ਲੁਧਿਆਣਾ (ਹਿਤੇਸ਼)– ਰਾਜਸਥਾਨ ਤੋਂ ਸਰਕਾਰੀ ਬੱਸਾਂ ਦੀਆਂ ਬਾਡੀਆਂ ਲਗਵਾਉਣ ਦੇ ਮਾਮਲੇ ’ਚ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦੇ ਨਾਲ ਸਾਬਕਾ ਇੰਚਾਰਜ ਹਰੀਸ਼ ਚੌਧਰੀ ਖਿਲਾਫ ਵੀ ਕਾਰਵਾਈ ਹੋ ਸਕਦੀ ਹੈ। ਇਹ ਸੰਕੇਤ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵਿਧਾਨ ਸਭਾ ਦੇ ਬਜਟ ਸੈਸ਼ਨ ਦੌਰਾਨ ਦਿੱਤੇ ਗਏ ਹਨ।
ਜ਼ਿਕਰਯੋਗ ਹੈ ਕਿ ਸੋਮਵਾਰ ਨੂੰ ਮੁੱਖ ਮੰਤਰੀ ਮਾਨ ਵੱਲੋਂ ਕਾਂਗਰਸੀਆਂ ਨੂੰ ਹਰ ਵਾਰ ਬਾਈਕਾਟ ਕਰਨ ਦੇ ਮੱਦੇਨਜ਼ਰ ਬਾਹਰ ਨਿਕਲਣ ਤੋਂ ਰੋਕਣ ਲਈ ਵਿਧਾਨ ਸਭਾ ਨੂੰ ਅੰਦਰੋਂ ਤਾਲਾ ਲਗਾਉਣ ਦੀ ਗੱਲ ਕਹਿਣ ਦੇ ਮੁੱਦੇ ’ਤੇ ਕਾਂਗਰਸੀ ਵਿਧਾਇਕਾਂ ਵੱਲੋਂ ਜੰਮ ਕੇ ਹੰਗਾਮਾ ਕੀਤਾ ਗਿਆ। ਇਸ ਦੌਰਾਨ ਮੁੱਖ ਮੰਤਰੀ ਮਾਨ ਦੀ ਪ੍ਰਤਾਪ ਬਾਜਵਾ, ਸੁਖਪਾਲ ਖਹਿਰਾ, ਸੁਖਜਿੰਦਰ ਰੰਧਾਵਾ ਦੇ ਨਾਲ ਤਿੱਖੀ ਨੋਕ-ਝੋਕ ਹੋਈ, ਜਿਸ ਨੂੰ ਲੈ ਕੇ ਮੁੱਖ ਮੰਤਰੀ ਮਾਨ ਵੱਲੋਂ ਰਾਜਾ ਵੜਿੰਗ ਨੂੰ ਬਤੌਰ ਪ੍ਰਧਾਨ ਦਖਲ ਦੇਣ ਲਈ ਕਿਹਾ ਪਰ ਜਦ ਉਹ ਸ਼ਾਂਤ ਨਾ ਹੋਏ ਤਾਂ ਮੁੱਖ ਮੰਤਰੀ ਨੇ ਇਕ ਵਾਰ ਫਿਰ ਰਾਜਸਥਾਨ ਤੋਂ ਸਰਕਾਰੀ ਬੱਸਾਂ ਦੀਆਂ ਬਾਡੀਆਂ ਲਗਵਾਉਣ ਦੇ ਮਾਮਲੇ ਨੂੰ ਉਛਾਲ ਦਿੱਤਾ ਕਿ ਹੁਣ ਚੁੱਪ ਨਹੀਂ ਹੋ ਰਿਹਾ, 2 ਚਾਰ ਦਿਨ ਵੀ ਸ਼ਾਂਤ ਹੋ ਕੇ ਬੈਠੇਗਾ।
ਇਹ ਖ਼ਬਰ ਵੀ ਪੜ੍ਹੋ - ਡਿਊਟੀ 'ਤੇ ਤਾਇਨਾਤ ਮੁਲਾਜ਼ਮਾਂ ਨਾਲ ਵਾਪਰਿਆ ਹਾਦਸਾ, ਪੰਜਾਬ ਪੁਲਸ ਤੇ ਹੋਮ ਗਾਰਡ ਮੁਲਾਜ਼ਮਾਂ ਦੀ ਹੋਈ ਮੌਤ
ਭਾਵੇਂ ਇਸ ਮੁੱਦੇ ਨੂੰ ਲੈ ਕੇ ਵਿਰੋਧੀ ਤਾਂ ਕੀ ਕਈ ਕਾਂਗਰਸੀ ਵੀ ਰਾਜਾ ਵੜਿੰਗ ਵੱਲੋਂ ਰਾਤ ਦੇ ਹਨੇਰੇ ’ਚ ਟੋਪੀ ਪਾ ਕੇ ਸੀ. ਐੱਮ. ਨਾਲ ਸਮਝੌਤਾ ਕਰਨ ਦੇ ਦੋਸ਼ ਲਗਾ ਚੁੱਕੇ ਹਨ ਪਰ ਹੁਣ ਸੀ. ਐੱਮ. ਮਾਨ ਨੇ ਕਿਹਾ ਕਿ ਬਜਟ ਦੌਰਾਨ ਕਾਂਗਰਸ ਸਰਕਾਰ ਦੌਰਾਨ ਰਾਜਸਥਾਨ ਤੋਂ ਸਰਕਾਰੀ ਬੱਸਾਂ ਦੀਆਂ ਬਾਡੀਆਂ ਲਗਵਾਉਣ ਦੇ ਮਾਮਲੇ ’ਚ ਪ੍ਰਸਤਾਵ ਪੇਸ਼ ਕੀਤਾ ਜਾਵੇਗਾ, ਜਿਸ ਵਿਚ ਇਹ ਦੇਖਿਆ ਜਾਵੇਗਾ ਕਿ ਹਰੀਸ਼ ਚੌਧਰੀ ਦੇ ਕਹਿਣ ’ਤੇ ਪੰਜਾਬ ਦੀ ਜਗ੍ਹਾ ਰਾਜਸਥਾਨ ਤੋਂ ਸਰਕਾਰੀ ਬੱਸਾਂ ਦੀਆਂ ਬਾਡੀਆਂ ਲਗਵਾਉਣ ’ਤੇ ਸੂਬਾ ਸਰਕਾਰ ਨੂੰ ਕਿੰਨਾ ਫਾਇਦਾ ਜਾਂ ਨੁਕਸਾਨ ਪੁੱਜਾ ਹੈ। ਇਸ ਤੋਂ ਸਾਫ ਹੋ ਗਿਆ ਹੈ ਕਿ ਰਾਜਸਥਾਨ ਤੋਂ ਸਰਕਾਰੀ ਬੱਸਾਂ ਦੀਆਂ ਬਾਡੀਆਂ ਲਗਵਾਉਣ ਦੇ ਮਾਮਲੇ ’ਚ ਆਉਣ ਵਾਲੇ ਦਿਨਾਂ ’ਚ ਰਾਜਾ ਵੜਿੰਗ ਦੇ ਨਾਲ ਹਰੀਸ਼ ਚੌਧਰੀ ਖ਼ਿਲਾਫ਼ ਵੀ ਕਾਰਵਾਈ ਹੋ ਸਕਦੀ ਹੈ।
ਵਿਧਾਨ ਸਭਾ ਚੋਣਾਂ ਦੌਰਾਨ ਟਿਕਟਾਂ ਦੀ ਵੰਡ ਨੂੰ ਲੈ ਕੇ ਵੀ ਲੱਗ ਚੁਕੇ ਹਨ ਦੋਸ਼
ਹਰੀਸ਼ ਚੌਧਰੀ ਰਾਜਸਥਾਨ ਤੋਂ ਐੱਮ. ਪੀ. ਅਤੇ ਮੰਤਰੀ ਰਹੇ ਹਨ ਅਤੇ ਉਨ੍ਹਾਂ ਨੂੰ ਰਾਹੁਲ ਗਾਂਧੀ ਦੀ ਟੀਮ ਦਾ ਹਿੱਸਾ ਮੰਨਿਆ ਜਾਂਦਾ ਹੈ। ਕੈਪਟਨ ਅਮਰਿੰਦਰ ਸਿੰਘ ਨੂੰ ਹਟਾ ਕੇ ਚਰਨਜੀਤ ਚੰਨੀ ਨੂੰ ਮੁੱਖ ਮੰਤਰੀ ਬਣਾਉਣ ਤੋਂ ਲੈ ਕੇ ਆਖਰੀ ਕੁਝ ਦਿਨਾਂ ਦੀ ਕਾਂਗਰਸ ਦੀ ਸਰਕਾਰ ਚਲਾਉਣ ’ਚ ਵੀ ਉਨ੍ਹਾਂ ਦੀ ਕਾਫੀ ਦਖਲਅੰਦਾਜ਼ੀ ਹੋਣ ਦੀ ਗੱਲ ਸਾਹਮਣੇ ਆਈ ਸੀ। ਇਸ ਤੋਂ ਇਲਾਵਾ ਹਰੀਸ਼ ਚੌਧਰੀ ’ਤੇ ਵਿਧਾਨ ਸਭਾ ਚੋਣਾਂ ਦੌਰਾਨ ਟਿਕਟਾਂ ਦੀ ਵੰਡ ਨੂੰ ਲੈ ਕੇ ਵੀ ਦੋਸ਼ ਲੱਗ ਚੁੱਕੇ ਹਨ, ਜਿਸ ਵਿਚ ਐੱਮ. ਪੀ. ਜਸਬੀਰ ਡਿੰਪਾ ਸਮੇਤ ਕਈ ਕਾਂਗਰਸੀ ਨੇਤਾਵਾਂ ਵੱਲੋਂ ਖੁੱਲ੍ਹੇਆਮ ਬਿਆਨਬਾਜ਼ੀ ਕੀਤੀ ਗਈ ਸੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਡਿਊਟੀ 'ਤੇ ਤਾਇਨਾਤ ਮੁਲਾਜ਼ਮਾਂ ਨਾਲ ਵਾਪਰਿਆ ਹਾਦਸਾ, ਪੰਜਾਬ ਪੁਲਸ ਤੇ ਹੋਮ ਗਾਰਡ ਮੁਲਾਜ਼ਮਾਂ ਦੀ ਹੋਈ ਮੌਤ
NEXT STORY