ਚੰਡੀਗੜ੍ਹ/ਸੰਗਰੂਰ : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ, ਸਾਫ਼-ਸੁਥਰਾ ਅਤੇ ਪ੍ਰਦੂਸ਼ਣ ਰਹਿਤ ਵਾਤਾਵਰਣ ਮੁਹੱਈਆ ਕਰਵਾਉਣ ਲਈ ਲਗਾਤਾਰ ਯਤਨਸ਼ੀਲ ਹੈ। ਇਸ ਦਿਸ਼ਾ ਵਿੱਚ ਕੰਮ ਕਰਦੇ ਹੋਏ ਸੂਬੇ ਭਰ ਵਿੱਚ ਕਈ ਉਪਰਾਲੇ ਕੀਤੇ ਜਾ ਰਹੇ ਹਨ। ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾ.ਇੰਦਰਬੀਰ ਸਿੰਘ ਨਿੱਜਰ ਨੇ ਐਲਾਨ ਕੀਤਾ ਹੈ ਕਿ ਪੰਜਾਬ ਸਰਕਾਰ ਵੱਲੋਂ ਸੰਗਰੂਰ ਦੀਆਂ ਮਿਉਂਸੀਪਲ ਸਾਲਿਡ ਵੇਸਟ ਡੰਪ ਸਾਈਟ ਧੂਰੀ ਅਤੇ ਭਵਾਨੀਗੜ੍ਹ ਵਿਖੇ ਵਿਰਾਸਤੀ ਰਹਿੰਦ-ਖੂੰਹਦ ਦਾ ਬਾਇਓ-ਰੀਮੀਡੀਏਸ਼ਨ ਕਰਨ ਅਤੇ ਸਵੀਪਿੰਗ ਮਸ਼ੀਨ ਦੀ ਸਪਲਾਈ ਲਈ ਤਕਰੀਬਨ 1.50 ਕਰੋੜ ਰੁਪਏ ਖਰਚ ਕਰਨ ਦਾ ਫ਼ੈਸਲਾ ਲਿਆ ਗਿਆ ਹੈ।
ਇਹ ਵੀ ਪੜ੍ਹੋ- ਬਰਨਾਲਾ ’ਚ ਦੋਹਰਾ ਕਤਲ ਕਾਂਡ, ਬੇਰਹਿਮੀ ਨਾਲ ਮੌਤ ਦੇ ਘਾਟ ਉਤਾਰੇ ਪ੍ਰੇਮੀ-ਪ੍ਰੇਮਿਕਾ
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਮੰਤਰੀ ਨਿੱਜਰ ਨੇ ਕਿਹਾ ਹੈ ਕਿ ਨਗਰ ਕੌਂਸਲ, ਧੂਰੀ ਲਈ ਸਵੀਪਿੰਗ ਮਸ਼ੀਨ (ਡੀਜ਼ਲ ਆਪਰੇਟਡ) ਦੀ ਸਪਲਾਈ ਲਈ ਤਕਰੀਬਨ 30 ਲੱਖ ਰੁਪਏ ਅਤੇ ਨਗਰ ਕੌਂਸਲ, ਧੂਰੀ ਅਤੇ ਭਵਾਨੀਗੜ੍ਹ ਦੀ ਮਿਉਸੀਪਲ ਡੰਪ ਸਾਈਟ ਵਿੱਖੇ ਵਿਰਾਸਤੀ ਰਹਿੰਦ-ਖੂੰਹਦ ਦੀ ਬਾਇਓ-ਰੀਮੀਡੀਏਸ਼ਨ ਕਰਨ ਲਈ ਕ੍ਰਮਵਾਰ 72.50 ਲੱਖ ਅਤੇ 49.98 ਲੱਖ ਰੁਪਏ ਖ਼ਰਚ ਕੀਤੇ ਜਾਣਗੇ। ਨਗਰ ਕੌਂਸਲ, ਧੂਰੀ ਅਤੇ ਭਵਾਨੀਗੜ੍ਹ ਵਿਖੇ ਕੀਤੇ ਜਾਣ ਵਾਲੇ ਇਨ੍ਹਾਂ ਕਾਰਜਾਂ ਦਾ ਏਰੀਏ ਦੀ ਵੱਡੀ ਆਬਾਦੀ ਨੂੰ ਨਾ ਸਿਰਫ਼ ਲਾਭ ਪਹੁੰਚੇਗਾ ਸਗੋਂ ਗੰਦਗੀ ਨਾਲ ਫੈਲਣ ਵਾਲੀਆਂ ਗੰਭੀਰ ਬੀਮਾਰੀਆਂ ਤੋਂ ਵੀ ਲੋਕਾਂ ਨੂੰ ਬਚਾਇਆ ਜਾ ਸਕੇਗਾ।
ਇਹ ਵੀ ਪੜ੍ਹੋ- ਕਾਲ ਬਣ ਕੇ ਆਇਆ ਬੇਸਹਾਰਾ ਪਸ਼ੂ, ਚੜ੍ਹਦੀ ਜਵਾਨੀ ਜਹਾਨੋਂ ਤੁਰ ਗਿਆ ਮਾਪਿਆਂ ਦਾ ਗੱਭਰੂ ਪੁੱਤ
ਮੰਤਰੀ ਨੇ ਕਿਹਾ ਕਿ ਸਥਾਨਕ ਸਰਕਾਰਾਂ ਵਿਭਾਗ ਵੱਲੋਂ ਇਨ੍ਹਾਂ ਕੰਮਾਂ ਲਈ ਦਫ਼ਤਰੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਕੰਮਾਂ ਲਈ ਪੰਜਾਬ ਸਰਕਾਰ ਦੀ ਵੈੱਬਸਾਈਟ www.eproc.punjab.gov.in 'ਤੇ ਟੈਂਡਰ ਅਪਲੋਡ ਕਰ ਦਿੱਤੇ ਗਏ ਹਨ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਇਨ੍ਹਾਂ ਟੈਂਡਰਾਂ ਵਿੱਚ ਕੋਈ ਸੋਧ ਕਰਨ ਦੀ ਜ਼ਰੂਰਤ ਪੈਂਦੀ ਹੈ ਤਾਂ ਇਸਦੀ ਸਾਰੀ ਜਾਣਕਾਰੀ ਇਸੇ ਵੈੱਬਸਾਈਟ 'ਤੇ ਉਪਲਬਧ ਕਰਵਾਈ ਜਾਵੇਗੀ। ਉਨ੍ਹਾਂ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਸਾਰੇ ਵਿਕਾਸ ਕਾਰਜਾਂ ਵਿੱਚ ਪਾਰਦਰਸ਼ਤਾ ਯਕੀਨੀ ਬਣਾਉਣ ਅਤੇ ਗੁਣਵੱਤਾ ਦੇ ਮਿਆਰ ਨੂੰ ਬਰਕਰਾਰ ਰੱਖਿਆ ਜਾਵੇ।
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਖ਼ਰਾਬੀ ਦੀਆਂ 2000 ਸ਼ਿਕਾਇਤਾਂ : ਟਰਾਂਸਫਾਰਮਰਾਂ ਦੇ ਧੜਾਧੜ ਉੱਡ ਰਹੇ ਫਿਊਜ਼, ਸ਼ੁਰੂ ਹੋਈ ਬਿਜਲੀ ਦੀ ਲੁਕਣਮੀਟੀ
NEXT STORY