ਚੰਡੀਗੜ੍ਹ— ਪੰਜਾਬ ਦੇ ਪਿੰਡਾਂ 'ਚ ਪੰਚਾਂ ਅਤੇ ਸਰਪੰਚਾਂ ਨੂੰ ਚੁਣਨ ਲਈ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਵੋਟਿੰਗ ਸ਼ੁਰੂ ਹੋ ਗਈ ਹੈ, ਜੋ ਸ਼ਾਮ 4 ਵਜੇ ਤਕ ਚੱਲੇਗੀ ਅਤੇ ਗਿਣਤੀ ਵੋਟਾਂ ਦੀ ਸਮਾਪਤੀ ਤੋਂ ਬਾਅਦ ਹੋਵੇਗੀ। ਲਗਭਗ 1.27 ਕਰੋੜ ਲੋਕ ਵੋਟਿੰਗ 'ਚ ਹਿੱਸਾ ਲੈਣਗੇ। ਸੂਬਾ ਚੋਣ ਕਮਿਸ਼ਨ ਵੱਲੋਂ 17,268 ਪੋਲਿੰਗ ਬੂਥ ਬਣਾਏ ਗਏ ਹਨ ਅਤੇ 86,340 ਕਰਮਚਾਰੀ ਡਿਊਟੀ 'ਤੇ ਨਿਯੁਕਤ ਕੀਤੇ ਗਏ ਹਨ।
ਸੂਬੇ 'ਚ ਕੁੱਲ 13,276 ਪੰਚਾਇਤਾਂ ਹਨ। ਸੂਬਾ ਚੋਣ ਅਧਿਕਾਰੀ ਮੁਤਾਬਕ ਨਿਰਪੱਖ, ਪਾਰਦਰਸ਼ੀ ਅਤੇ ਸ਼ਾਂਤੀਪੂਰਨ ਚੋਣਾਂ ਕਰਵਾਉਣ ਲਈ ਪਿੰਡਾਂ 'ਚ ਸਾਰੇ ਜ਼ਰੂਰੀ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਨੇ ਕਿਹਾ ਕਿ ਤਕਰੀਬਨ 4,363 ਸਰਪੰਚ ਅਤੇ 46,754 ਪੰਚ ਪਹਿਲਾਂ ਹੀ ਬਿਨਾਂ ਮੁਕਾਬਲਾ ਸਰਬਸੰਮਤੀ ਨਾਲ ਚੋਣ ਜਿੱਤ ਚੁੱਕੇ ਹਨ।ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਨੇ ਸੂਬੇ 'ਚ ਸਥਿਤ ਫੈਕਟਰੀਆਂ ਦੇ ਕਾਮਿਆਂ ਲਈ 30 ਦਸੰਬਰ 2018 (ਐਤਵਾਰ) ਨੂੰ ਛੁੱਟੀ ਦਾ ਐਲਾਨ ਕੀਤਾ ਹੋਇਆ ਹੈ, ਤਾਂ ਕਿ ਪੰਚਾਇਤੀ ਚੋਣਾਂ 'ਚ ਉਹ ਆਪਣੇ ਵੋਟ ਪਾਉਣ ਦੇ ਅਧਿਕਾਰ ਦੀ ਵਰਤੋਂ ਕਰ ਸਕਣ।
ਵੀਡੀਓਗ੍ਰਾਫੀ ਦੀ ਵੀ ਹੈ ਇਜਾਜ਼ਤ-
ਸੂਬਾ ਚੋਣ ਕਮਿਸ਼ਨ ਨੇ ਪੰਚਾਇਤੀ ਚੋਣਾਂ 'ਚ ਉਮੀਦਵਾਰਾਂ ਜਾਂ ਹੋਰ ਕਿਸੇ ਵਿਅਕਤੀ ਨੂੰ ਆਪਣੇ ਖਰਚ 'ਤੇ ਚੋਣ ਬੂਥ ਦੇ ਬਾਹਰ ਵੀਡੀਓਗ੍ਰਾਫੀ ਦਾ ਪ੍ਰਬੰਧ ਕਰਨ ਦੀ ਵੀ ਇਜਾਜ਼ਤ ਦਿੱਤੀ ਹੈ। ਕਮਿਸ਼ਨ ਦੇ ਬੁਲਾਰੇ ਮੁਤਾਬਕ, ਜੇਕਰ ਉਮੀਦਵਾਰ ਜਾਂ ਕੋਈ ਹੋਰ ਵਿਅਕਤੀ ਚੋਣ ਬੂਥ ਦੇ ਬਾਹਰ ਵੀਡੀਓਗ੍ਰਾਫੀ ਕਰਨ ਦੀ ਇੱਛਾ ਜ਼ਾਹਰ ਕਰਦਾ ਹੈ, ਤਾਂ ਉਸ ਨੂੰ ਅਜਿਹਾ ਕਰਨ ਤੋਂ ਰੋਕਿਆ ਨਹੀਂ ਜਾ ਸਕਦਾ।ਵੀਡੀਓਗ੍ਰਾਫੀ ਲਈ ਕਿਸੇ ਹੋਰ ਅਧਿਕਾਰੀ ਤੋਂ ਪ੍ਰਵਾਨਗੀ ਲੈਣ ਦੀ ਕੋਈ ਲੋੜ ਨਹੀਂ ਹੈ।ਹਾਲਾਂਕਿ ਕਮਿਸ਼ਨ ਨੇ ਸਪੱਸ਼ਟ ਕੀਤਾ ਕਿ ਵੋਟਿੰਗ ਦਾ ਭੇਤ ਬਰਕਰਾਰ ਰੱਖਣ ਲਈ ਚੋਣ ਬੂਥ ਦੇ ਅੰਦਰ ਵੀਡੀਓਗ੍ਰਾਫੀ ਦੀ ਇਜਾਜ਼ਤ ਨਹੀਂ ਹੋਵੇਗੀ।
ਪੰਜਾਬ ਵਿਚ ਬਿਜਲੀ ਦੀਆਂ ਦਰਾਂ ਵਧਣ ਦੀ ਤਿਆਰੀ, ਆਮ ਜਨਤਾ ’ਤੇ ਪਏਗੀ ਮਾਰ
NEXT STORY