ਬਰਨਾਲਾ: ਬਰਨਾਲਾ ਦੇ ਪਿੰਡ ਪੱਖੋ ਕਲਾਂ ਤੋਂ ਇਕ ਬੇਹੱਦ ਦੁਖਦਾਈ ਅਤੇ ਰੌਂਗਟੇ ਖੜ੍ਹੇ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਨਜਾਇਜ਼ ਸਬੰਧਾਂ ਦੇ ਚਲਦਿਆਂ ਇੱਕ ਹੱਸਦਾ-ਵੱਸਦਾ ਘਰ ਪੂਰੀ ਤਰ੍ਹਾਂ ਬਰਬਾਦ ਹੋ ਗਿਆ। ਇਕ ਨੌਜਵਾਨ ਦੀ ਲਾਸ਼ ਬਰੋਟੇ ਦੇ ਦਰਖ਼ਤ ਨਾਲ ਲਟਕਦੀ ਮਿਲੀ ਹੈ। ਪਰਿਵਾਰ ਦਾ ਦੋਸ਼ ਹੈ ਕਿ ਉਨ੍ਹਾਂ ਦੇ ਪੁੱਤ ਨੂੰ ਉਸ ਦੀ ਪਤਨੀ ਤੇ ਆਸ਼ਿਕ ਨੇ ਮਾਰ ਕੇ ਇੱਥੇ ਲਟਕਾਇਆ ਹੈ। ਮ੍ਰਿਤਕ ਦੀ ਪਛਾਣ ਗੁਰਲਾਲ ਸਿੰਘ ਵਜੋਂ ਹੋਈ ਹੈ।
ਮ੍ਰਿਤਕ ਦੇ ਪਿਤਾ ਤੇਜਾ ਸਿੰਘ ਅਤੇ ਪੀੜਤ ਪਰਿਵਾਰ ਨੇ ਰੋਂਦੇ ਹੋਏ ਦੱਸਿਆ ਕਿ ਗੁਰਲਾਲ ਸਿੰਘ ਦੀ ਪਤਨੀ ਸੰਦੀਪ ਕੌਰ ਦੇ ਪਿੰਡ ਦੇ ਹੀ ਇਕ ਨੌਜਵਾਨ ਬਲਜਿੰਦਰ ਸਿੰਘ ਨਾਲ ਨਜਾਇਜ਼ ਸਬੰਧ ਸਨ। ਪਰਿਵਾਰ ਮੁਤਾਬਕ ਗੁਰਲਾਲ ਆਪਣੀ ਪਤਨੀ ਨੂੰ ਵਾਰ-ਵਾਰ ਰੋਕਦਾ ਸੀ ਅਤੇ ਉਸ ਅੱਗੇ ਮਿੰਨਤਾਂ ਵੀ ਕਰਦਾ ਸੀ, ਪਰ ਉਹ ਆਪਣੀਆਂ ਆਦਤਾਂ ਤੋਂ ਬਾਜ਼ ਨਹੀਂ ਆਈ। ਪਿਤਾ ਨੇ ਦੱਸਿਆ ਕਿ ਗੁਰਲਾਲ ਮਿਹਨਤ-ਮਜ਼ਦੂਰੀ ਕਰਦਾ ਸੀ, ਪਰ ਉਸ ਦੀ ਪਤਨੀ ਉਸ ਕੋਲੋਂ ਪੈਸੇ ਖੋਹ ਲੈਂਦੀ ਸੀ ਅਤੇ ਉਸ ਨੂੰ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਕਰਦੀ ਸੀ। ਪਰਿਵਾਰ ਨੇ ਇਹ ਵੀ ਖਦਸ਼ਾ ਜਤਾਇਆ ਹੈ ਕਿ ਗੁਰਲਾਲ ਨੂੰ ਮਾਰ ਕੇ ਲਟਕਾਇਆ ਗਿਆ ਹੈ ਅਤੇ ਉਹ ਇਨਸਾਫ਼ ਦੀ ਮੰਗ ਕਰ ਰਹੇ ਹਨ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਸ ਅਧਿਕਾਰੀਆਂ ਅਨੁਸਾਰ, ਮ੍ਰਿਤਕ ਦੇ ਪਿਤਾ ਤੇਜਾ ਸਿੰਘ ਦੇ ਬਿਆਨਾਂ ਦੇ ਅਧਾਰ 'ਤੇ ਐੱਫ.ਆਈ.ਆਰ. ਦਰਜ ਕਰ ਲਈ ਗਈ ਹੈ। ਪੁਲਸ ਨੇ ਕਾਰਵਾਈ ਕਰਦੇ ਹੋਏ ਮ੍ਰਿਤਕ ਦੀ ਪਤਨੀ ਸੰਦੀਪ ਕੌਰ ਅਤੇ ਉਸ ਦੇ ਆਸ਼ਿਕ ਬਲਜਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਸੰਦੀਪ ਕੌਰ ਨੂੰ ਸੰਗਰੂਰ ਜ਼ਿਲ੍ਹਾ ਜੇਲ੍ਹ ਭੇਜ ਦਿੱਤਾ ਗਿਆ ਹੈ, ਜਦਕਿ ਬਲਜਿੰਦਰ ਸਿੰਘ ਨੂੰ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ। ਪੁਲਸ ਦਾ ਕਹਿਣਾ ਹੈ ਕਿ ਮਾਮਲਾ ਅਜੇ ਵਿਚਾਰ ਅਧੀਨ ਹੈ ਅਤੇ ਮ੍ਰਿਤਕ ਦੀ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਤਫ਼ਤੀਸ਼ ਨੂੰ ਅੱਗੇ ਵਧਾਇਆ ਜਾਵੇਗਾ।
Big Breaking: ਪੰਜਾਬ ਪੁਲਸ ਨੇ 2 ਗੈਂਗਸਟਰਾਂ ਨੂੰ ਮਾਰ'ਤੀ ਗੋਲ਼ੀ! ਸੀਲ ਹੋ ਗਿਆ ਪੂਰਾ ਇਲਾਕਾ
NEXT STORY