ਚੰਡੀਗੜ੍ਹ (ਵੈੱਬ ਡੈਸਕ): ਪੰਜਾਬ ਵਿਚ ਹੋਈਆਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਦੇ ਨਤੀਜਿਆਂ ਮਗਰੋਂ ਅਰਵਿੰਦ ਕੇਜਰੀਵਾਲ ਨੇ ਐਲਾਨ ਕੀਤਾ ਹੈ ਕਿ ਪੰਜਾਬ ਸਰਕਾਰ ਵੱਲੋਂ 2026 ਤੋਂ ਹਰ ਪਰਿਵਾਰ ਨੂੰ 10 ਲੱਖ ਰੁਪਏ ਤਕ ਦੇ ਹੈਲਥ ਕਵਰ ਦਾ ਲਾਭ ਮਿਲਣਾ ਸ਼ੁਰੂ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਜਨਵਰੀ ਮਹੀਨੇ ਵਿਚ ਹੀ ਲੋਕਾਂ ਦੇ ਹੈਲਥ ਕਾਰਡ ਬਣਨੇ ਸ਼ੁਰੂ ਹੋ ਜਾਣਗੇ ਤੇ ਜਲਦੀ ਹੀ ਇਹ ਯੋਜਨਾ ਲਾਗੂ ਕਰ ਦਿੱਤੀ ਜਾਵੇਗੀ।
ਚੋਣ ਨਤੀਜਿਆਂ ਮਗਰੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਪ੍ਰੈੱਸ ਕਾਨਫ਼ਰੰਸ ਕੀਤੀ ਗਈ। ਇਸ ਦੌਰਾਨ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪੰਜਾਬ ਨੇ ਇਨ੍ਹਾਂ ਚੋਣਾਂ ਵਿਚ ਤਕਰੀਬਨ 70 ਫ਼ੀਸਦੀ ਸੀਟਾਂ ਜਿੱਤੀਆਂ ਹਨ, ਜਿਸ ਤੋਂ ਲੱਗ ਰਿਹਾ ਹੈ ਕਿ ਪੂਰੇ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਹਨੇਰੀ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਲੋਕ ਯੁੱਧ ਨਸ਼ਿਆਂ ਵਿਰੁੱਧ ਤੇ ਹੋਰ ਤਮਾਮ ਯੋਜਨਾਵਾਂ ਤੋਂ ਬੇਹੱਦ ਖ਼ੁਸ਼ ਹਨ ਤੇ ਪਿੰਡਾਂ ਦੇ ਲੋਕਾਂ ਨੇ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਦੇ ਕੰਮਾਂ 'ਤੇ ਲੋਕਾਂ ਨੇ ਮੋਹਰ ਲਗਾਈ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੇ 4 ਸਾਲ ਦੇ ਕਾਰਜਕਾਲ ਮਗਰੋਂ ਜਿੱਥੇ ਲੋਕਾਂ ਨੂੰ ਸੱਤਾ-ਵਿਰੋਧੀ ਲਹਿਰ ਦਾ ਡਰ ਸਤਾਉਂਦਾ ਹੈ, ਉੱਥੇ ਹੀ ਪੰਜਾਬ ਵਿਚ ਮਾਨ ਸਰਕਾਰ ਦੇ ਹੱਕ ਵਿਚ ਸੱਤਾ-ਪੱਖੀ ਲਹਿਰ ਚੱਲ ਰਹੀ ਹੈ।
2013 ਤੇ 2018 ਵਿਚ ਹੋਈਆਂ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦਾ ਜ਼ਿਕਰ ਕਰਦਿਆਂ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਉਨ੍ਹਾਂ ਚੋਣਾਂ ਵਿਚ ਸਰਕਾਰਾਂ ਵੱਲੋਂ ਕਾਫ਼ੀ ਧੱਕੇਸ਼ਾਹੀ ਕੀਤੀ ਗਈ ਸੀ। ਪਰ ਇਸ ਵਾਰ ਚੋਣਾਂ ਬਿਲਕੁੱਲ ਨਿਰਪੱਖ ਤੇ ਪਾਰਦਰਸ਼ੀ ਢੰਗ ਨਾਲ ਹੋਈਆਂ ਹਨ ਤੇ ਪੂਰੀ ਪ੍ਰਕਿਰਿਆ ਦੀ ਬਾਕਾਇਦਾ ਵੀਡੀਓਗ੍ਰਾਫ਼ੀ ਕੀਤੀ ਗਈ ਹੈ। ਉਨ੍ਹਾਂ ਅੰਕੜੇ ਸਾਂਝੇ ਕਰਦਿਆਂ ਕਿਹਾ ਕਿ 580 ਸੀਟਾਂ 'ਤੇ 100 ਤੋਂ ਵੀ ਘੱਟ ਵੋਟਾਂ ਨਾਲ ਹਾਰ-ਜਿੱਤ ਦਾ ਫ਼ੈਸਲਾ ਹੋਇਆ ਹੈ। ਇਸ ਵਿਚੋਂ 261 'ਆਪ' ਨੇ ਜਿੱਤੀਆਂ ਹਨ ਤੇ 319 ਵਿਰੋਧੀਆਂ ਨੇ। ਉਨ੍ਹਾਂ ਕਿਹਾ ਕਿ ਬਹੁਤ ਸਾਰੀਆਂ ਸੀਟਾਂ 'ਤੇ 3-4 ਵੋਟਾਂ ਦੇ ਫ਼ਰਕ ਨਾਲ ਵੀ ਕਾਂਗਰਸ ਜਿੱਤੀ ਹੈ। ਜੇ ਸਰਕਾਰ ਚਾਹੇ ਤਾਂ ਅਜਿਹੀਆਂ ਸੀਟਾਂ ਨੂੰ ਬੇਇਮਾਨੀ ਨਾਲ ਜਿੱਤਣਾ ਕੋਈ ਵੱਡੀ ਗੱਲ ਨਹੀਂ ਸੀ, ਪਰ ਅਸੀਂ ਅਜਿਹਾ ਕੁਝ ਨਹੀਂ ਕੀਤਾ।
ਜ਼ਿਲ੍ਹਾ ਪ੍ਰੀਸ਼ਦ ਚੋਣਾਂ 'ਚ ਵੱਡੀ ਜਿੱਤ ਮਗਰੋਂ CM ਮਾਨ ਦਾ ਪਹਿਲਾ ਬਿਆਨ, ਵਿਰੋਧੀਆਂ ਨੂੰ ਦਿੱਤਾ ਜਵਾਬ (ਵੀਡੀਓ)
NEXT STORY