ਚੰਡੀਗੜ੍ਹ(ਸ਼ਰਮਾ)- ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਅਨੁਸਾਰ ਭੇਜੇ ਗਏ ਮੁਫ਼ਤ ਅਨਾਜ ਨੂੰ ਪੰਜਾਬ ਦੀ ਜਨਤਾ ਵਿਚ ਨਾ ਵੰਡਣ ਲਈ ਕੈ. ਅਮਰਿੰਦਰ ਸਿੰਘ ਦੀ ਸਰਕਾਰ ਨੂੰ ਜ਼ਿੰਮੇਵਾਰ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਖੁਦ ਤਾਂ ਕੋਰੋਨਾ ਮਹਾਮਾਰੀ ਦੀ ਲੜਾਈ ਵਿਚ ਪੰਜਾਬ ਸਰਕਾਰ ਨੇ ਗਰੀਬਾਂ ਲਈ ਕੁੱਝ ਕੀਤਾ ਨਹੀਂ, ਉਲਟਾ ਜੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜਾਬ ਦੇ 1 ਕਰੋੜ 40 ਲੱਖ ਗਰੀਬਾਂ ਲਈ ਅਨਾਜ ਭੇਜਿਆ ਹੈ, ਉਹ ਵੀ ਅਜੇ ਤੱਕ ਗਰੀਬਾਂ ਨੂੰ ਵੰਡਿਆ ਨਹੀਂ ਗਿਆ।
ਉਨ੍ਹਾਂ ਕਿਹਾ ਕਿ ਪੰਜਾਬ ਦੀ ਕੈ. ਅਮਰਿੰਦਰ ਸਰਕਾਰ ਨੇ ਅਜੇ ਤੱਕ 70,757 ਮੀਟ੍ਰਿਕ ਟਨ ਅਨਾਜ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਤੋਂ ਚੁੱਕਿਆ ਹੈ ਅਤੇ ਸਿਰਫ਼ 4 ਫ਼ੀਸਦੀ ਹੀ ਪੰਜਾਬ ਦੀ ਜਨਤਾ ਤੱਕ ਵੰਡਿਆ ਹੈ। ਬਾਕੀ ਅਨਾਜ ਕੀੜੇ ਅਤੇ ਚੂਹਿਆਂ ਨਾਲ ਭਰੇ ਗੁਦਾਮਾਂ ਵਿਚ ਰੱਖ ਕੇ ਗਰੀਬ ਜਨਤਾ ਦਾ ਅਪਮਾਨ ਕੀਤਾ ਜਾ ਰਿਹਾ ਹੈ।
ਚੁੱਘ ਨੇ ਹੋਰ ਰਾਜਾਂ ਨਾਲ ਤੁਲਨਾ ਕਰਦਿਆਂ ਕਿਹਾ ਕਿ ਆਂਧਰਾ ਪ੍ਰਦੇਸ਼ ਅਤੇ ਕਰਨਾਟਕ ਜਿਹੇ ਰਾਜਾਂ ਨੇ ਆਪਣੇ ਪ੍ਰਾਪਤ ਸਟਾਕ ਦਾ 75 ਫ਼ੀਸਦੀ ਤੱਕ ਵੰਡ ਦਿੱਤਾ ਹੈ, ਜਦੋਂ ਕਿ ਪੰਜਾਬ ਅਜੇ ਵੀ 4 ਫ਼ੀਸਦੀ ’ਤੇ ਲੜਖੜਾ ਰਿਹਾ ਹੈ ਜੋ ਰਾਜ ਦੀ ਕੈਪਟਨ ਦੀ ਕਾਂਗਰਸ ਸਰਕਾਰ ਲਈ ਸ਼ਰਮ ਦੀ ਗੱਲ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਨੂੰ ‘ਸ਼ਾਹੀ ਜੀਵਨਸ਼ੈਲੀ’ ਨੂੰ ਤਿਆਗ ਕੇ ਜਨਤਾ ਦੀ ਭਲਾਈ ਬਾਰੇ ਸੋਚਣਾ ਚਾਹੀਦਾ ਹੈ।
ਹੋਟਲਾਂ ਨੂੰ ਪ੍ਰਾਪਰਟੀ ਟੈਕਸ ’ਚ ਮਿਲ ਸਕਦੀ ਹੈ ਛੋਟ, ਸਰਕਾਰ ਨੇ ਨਗਰ ਨਿਗਮਾਂ ਤੋਂ ਮੰਗੀ ਰਿਪੋਰਟ
NEXT STORY