਾਂ ਦਾ ਕੰਮਕਾਜ ਸੁਰੱਖਿਅਤ ਢੰਗ ਨਾਲ ਚਲਾਉਣ ਸਬੰਧੀ ਵਿਸਥਾਰਤ ਦਿਸ਼ਾ-ਨਿਰਦੇਸ਼ ਅਤੇ ਪ੍ਰੋਟੋਕੋਲ ਜਾਰੀ ਕੀਤੇ ਹਨ ਅਤੇ ਮੁਲਾਜ਼ਮਾਂ ਦੀ ਸਿਹਤ 'ਤੇ ਰੋਜ਼ਾਨਾ ਨਿਗਰਾਨੀ ਰੱਖਣ ਲਈ ਹਰੇਕ ਵਿਭਾਗ ਲਈ ਨੋਡਲ ਅਧਿਕਾਰੀ ਨਿਯੁਕਤ ਕੀਤੇ ਗਏ ਹਨ।
2 ਮੀਟਰ ਦੀ ਦੂਰੀ ਬਣਾਈ ਜਾਵੇ
ਇਸ ਸਬੰਧੀ ਜਾਣਕਾਰੀ ਦਿੰਦਿਆਂ ਇਕ ਬੁਲਾਰੇ ਨੇ ਦੱਸਿਆ ਕਿ ਇਹ ਨਿਰਦੇਸ਼ ਦਿੱਤੇ ਗਏ ਹਨ ਕਿ ਮੁਲਾਜ਼ਮਾਂ ਦਰਮਿਆਨ ਘੱਟੋ-ਘੱਟ ਦੋ ਮੀਟਰ ਦੀ ਦੂਰੀ ਨੂੰ ਯਕੀਨੀ ਬਣਾਇਆ ਜਾਵੇ ਅਤੇ ਇਸ ਦੇ ਮੁਤਾਬਕ ਹੀ ਦਫਤਰਾਂ 'ਚ ਬੈਠਣ ਦੀ ਵਿਵਸਥਾ ਕੀਤੀ ਜਾਵੇ। ਨੋਡਲ ਅਧਿਕਾਰੀਆਂ ਨੂੰ ਆਪਣੀ ਰਿਪੋਰਟ ਦਫਤਰ ਦੇ ਮੁਖੀ ਨੂੰ ਸੌਂਪਣੀ ਹੋਵੇਗੀ।
ਸਹੂਲਤ ਮੁਤਾਬਕ ਮੁਲਾਜ਼ਮਾਂ ਨੂੰ ਮਿਲੇ ਖਾਣ-ਪੀਣ ਦਾ ਸਮਾਂ
ਦਫਤਰ ਆਉਣ ਵਾਲੇ ਮੁਲਾਜ਼ਮਾਂ ਨੂੰ ਡਿਊਟੀ ਲਈ ਰਿਪੋਰਟ ਕਰਨ, ਡਿਊਟੀ ਤੋਂ ਬਾਅਦ ਘਰ ਜਾਣ, ਦੁਪਹਿਰ ਦੇ ਖਾਣੇ ਅਤੇ ਚਾਹ ਪੀਣ ਦੀ ਸਹੂਲਤ ਮੁਤਾਬਕ ਸਮਾਂ ਦੇਣਾ ਚਾਹੀਦਾ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਦਫ਼ਤਰਾਂ 'ਚ ਭੀੜ ਨਾ ਹੋਵੇ ਅਤੇ ਇੱਕ-ਦੂਜੇ ਤੋਂ ਸਮਾਜਿਕ ਦੂਰੀ ਰੱਖਣ ਸਬੰਧੀ ਨਿਯਮਾਂ ਦੀ ਪਾਲਣਾ ਕੀਤਾ ਜਾ ਸਕੇ।
ਦਫਤਰ ਨਾ ਆ ਸਕਣ 'ਤੇ ਮੁਲਾਜ਼ਮਾਂ ਨੂੰ ਮਿਲੇ ਛੁੱਟੀ
ਅਜਿਹੇ ਮੁਲਾਜ਼ਮ, ਜਿਹੜੇ ਕੋਵਿਡ-19 ਲਈ ਪਾਜ਼ੇਟਿਵ ਪਾਏ ਜਾਣ ਕਰਕੇ ਜਾਂ ਉਨ੍ਹਾਂ ਦੀ ਰਿਹਾਇਸ਼ ਕੰਟੇਨਮੈਂਟ ਜ਼ੋਨ ਜਾਂ ਬਫ਼ਰ ਜ਼ੋਨ 'ਚ ਹੋਣ ਕਰਕੇ ਦਫ਼ਤਰ ਨਹੀਂ ਜਾ ਸਕਦੇ, ਨੂੰ ਸਿਵਲ ਸਰਵਿਸ ਰੂਲਜ਼ ਦੀਆਂ ਧਾਰਾਵਾਂ ਦੇ ਮੁਤਾਬਕ ਵੱਧ ਤੋਂ ਵੱਧ 30 ਦਿਨ ਦੀ ਕੁਆਰੰਟਾਈਨ ਲੀਵ (ਛੁੱਟੀ) ਦਿੱਤੀ ਜਾਵੇਗੀ। ਜੇਕਰ ਕੋਈ ਮੁਲਾਜ਼ਮ ਫਿਰ ਵੀ ਅਜਿਹੇ ਕਾਰਨਾਂ ਕਰਕੇ, ਜੋ ਉਸ ਦੇ ਕੰਟਰੋਲ ਤੋਂ ਬਾਹਰ ਹਨ ਅਤੇ ਉਹ ਕੁਆਰੰਟਾਈਨ ਲੀਵ ਦੇ 30 ਦਿਨਾਂ ਬਾਅਦ ਵੀ ਦਫਤਰ ਹਾਜ਼ਰ ਨਹੀਂ ਹੋ ਸਕਦਾ ਤਾਂ ਉਸ ਨੂੰ ਸਧਾਰਨ (ਆਰਡੇਨਰੀ) ਛੁੱਟੀ ਦਿੱਤੀ ਜਾਵੇਗੀ।
'ਬਾਇਓਮੈਟ੍ਰਿਕ ਅਟੈਂਡੈਂਸ' ਰਹੇਗੀ ਬੰਦ
ਦਫ਼ਤਰ ਦਾ ਮੁਖੀ ਕਿਸੇ ਵੀ ਵਿਸ਼ੇਸ਼ ਦਿਨ ਦਫਤਰ ਆਉਣ ਵਾਲੇ ਸਾਰੇ ਮੁਲਾਜ਼ਮਾਂ ਦਾ ਸੰਪੂਰਨ ਅਤੇ ਢੁੱਕਵਾਂ ਰਿਕਾਰਡ ਰੱਖੇਗਾ ਅਤੇ ਭੌਤਿਕ ਫਾਈਲਾਂ ਦੀ ਵਰਤੋਂ ਅਤੇ ਭੌਤਿਕ ਪੱਤਰ/ਨੋਟਿਸ/ਮੈਮੋ ਰਾਹੀਂ ਸੂਚਨਾਵਾਂ ਦੇ ਸੰਚਾਰ ਤੋਂ ਪਰਹੇਜ਼ ਕੀਤਾ ਜਾਵੇ। ਬਾਇਓਮੈਟ੍ਰਿਕ ਅਟੈਂਡੈਂਸ ਸਿਸਟਮ (ਬੀ.ਏ.ਐੱਸ.) ਦੀ ਵਰਤੋਂ ਆਰਜ਼ੀ ਤੌਰ 'ਤੇ ਬੰਦ ਰਹੇਗੀ। ਜਿੱਥੋਂ ਤੱਕ ਹੋ ਸਕੇ ਸਾਰਾ ਦਫਤਰੀ ਕੰਮ ਈ-ਆਫ਼ਿਸ, ਸਰਕਾਰੀ ਈਮੇਲਾਂ, ਟੈਲੀਫੋਨ, ਐਸ. ਐਮ. ਐਸ, ਵਟਸਐਪ, ਪੀ. ਬੀ. ਜੀ. ਆਰ. ਏ. ਐਮ ਅਤੇ ਹੋਰ ਇਲੈਕਟ੍ਰਾਨਿਕ ਮਾਧਿਅਮ ਜ਼ਰੀਏ ਕੀਤਾ ਜਾਣਾ ਚਾਹੀਦਾ ਹੈ ਅਤੇ ਸਾਰੀਆਂ ਸਰਕਾਰੀ ਮੀਟਿੰਗਾਂ ਜਿੱਥੋਂ ਤੱਕ ਸੰਭਵ ਹੋਵੇ, ਵੀਡੀਓ ਕਾਨਫਰੰਸ ਰਾਹੀਂ ਕੀਤੀਆਂ ਜਾਣੀਆਂ ਚਾਹੀਦੀਆਂ ਹਨ।
ਪ੍ਰਵੇਸ਼ ਦੁਆਰ 'ਤੇ ਲਾਏ ਜਾਣ ਥਰਮਲ ਸਕੈਨਰ
ਤੇਜ਼ ਬੁਖ਼ਾਰ ਤੋਂ ਪੀੜਤ ਮੁਲਾਜ਼ਮਾਂ ਅਤੇ ਆਉਣ ਵਾਲੇ ਹੋਰ ਵਿਅਕਤੀਆਂ ਦੀ ਸਕਰੀਨਿੰਗ ਲਈ ਦਫਤਰ ਦੇ ਪ੍ਰਵੇਸ਼ ਦੁਆਰ 'ਤੇ ਥਰਮਲ ਸਕੈਨਰ ਲਗਾਏ ਜਾਣੇ ਚਾਹੀਦੇ ਹਨ। ਐਡਵਾਈਜ਼ਰੀ 'ਚ ਕਿਹਾ ਗਿਆ ਹੈ ਕਿ ਦਫਤਰ 'ਚ ਕਿਸੇ ਮੁਲਾਜ਼ਮ ਨੂੰ ਤੇਜ਼ ਬੁਖ਼ਾਰ ਹੈ ਜਾਂ ਕੋਵਿਡ-19 ਦੇ ਲੱਛਣ ਪਾਏ ਜਾਂਦੇ ਹਨ ਤਾਂ ਉਕਤ ਮੁਲਾਜ਼ਮ ਨੂੰ ਅਸਥਾਈ ਤੌਰ 'ਤੇ ਅਲੱਗ ਕਰ ਦੇਣਾ ਚਾਹੀਦਾ ਹੈ ਅਤੇ ਤੁਰੰਤ ਡਾਕਟਰੀ ਸਲਾਹ ਲੈਣੀ ਚਾਹੀਦੀ ਹੈ। ਦਫਤਰ ਅੰਦਰਲੀਆਂ ਥਾਵਾਂ ਖ਼ਾਸ ਕਰ ਪ੍ਰਵੇਸ਼ ਦੁਆਰ ਅਤੇ ਉੱਚ ਸੰਪਰਕ ਵਾਲੀਆਂ ਸਤਿਹਾਂ ਨੇੜੇ ਹੈਂਡ ਸੈਨੀਟਾਈਜ਼ਿੰਗ ਸਟੇਸ਼ਨ ਸਥਾਪਤ ਕੀਤੇ ਜਾਣੇ ਚਾਹੀਦੇ ਹਨ। ਸਟਾਫ਼ ਲਈ ਦਫ਼ਤਰ ਦੇ ਪ੍ਰਵੇਸ਼ ਦੁਆਰ 'ਤੇ ਅਲਕੋਹਲ-ਅਧਾਰਤ ਸੈਨੀਟਾਈਜ਼ਰ (ਘੱਟੋ ਘੱਟ 70% ਈਥਾਈਲ ਅਲਕੋਹਲ) ਰੱਖਿਆ ਜਾਣਾ ਚਾਹੀਦਾ ਹੈ ਤਾਂ ਜੋ ਉਹ ਦਫ਼ਤਰ ਅੰਦਰ ਦਾਖ਼ਲ ਹੋਣ ਤੋਂ ਪਹਿਲਾਂ ਆਪਣੇ ਹੱਥਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲੈਣ।
ਏਅਰ ਕੰਡੀਸ਼ਨਿੰਗ ਸਿਸਟਮਜ਼ ਸਬੰਧੀ ਖਾਸ ਨਿਰਦੇਸ਼
ਏਅਰ ਕੰਡੀਸ਼ਨਿੰਗ ਸਿਸਟਮਜ਼ ਦੀ ਵਰਤੋਂ ਲਈ ਦਿਸ਼ਾ-ਨਿਰਦੇਸ਼ ਹਵਾਲਾ ਨੰਬਰ-3129 (ਆਰ) - 3136 (ਆਰ) ਮਿਤੀ 24 ਅਪ੍ਰੈਲ, 2020 ਸਾਰੇ ਸਰਕਾਰੀ ਦਫਤਰਾਂ 'ਚ ਲਾਗੂ ਹੋਣਗੇ। ਦਫ਼ਤਰ ਦੀ ਢੁੱਕਵੀਂ ਸਾਫ਼-ਸਫਾਈ ਨੂੰ ਯਕੀਨੀ ਬਣਾਉਣ ਲਈ ਇਹ ਨਿਰਦੇਸ਼ ਦਿੱਤੇ ਗਏ ਹਨ ਕਿ ਦਫਤਰੀ ਸਥਾਨਾਂ ਅਤੇ ਕਾਨਫਰੰਸ ਰੂਮਾਂ ਸਮੇਤ ਅੰਦਰਲੇ ਖੇਤਰਾਂ ਨੂੰ ਹਰ ਸ਼ਾਮ ਦਫਤਰ ਦੇ ਘੰਟਿਆਂ ਤੋਂ ਬਾਅਦ ਜਾਂ ਸਵੇਰੇ ਸਟਾਫ਼ ਦੇ ਆਉਣ ਤੋਂ ਪਹਿਲਾਂ ਸਾਫ਼ ਕੀਤਾ ਜਾਣਾ ਚਾਹੀਦਾ ਹੈ।
ਗਲੇ ਮਿਲਣ ਜਾਂ ਹੱਥ ਮਿਲਾਉਣ ਤੋਂ ਪਰਹੇਜ਼
ਐਡਵਾਈਜ਼ਰੀ 'ਚ ਕਿਹਾ ਗਿਆ ਹੈ ਕਿ ਇੱਕ-ਦੂਜੇ ਨੂੰ ਮਿਲਣ ਜਾਂ ਅਲਵਿਦਾ ਕਹਿਣ ਸਮੇਂ ਹੱਥ ਮਿਲਾਉਣ ਜਾਂ ਗਲੇ ਮਿਲਣ ਤੋਂ ਪਰਹੇਜ਼ ਕੀਤਾ ਜਾਵੇ। ਮੁਲਾਜ਼ਮਾਂ ਨੂੰ ਦਫਤਰ 'ਚ ਬੇਲੋੜਾ ਘੁੰਮਣਾ ਨਹੀਂ ਚਾਹੀਦਾ ਅਤੇ ਉਨ੍ਹਾਂ ਨੂੰ ਸਿਰਫ ਉਨ੍ਹਾਂ ਦੀ ਨਿਰਧਾਰਤ ਥਾਂ ਤੋਂ ਕੰਮ ਕਰਨਾ ਚਾਹੀਦਾ ਹੈ। ਮੁਲਾਜ਼ਮਾਂ ਨੂੰ ਆਪਣੇ ਹੱਥਾਂ ਨਾਲ ਚਿਹਰੇ, ਮੂੰਹ, ਨੱਕ ਅਤੇ ਅੱਖਾਂ ਨੂੰ ਛੂਹਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਅਤੇ ਆਪਣੇ ਘਰਾਂ ਦੇ ਬਾਹਰ ਹਰ ਸਮੇਂ ਕੱਪੜੇ ਦੇ ਮਾਸਕ ਪਹਿਨ ਕੇ ਨਿਕਲਣਾ ਚਾਹੀਦਾ ਹੈ। ਮਾਸਕ ਨੂੰ ਇਸ ਤਰ੍ਹਾਂ ਪਹਿਨਣਾ ਚਾਹੀਦਾ ਹੈ ਕਿ ਇਸ ਨਾਲ ਨੱਕ ਦੇ ਨਾਲ-ਨਾਲ ਮੂੰਹ ਵੀ ਢੱਕਿਆ ਹੋਵੇ। ਵਰਤੋਂ ਤੋਂ ਬਾਅਦ ਕੱਪੜੇ ਦੇ ਮਾਸਕ ਨੂੰ ਰੋਜ਼ ਸਾਬਣ ਅਤੇ ਪਾਣੀ ਨਾਲ ਧੋਣਾ ਚਾਹੀਦਾ ਹੈ।
ਹੈਂਡਬੈਗ ਤੇ ਪਰਸ ਦੀ ਵਰਤੋਂ 'ਤੇ ਪਾਬੰਦੀ ਦੀ ਸਲਾਹ
ਮੁਲਾਜ਼ਮਾਂ ਨੂੰ ਚਮੜੇ ਦੇ ਪਰਸ ਅਤੇ ਹੈਂਡਬੈਗ ਦੀ ਵਰਤੋਂ ਬੰਦ ਕਰਨ ਦੀ ਸਲਾਹ ਦਿੱਤੀ ਗਈ ਹੈ। ਜੇਕਰ ਜ਼ਿਆਦਾ ਹੀ ਜਰੂਰੀ ਹੋਵੇ ਤਾਂ ਉਹ ਕੋਈ ਛੋਟਾ ਬੈਗ ਲੈ ਸਕਦੇ ਹਨ ਅਤੇ ਆਪਣੇ ਘਰ ਵਾਪਸ ਆਉਣ 'ਤੇ ਇਸ ਬੈਗ ਨੂੰ ਕੀਟਾਣੂਨਾਸ਼ਕ ਕੀਤਾ ਜਾਵੇ। ਜੇਕਰ ਕੋਈ ਮੁਲਾਜ਼ਮ ਬੁਖਾਰ ਜਾਂ ਕੋਵਿਡ-19 ਦੇ ਹੋਰ ਲੱਛਣਾਂ ਨਾਲ ਪੀੜਤ ਹੈ ਤਾਂ ਮੁਲਾਜ਼ਮ ਨੂੰ ਸਵੈ-ਇੱਛਾ ਨਾਲ ਦਫਤਰ ਦੇ ਮੁਖੀ ਨੂੰ ਸੂਚਿਤ ਕਰਨਾ ਚਾਹੀਦਾ ਹੈ ਅਤੇ ਘਰ ਰਹਿਣਾ ਚਾਹੀਦਾ ਹੈ। ਕੋਵਿਡ-19 ਦਾ ਸਮੇਂ ਸਿਰ ਪਤਾ ਲਗਾਉਣ ਅਤੇ ਇਲਾਜ ਲਈ ਡਾਕਟਰੀ ਸਲਾਹ ਵੀ ਲੈਣੀ ਚਾਹੀਦੀ ਹੈ ।
ਬਫਰ ਜ਼ੋਨ ਵਾਲੇ ਮੁਲਾਜ਼ਮ, ਦਫਤਰ ਮੁਖੀ ਨੂੰ ਕਰਨ ਸੂਚਿਤ
ਜਿਨ੍ਹਾਂ ਮੁਲਾਜ਼ਮਾਂ ਦੀ ਰਿਹਾਇਸ਼ ਕੰਟੇਨਮੈਂਟ ਜਾਂ ਬਫਰ ਜ਼ੋਨ 'ਚ ਪੈਂਦੀ ਹੈ ਅਤੇ ਉਹ ਦਫ਼ਤਰ 'ਚ ਹਾਜ਼ਰ ਨਹੀਂ ਹੋ ਸਕਦੇ, ਉਨ੍ਹਾਂ ਨੂੰ ਤੁਰੰਤ ਦਫ਼ਤਰ ਦੇ ਮੁਖੀ ਨੂੰ ਸੂਚਿਤ ਕਰਨਾ ਚਾਹੀਦਾ ਹੈ। ਜੇਕਰ ਕੋਵਿਡ-19 ਤੋਂ ਪੀੜਤ ਕੋਈ ਮੁਲਾਜ਼ਮ ਦਫਤਰ 'ਚ ਹਾਜ਼ਰ ਹੋਇਆ ਹੈ ਤਾਂ ਦਫਤਰ ਦੇ ਮੁਖੀ ਨੂੰ ਉਸ ਮੁਲਾਜ਼ਮ ਦੀ ਦਫ਼ਤਰ ਹਾਜ਼ਰੀ ਦੌਰਾਨ ਸੰਪਰਕ 'ਚ ਆਏ ਹੋਰਨਾਂ ਮੁਲਾਜ਼ਮਾਂ ਸਬੰਧੀ ਵੇਰਵਿਆਂ ਸਮੇਤ ਤੁਰੰਤ ਹੈਲਪਲਾਈਨ ਨੰਬਰ 104 ਜਾਂ ਸਟੇਟ ਕੰਟਰੋਲ ਰੂਮ ਨੰਬਰ ਨੂੰ ਸੂਚਿਤ ਕਰਨਾ ਚਾਹੀਦਾ ਹੈ।
ਦਿਗਵਿਜੈ ਸਿੰਘ ਦੇ ਬਿਆਨ 'ਤੇ ਆਪਣਾ ਰੁਖ਼ ਸਪੱਸ਼ਟ ਕਰਨ ਕੈਪਟਨ : ਚੁੱਘ
NEXT STORY