ਲੁਧਿਆਣਾ (ਹਿਤੇਸ਼)- ਬੁੱਢੇ ਨਾਲੇ ਨੂੰ ਪ੍ਰਦੂਸ਼ਣ ਮੁਕਤ ਬਣਾਉਣ ਲਈ ਸੰਤ ਸੀਚੇਵਾਲ ਵਲੋਂ ਚਲਾਈ ਜਾ ਰਹੀ ਮੁਹਿੰਮ ਦਾ ਜਾਇਜ਼ਾ ਲੈਣ ਲਈ ਗਵਰਨਰ ਗੁਲਾਬ ਚੰਦ ਕਟਾਰੀਆ ਵਲੋਂ ਵਿਸ਼ੇਸ਼ ਦੌਰਾ ਕੀਤਾ ਗਿਆ। ਜ਼ਿਕਰਯੋਗ ਹੋਵੇਗਾ ਕਿ ਸਤਲੁਜ ’ਚ ਮਿਲ ਰਹੇ ਬੁੱਢੇ ਨਾਲੇ ਦੇ ਜ਼ਹਿਰੀਲੇ ਪਾਣੀ ਦੀ ਵਜ੍ਹਾ ਨਾਲ ਮਾਲਵਾ ਤੋਂ ਲੈ ਕੇ ਰਾਜਸਥਾਨ ਤੱਕ ਦੇ ਲੋਕ ਕੈਂਸਰ ਅਤੇ ਹੋਰ ਗੰਭੀਰ ਬੀਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਜਿਥੋਂ ਤੱਕ ਗਵਰਨਰ ਦਾ ਸਵਾਲ ਹੈ, ਉਹ ਖੁਦ ਰਾਜਸਥਾਨ ਖੇਤਰ ਦੇ ਹਨ, ਇਸ ਵਜ੍ਹਾ ਕਾਰਨ ਉਹ ਬੁੱਢੇ ਨਾਲੇ ਨੂੰ ਪ੍ਰਦੂਸ਼ਣ ਮੁਕਤ ਬਣਾਉਣ ਦੇ ਮੁੱਦੇ ’ਤੇ ਕਾਫੀ ਗੰਭੀਰ ਹਨ, ਜਿਸ ਦੇ ਤਹਿਤ ਹੁਣ ਤੱਕ ਉਹ 5 ਵਾਰ ਰੀਵਿਊ ਮੀਟਿੰਗ ਕਰ ਚੁੱਕੇ ਹਨ।
ਇਸੇ ਕੜੀ ਤਹਿਤ ਗਵਰਨਰ ਇਕ ਵਾਰ ਫਿਰ ਸ਼ੁੱਕਰਵਾਰ ਨੂੰ ਗਰਾਊਂਡ ਜ਼ੀਰੋ ’ਤੇ ਪੁੱਜੇ ਅਤੇ ਸਬੰਧਤ ਵਿਭਾਗਾਂ ਦੇ ਅਫਸਰਾਂ ਤੋਂ ਸਟੇਟਸ ਰਿਪੋਰਟ ਹਾਸਲ ਕੀਤੀ। ਇਸ ਦੌਰਾਨ ਬੁੱਢੇ ਨਾਲੇ ਨੂੰ ਪ੍ਰਦੂਸ਼ਣ ਮੁਕਤ ਬਣਾਉਣ ਦੇ ਮਾਮਲੇ ’ਚ ਸੰਤੋਸ਼ਜਨਕ ਨਤੀਜੇ ਸਾਹਮਣੇ ਨਾ ਆਉਣ ’ਤੇ ਗਵਰਨਰ ਨੇ ਨਾਰਾਜ਼ਗੀ ਜ਼ਾਹਿਰ ਕੀਤੀ ਅਤੇ ਸਾਫ ਕਰ ਦਿੱਤਾ ਕਿ ਸਮੱਸਿਆ ਦਾ ਹੱਲ ਕਰਨ ਲਈ ਬੁੱਢੇ ਨਾਲੇ ’ਚ ਗੋਬਰ ਅਤੇ ਉਦਯੋਗਾਂ ਦੀ ਰਹਿੰਦ -ਖੁੰਹਦ ਸੁੱਟਣ ਵਾਲਿਆਂ ’ਤੇ ਸਖ਼ਤੀ ਵਧਾਉਣੀ ਹੋਵੇਗੀ।
ਬਹਾਨੇਬਾਜ਼ੀ ’ਤੇ ਜਤਾਈ ਨਾਰਾਜ਼ਗੀ, ਹੁਣ ਡੀ. ਸੀ. ਦੀ ਅਗਵਾਈ ’ਚ ਮਹੀਨੇ ਵਿਚ 2 ਵਾਰ ਹੋਵੇਗੀ ਮੀਟਿੰਗ
ਗਵਰਨਰ ਨੇ ਕਿਹਾ ਕਿ ਹੁਣ ਤੱਕ ਕਿਸੇ ਵੀ ਰਾਜਪਾਲ ਨੇ ਬੁੱਢੇ ਦਰਿਆ ਦੇ ਸਬੰਧ ’ਚ 5 ਬੈਠਕਾਂ ਨਹੀਂ ਕੀਤੀਆਂ। ਇਸ ਦੌਰਾਨ ਹਰ ਵਾਰ ਇਕ ਮਹੀਨੇ ਵਿਚ ਕੰਮ ਪੂਰਾ ਕਰਨ ਦਾ ਦਾਅਵਾ ਕੀਤਾ ਜਾਂਦਾ ਹੈ ਪਰ ਗਰਾਊਂਡ ’ਤੇ ਠੋਸ ਨਤੀਜੇ ਨਜ਼ਰ ਨਹੀਂ ਆਏ। ਉਨ੍ਹਾਂ ਕਿਹਾ ਕਿ ਜੇਕਰ ਅਧਿਕਾਰੀ ਬੁੱਢੇ ਦਰਿਆ ਨੂੰ ਸਾਫ ਕਰਨ ਦੀ ਇੱਛਾ ਸ਼ਕਤੀ ਨਹੀਂ ਰੱਖਦੇ ਤਾਂ ਇਸ ਮੁਹਿੰਮ ਨੂੰ ਇਥੇ ਰੋਕ ਦਿਓ। ਗਵਰਨਰ ਨੇ ਡਿਪਟੀ ਕਮਿਸ਼ਨਰ ਨੂੰ ਨਿਰਦੇਸ਼ ਦਿੱਤੇ ਕਿ ਪੀ. ਪੀ. ਸੀ. ਬੀ., ਡਰੇਨੇਜ ਵਿਭਾਗ, ਨਗਰ ਨਿਗਮ, ਸੀਵਰੇਜ ਬੋਰਡ ਅਤੇ ਸਬੰਧਤ ਵਿਭਾਗ ਇਕ ਸੰਯੁਕਤ ਟੀਮ ਬਣਾ ਕੇ ਹਰ ਮਹੀਨੇ 2 ਬੈਠਕਾਂ ਕਰਨ। ਇਸ ਸਬੰਧ ’ਚ ਪ੍ਰੋਗ੍ਰੈੱਸ ਰਿਪੋਰਟ 22 ਦਸੰਬਰ ਨੂੰ ਹੋਣ ਵਾਲੀ ਅਗਲੀ ਮੀਟਿੰਗ ’ਚ ਪੇਸ਼ ਕੀਤੀ ਜਾਵੇਗੀ।
ਸੰਤ ਸੀਚੇਵਾਲ ਨੇ ਅਫਸਰਾਂ ’ਤੇ ਕੱਢੀ ਭੜਾਸ
ਸੰਤ ਸੀਚੇਵਾਲ ਨੇ ਰਾਜਪਾਲ ਅਤੇ ਡਿਪਟੀ ਕਮਿਸ਼ਨਰ ਨੂੰ 25 ਪੁਆਇੰਟ ਦਾ ਏਜੰਡਾ ਸੌਂਪਿਆ, ਜਿਸ ਵਿਚ ਉਨ੍ਹਾਂ ਸਾਰੇ ਕਾਰਨਾਂ ਦਾ ਜ਼ਿਕਰ ਕੀਤਾ ਗਿਆ ਹੈ, ਜੋ ਬੁੱਢੇ ਦਰਿਆ ਨੂੰ ਪ੍ਰਦੂਸ਼ਣ ਮੁਕਤ ਬਣਾਉਣ ’ਚ ਟਾਰਗੈੱਟ ’ਚ ਅੜਿੱਕਾ ਬਣ ਰਹੇ ਹਨ।
ਉਨ੍ਹਾਂ ਸਪੱਸ਼ਟ ਕਿਹਾ ਕਿ ਜਦ ਤੱਕ ਅਧਿਕਾਰੀਆਂ ਦੀ ਜਵਾਬਦੇਹੀ ਤੈਅ ਨਹੀਂ ਕੀਤੀ ਜਾਵੇਗੀ, ਤਦ ਤੱਕ ਬੁੱਢੇ ਨਾਲੇ ਦੇ ਪ੍ਰਦੂਸ਼ਣ ਦੀ ਸਮੱਸਿਆ ਦਾ ਹੱਲ ਸੰਭਵ ਨਹੀਂ ਹੈ, ਕਿਉਂਕਿ ਵੱਖ-ਵੱਖ ਵਿਭਾਗ ਇਕ-ਦੂਜੇ ’ਤੇ ਦੋਸ਼ ਲਗਾ ਕੇ ਆਪਣੀ ਜ਼ਿੰਮੇਦਾਰੀ ਤੋਂ ਬਚਣ ਦੀ ਕੋਸ਼ਿਸ਼ ਕਰ ਰਹੇ ਹਨ, ਜਦਕਿ ਬੁੱਢੇ ਦਰਿਆ ਨੂੰ ਪ੍ਰਦੂਸ਼ਿਤ ਕਰਨ ਲਈ ਸਾਰੇ ਵਿਭਾਗ ਬਰਾਬਰ ਜ਼ਿੰਮੇਦਾਰ ਹਨ, ਜਿਸ ਦੇ ਸਬੂਤ ਦੇ ਤੌਰ ’ਤੇ ਸੰਤ ਸੀਚੇਵਾਲ ਨੇ ਪ੍ਰਸ਼ਾਸਨਿਕ ਲਾਪ੍ਰਵਾਹੀ ਕਾਰਨ ਬੁੱਢੇ ਦਰਿਆ ਦੀ ਨਿਸ਼ਾਨਦੇਹੀ ਅਤੇ ਕਿਨਾਰਿਆਂ ’ਤੇ ਹੋਏ ਨਾਜਾਇਬ ਕਬਜ਼ੇ ਹਟਾਉਣ ਦਾ ਕੰਮ ਕਾਫੀ ਦੇਰ ਬਾਅਦ ਵੀ ਪੂਰਾ ਨਾ ਹੋਣ ਦਾ ਮੁੱਦਾ ਚੁੱਕਿਆ। ਭਾਵੇਂ ਡਿਪਟੀ ਕਮਿਸ਼ਨਰ ਨੇ ਗਵਰਨਰ ਦੇ ਸਾਹਮਣੇ ਇਹ ਕੰਮ 2 ਹਫਤੇ ਵਿਚ ਪੂਰਾ ਕਰਨ ਦੀ ਗੱਲ ਕਹੀ।
ਹਰਜੋਤ ਬੈਂਸ ਨੇ ਮਹਾਰਾਸ਼ਟਰ ਦੇ CM ਦੇਵੇਂਦਰ ਫੜਨਵੀਸ ਨੂੰ ਧਾਰਮਿਕ ਸਮਾਗਮਾਂ 'ਚ ਸ਼ਾਮਲ ਹੋਣ ਦਾ ਦਿੱਤਾ ਸੱਦਾ
NEXT STORY