ਗੁਰਦਾਸਪੁਰ (ਹਰਮਨਪ੍ਰੀਤ) : ਪੰਜਾਬ ਅੰਦਰ ਭੋਲੇ-ਭਾਲੇ ਲੋਕਾਂ ਨੂੰ ਗੁੰਮਰਾਹ ਕਰਨ ਦੇ ਤਾਂ ਅਨੇਕਾਂ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ ਪਰ ਗੁਰਦਾਸਪੁਰ ਜ਼ਿਲੇ ਅੰਦਰ ਠੱਗਾਂ ਵੱਲੋਂ ਕੀਤੀ ਗਈ ਠੱਗੀ ਦਾ ਨਿਵੇਕਲਾ ਮਾਮਲਾ ਸਾਹਮਣੇ ਆਇਆ ਹੈ ਜਿਸ ਤਹਿਤ ਪ੍ਰਾਪਰਟੀ ਦਾ ਕਾਰੋਬਾਰ ਕਰਦੇ ਵਿਅਕਤੀਆਂ ਨੇ ਕੁਝ ਸਾਲ ਪਹਿਲਾਂ ਇਥੇ ਤਾਇਨਾਤ ਰਹੇ ਇਕ ਐੱਸ. ਪੀ. ਨੂੰ ਹੀ ਆਪਣੀਆਂ ਗੱਲਾਂ 'ਚ ਭਰਮਾ ਕੇ ਠੱਗੀ ਦਾ ਸ਼ਿਕਾਰ ਬਣਾ ਲਿਆ। ਇਸ ਮਾਮਲੇ ਵਿਚ ਇਕ ਹੋਰ ਰੌਚਕ ਗੱਲ ਇਹ ਹੈ ਕਿ ਠੱਗੀ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਇਹ ਵਿਅਕਤੀ ਉਸ ਮੌਕੇ ਉਕਤ ਐੱਸ. ਪੀ. ਦੀ ਪਤਨੀ ਦੀ ਮੌਤ ਹੋਣ ਕਾਰਣ ਉਸ ਦਾ ਅਫਸੋਸ ਕਰਨ ਆਏ ਸਨ, ਜਿਨ੍ਹਾਂ ਨੇ ਦੁੱਖ ਦੀ ਘੜੀ ਵਿਚ ਵੀ ਆਪਣੀ ਕਮਾਈ ਦਾ ਮੌਕਾ ਹੱਥੋਂ ਨਹੀਂ ਜਾਣ ਦਿੱਤਾ।
ਸ਼ਿਕਾਇਤ ਵਿਚ ਐੱਸ. ਪੀ. ਜਸਪਾਲ ਨੇ ਦੱਸਿਆ ਕਿ ਉਹ ਅੱਜਕੱਲ ਬਠਿੰਡਾ ਵਿਚ ਐੱਸ. ਪੀ. ਲੱਗੇ ਹੋਏ ਹਨ ਅਤੇ ਕੁਝ ਸਾਲ ਪਹਿਲਾਂ ਜਦੋਂ ਉਹ ਬਠਿੰਡਾ ਜ਼ਿਲੇ ਵਿਚ ਸਰਕਲ ਅਫਸਰ ਲੱਗੇ ਹੋਏ ਸਨ ਤਾਂ ਉਥੇ ਉਨ੍ਹਾਂ ਦੀ ਜਾਣ-ਪਹਿਚਾਣ ਰੌਸ਼ਨ ਲਾਲ ਬਾਂਸਲ ਪੁੱਤਰ ਰਾਮ ਕਰਨ ਵਾਸੀ ਰਾਮਾ ਮੰਡੀ ਅਤੇ ਦਵਿੰਦਰ ਕੁਮਾਰ ਪੁੱਤਰ ਪ੍ਰੇਮ ਕੁਮਾਰ ਵਾਸੀ ਰਾਮਾ ਮੰਡੀ ਨਾਲ ਹੋਈ ਸੀ। ਉਪਰੰਤ ਸਾਲ 2013 ਦੌਰਾਨ ਜਦੋਂ ਉਹ ਗੁਰਦਾਸਪੁਰ ਵਿਖੇ ਐੱਸ. ਪੀ. ਲੱਗੇ ਹੋਏ ਸਨ ਤਾਂ ਉਨ੍ਹਾਂ ਦੀ ਪਤਨੀ ਦੀ ਮੌਤ ਹੋ ਗਈ, ਜਿਸ ਕਾਰਣ ਉਕਤ ਦੋਵੇਂ ਵਿਅਕਤੀ ਉਨ੍ਹਾਂ ਨਾਲ ਅਫਸੋਸ ਕਰਨ ਆਏ ਸਨ। ਉਸ ਮੌਕੇ ਇਨ੍ਹਾਂ ਦੋਵਾਂ ਵਿਅਕਤੀਆਂ ਨੇ ਗੱਲਬਾਤ ਦੌਰਾਨ ਉਨ੍ਹਾਂ ਨੂੰ ਦੱਸਿਆ ਕਿ ਪਿੰਡ ਕਟਾਰ ਸਿੰਘ ਵਾਲਾ ਵਿਖੇ ਉਨ੍ਹਾਂ ਕੋਲ ਕੁਝ ਪਲਾਟ ਵਿਕਾਊ ਹਨ ਅਤੇ ਜੇਕਰ ਉਨ੍ਹਾਂ ਨੂੰ ਪਲਾਟ ਦੀ ਜ਼ਰੂਰਤ ਹੈ ਤਾਂ ਉਹ ਪਲਾਟ ਲੈ ਕੇ ਦੇ ਸਕਦੇ ਸਨ।
ਇਸ 'ਤੇ ਉਕਤ ਦੋਵਾਂ ਵਿਅਕਤੀਆਂ ਨੇ ਐੱਸ. ਪੀ. ਕੋਲੋਂ 3 ਲੱਖ ਰੁਪਏ ਲੈ ਲਏ ਅਤੇ ਬਾਕੀ ਰਕਮ ਪਲਾਟ ਦੀ ਰਜਿਸਟਰੀ ਮੌਕੇ ਦੇਣ ਦੀ ਗੱਲਬਾਤ ਮੁੱਕ ਗਈ ਪਰ ਇੰਨਾ ਸਮਾਂ ਬੀਤ ਜਾਣ ਦੇ ਬਾਵਜੂਦ ਉਕਤ ਵਿਅਕਤੀਆਂ ਨੇ ਨਾ ਤਾਂ ਪਲਾਟ ਦੀ ਰਜਿਸਟਰੀ ਕਰਵਾ ਕੇ ਦਿੱਤੀ ਅਤੇ ਨਾ ਹੀ ਪੈਸੇ ਵਾਪਿਸ ਕੀਤੇ। ਇਸ ਕਾਰਨ ਐੱਸ. ਪੀ. ਨੇ 2 ਜੁਲਾਈ 2019 ਨੂੰ ਪੁਲਸ ਨੂੰ ਸ਼ਿਕਾਇਤ ਕੀਤੀ ਸੀ ਜਿਸ ਦੀ ਜਾਂਚ ਉਪ ਪੁਲਸ ਕਪਤਾਨ ਵੱਲੋਂ ਕੀਤੇ ਜਾਣ ਉਪਰੰਤ ਪੁਲਸ ਨੇ ਰੌਸ਼ਨ ਲਾਲ ਬਾਂਸਲ ਅਤੇ ਦਵਿੰਦਰ ਕੁਮਾਰ ਖਿਲਾਫ ਧੋਖਾਧੜੀ ਦਾ ਮਾਮਲਾ ਦਰਜ ਕਰ ਲਿਆ ਹੈ।
ਕੌਮਾਂਤਰੀ ਨਗਰ ਕੀਰਤਨ ਬਿਲਾਸਪੁਰ ਤੋਂ ਅਗਲੇ ਪੜਾਅ ਲਈ ਰਵਾਨਾ
NEXT STORY