ਜਲੰਧਰ, (ਪੁਨੀਤ)- ਬਿਜਲੀ ਖਪਤਕਾਰਾਂ ਲਈ ਬੁਰੀ ਖਬਰ ਹੈ ਕਿਉਂਕਿ ਬਿਜਲੀ ਦੇ ਰੇਟ ਫਿਰ ਤੋਂ ਵਧਾਉਣ ਦੀ ਤਿਆਰੀ ਕਰ ਲਈ ਗਈ ਹੈ। ਪਾਵਰ ਨਿਗਮ ਨੇ ਰੈਗੂਲੇਟਰੀ ਕਮਿਸ਼ਨ ਕੋਲੋਂ ਬਿਜਲੀ ਦੀਆਂ ਦਰਾਂ 14 ਫੀਸਦੀ ਤਕ ਵਧਾਉਣ ਦੀ ਮਨਜ਼ੂਰੀ ਮੰਗੀ ਹੈ। ਗੁਆਂਢੀ ਸੂਬਿਆਂ ਹਰਿਆਣਾ, ਹਿਮਾਚਲ ਵਿਚ ਪੰਜਾਬ ਨਾਲੋਂ ਸਸਤੀ ਬਿਜਲੀ ਹੈ ਜਿਸ ਕਾਰਨ ਪੰਜਾਬ ਦੇ ਖਪਤਕਾਰ ਖੁਦ ਨੂੰ ਠਗਿਆ ਮਹਿਸੂਸ ਕਰਦੇ ਹਨ। ਪਾਵਰ ਨਿਗਮ ਨੇ ਬਿਜਲੀ ਦੀਆਂ ਦਰਾਂ ਵਿਚ ਵਾਧੇ ਲਈ ਮਾਲੀਆ ਘਾਟੇ ਨੂੰ ਕਾਰਨ ਦੱਸਿਆ ਹੈ।
ਪਾਵਰ ਨਿਗਮ ’ਤੇ 25500 ਕਰੋੜ ਦਾ ਕਰਜ਼ਾ ਹੈ ਜਿਸ ਦਾ ਵਿਆਜ ਵਿਭਾਗ ਦੇ ਰਿਹਾ ਹੈ ਜਦੋਂਕਿ ਪਾਵਰ ਨਿਗਮ ਨੇ ਸਰਕਾਰ ਕੋਲੋਂ 4200 ਕਰੋੜ ਰੁਪਏ ਸਬਸਿਡੀ ਦੇ ਤੌਰ ’ਤੇ ਲੈਣੇ ਹਨ ਜੋ ਕਿ ਲੰਮੇ ਸਮੇਂ ਤੋਂ ਨਹੀਂ ਮਿਲ ਸਕੇ ਹਨ। ਸਬਸਿਡੀ ਨਾ ਮਿਲਣ ਕਾਰਨ ਸਰਕਾਰ ਨੂੰ ਵਿਰੋਧੀ ਧਿਰ ਦੀ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬੀਤੇ ਦਿਨੀਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਸਬਸਿਡੀ ਨਾ ਦੇਣ ’ਤੇ ਕਾਂਗਰਸ ਨੂੰ ਨਿਸ਼ਾਨਾ ਬਣਾਇਆ ਸੀ। ਬਿਜਲੀ ਦੀਆਂ ਦਰਾਂ ਵਧਣ ਨਾਲ ਆਮ ਜਨਤਾ ਨੂੰ ਸਭ ਤੋਂ ਵੱਧ ਮਾਰ ਪਏਗੀ ਕਿਉਂਕਿ ਰੁਟੀਨ ਵਿਚ ਵਰਤੀਆਂ ਜਾਣ ਵਾਲੀਆਂ ਚੀਜ਼ਾਂ ਦੀਆਂ ਕੀਮਤਾਂ ਵਧਣਗੀਆਂ।
ਗਲਤ ਨੀਤੀਆਂ ਕਾਰਨ ਪਾਵਰ ਨਿਗਮ ਮਹਿੰਗੀ ਬਿਜਲੀ ਖਰੀਦ ਕੇ ਸਸਤੀਆਂ ਦਰਾਂ ’ਤੇ ਵੇਚਣ ਲਈ ਮਜਬੂਰ ਹੈ ਜਿਸ ਨਾਲ ਵਿਭਾਗ ਨੂੰ ਮਾਲੀਆ ਘਾਟਾ ਹੁੰਦਾ ਹੈ ਜਦੋਂ ਕਿ ਸਰਕਾਰ ਆਪਣੇ ਪਲਾਂਟਾਂ ਵਿਚ ਬਿਜਲੀ ਦਾ ਉਤਪਾਦਨ ਕਰੇ ਤਾਂ ਸਸਤੀਆਂ ਦਰਾਂ ’ਤੇ ਬਿਜਲੀ ਪੈਦਾ ਹੋ ਸਕਦੀ ਹੈ। ਇਸ ਸਬੰਧ ਵਿਚ ਲੋਕਾਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਇਸ ਨੂੰ ਲੋਕ ਵਿਰੋਧੀ ਕਰਾਰ ਦਿੱਤਾ।
ਬਿਜਲੀ ਦੇ ਰੇਟ ਵਧੇ ਤਾਂ ਰੁਕੇਗੀ ਇੰਡਸਟਰੀ ਦੀ ਗ੍ਰੋਥ : ਗਾਂਧੀ
ਉਦਯੋਗਪਤੀ ਆਰ. ਕੇ. ਗਾਂਧੀ ਦਾ ਕਹਿਣਾ ਹੈ ਕਿ ਜੀ. ਐੱਸ. ਟੀ. ਨੇ ਪਹਿਲਾਂ ਹੀ ਲੱਕ ਤੋੜਿਆ ਹੈ। ਹੁਣ ਬਿਜਲੀ ਦੇ ਰੇਟ ਵਧ ਗਏ ਤਾਂ ਇੰਡਸਟਰੀ ਦੀ ਗ੍ਰੋਥ ਘੱਟ ਹੋਵੇਗੀ। ਗੁਆਂਢੀ ਸੂਬਿਆਂ ਹਰਿਆਣਾ, ਹਿਮਾਚਲ ਵਿਚ ਪੰਜਾਬ ਦੇ ਮੁਕਾਬਲੇ ਬਿਜਲੀ ਕਾਫੀ ਸਸਤੀ ਹੈ। ਇਸ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਬਿਜਲੀ ਦੇ ਰੇਟ ਵਧਾਉਣ ਦੀ ਥਾਂ ਘੱਟ ਕੀਤੇ ਜਾਣ।
ਆਪਣੇ ਘਾਟੇ ਨੂੰ ਘੱਟ ਕਰੇ ਪਾਵਰ ਨਿਗਮ : ਚੌਧਰੀ
ਆਲ ਇੰਡੀਆ ਪਾਵਰ ਡਿਪਲੋਮਾ ਇੰਜੀਨੀਅਰਿੰਗ ਦੇ ਮੁੱਖ ਸਲਾਹਕਾਰ ਰਾਜ ਕੁਮਾਰ ਚੌਧਰੀ ਦਾ ਕਹਿਣਾ ਹੈ ਕਿ ਪਾਵਰ ਨਿਗਮ ਨੂੰ ਰੇਟ ਵਧਾ ਕੇ ਲੋਕਾਂ ਨਾਲ ਧੱਕਾ ਨਹੀਂ ਕਰਨਾ ਚਾਹੀਦਾ ਹੈ ਕਿਉਂਕਿ ਲੋਕ ਪਹਿਲਾਂ ਹੀ ਮਹਿੰਗੀ ਬਿਜਲੀ ਖਰੀਦ ਰਹੇ ਹਨ। ਉਨ੍ਹਾਂ ਕਿਹਾ ਕਿ ਪਾਵਰ ਨਿਗਮ ਨੂੰ ਆਪਣੇ ਘਾਟੇ ਘੱਟ ਕਰਨੇ ਚਾਹੀਦੇ ਹਨ।
ਲੋਕਾਂ ’ਤੇ ਬੋਝ ਪਾਉਣਾ ਗਲਤ : ਖਹਿਰਾ
ਤੇਜ਼-ਤਰਾਰ ਆਗੂ ਅਤੇ ਭੁਲੱਥ ਤੋਂ ਵਿਧਾਇਕ ਸੁਖਪਾਲ ਖਹਿਰਾ ਦਾ ਕਹਿਣਾ ਹੈ ਕਿ ਪੰਜਾਬ ਦੇ ਹਾਲਾਤ ਪਹਿਲਾਂ ਹੀ ਖਰਾਬ ਹਨ। ਕਿਸਾਨ ਖੁਦਕੁਸ਼ੀਆਂ ਕਰਨ ਲਈ ਮਜਬੂਰ ਹਨ ਪਰ ਸਰਕਾਰ ਇਸ ਵੱਲ ਧਿਆਨ ਦੇਣ ਦੀ ਥਾਂ ਬੋਝ ਪਾਉਣ ਦੀ ਤਿਆਰੀ ਕਰ ਰਹੀ ਹੈ ਜੋ ਬਿਲਕੁਲ ਗਲਤ ਹੈ, ਫੈਸਲਾ ਵਾਪਸ ਲੈਣਾ ਚਾਹੀਦਾ ਹੈ।
ਪੀ.ਐੱਮ. ਮੋਦੀ ਕਰਨਗੇ 'ਮਨ ਕੀ ਬਾਤ' (ਪੜ੍ਹੋ 30 ਦਸੰਬਰ ਦੀਆਂ ਖਾਸ ਖਬਰਾਂ)
NEXT STORY