ਜਲੰਧਰ (ਵੈੱਬ ਡੈਸਕ)- ਜਲੰਧਰ ਵਿਖੇ ਯੂ-ਟਿਊਬਰ ਤੇ ਇੰਫਲੂਐਂਸਰ ਨਵਦੀਪ ਸਿੰਘ ਸੰਧੂ ਉਰਫ਼ ਡਾ. ਰੋਜਰ ਸੰਧੂ ਦੇ ਘਰ 'ਤੇ ਹੋਏ ਗ੍ਰਨੇਡ ਹਮਲੇ ਤੋਂ ਬਾਅਦ ਪੰਜਾਬ ਪੁਲਸ ਨੇ ਸਖ਼ਤ ਐਕਸ਼ਨ ਲਿਆ ਹੈ। ਪੰਜਾਬ ਪੁਲਸ ਨੇ ਵੱਡਾ ਐਕਸ਼ਨ ਲੈਂਦੇ ਹੋਏ ਪਾਕਿਸਤਾਨ ਦੇ ਡੌਨ ਸ਼ਹਿਜ਼ਾਦ ਭੱਟੀ ਦਾ ਇੰਸਟਾਗ੍ਰਾਮ ਭਾਰਤ ਵਿਚ ਬੈਨ ਕਰਵਾ ਦਿੱਤਾ ਗਿਆ ਹੈ। ਇਥੇ ਦੱਸ ਦੇਈਏ ਕਿ ਜਲੰਧਰ ਦੇ ਰਾਏਪੁਰ ਰਸੂਲਪੁਰ ਵਿਚ ਸ਼ਹਿਜ਼ਾਦ ਭੱਟੀ ਵੱਲੋਂ ਗ੍ਰਨੇਡ ਹਮਲਾ ਬੀਤੇ ਦਿਨ ਕਰਵਾਇਆ ਗਿਆ ਸੀ ਅਤੇ ਇਸ ਦੀ ਜ਼ਿੰਮੇਵਾਰੀ ਭੱਟੀ ਨੇ ਖ਼ੁਦ ਇੰਸਟਾਗ੍ਰਾਮ 'ਤੇ ਵੀਡੀਓ ਪੋਸਟ ਕਰਕੇ ਲਈ ਸੀ।
ਇਹ ਵੀ ਪੜ੍ਹੋ : ਲੁਧਿਆਣਾ ਪਹੁੰਚੇ CM ਭਗਵੰਤ ਮਾਨ ਨੇ ਅਧਿਆਪਕਾਂ ਲਈ ਕੀਤਾ ਅਹਿਮ ਐਲਾਨ
ਜ਼ਿਕਰਯੋਗ ਹੈ ਕਿ ਜਿਵੇਂ ਹੀ ਪੰਜਾਬ ਪੁਲਸ ਨੂੰ ਉਪਰੋਕਤ ਘਟਨਾ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਨੇ ਤੁਰੰਤ ਜ਼ਿੰਮੇਵਾਰੀ ਦੇ ਸਰੋਤ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰਨੀ ਸ਼ੁਰੂ ਕਰ ਦਿੱਤੀ ਸੀ। ਜਾਂਚ ਦੌਰਾਨ ਇਹ ਖ਼ੁਲਾਸਾ ਹੋਇਆ ਸੀ ਕਿ ਉਕਤ ਜ਼ਿੰਮੇਵਾਰੀ ਪਾਕਿਸਤਾਨੀ ਡੌਨ ਸ਼ਹਿਜ਼ਾਦ ਭੱਟੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਰਾਹੀਂ ਲਈ ਹੈ। ਜਿਸ ਤੋਂ ਬਾਅਦ ਪੁਲਸ ਨੇ ਕੰਪਨੀ ਨੂੰ ਭਾਰਤ ਵਿੱਚ ਉਕਤ ਸ਼ਹਿਜ਼ਾਦ ਡੌਨ ਦੇ ਇੰਸਟਾਗ੍ਰਾਮ ਖ਼ਾਤੇ ਨੂੰ ਬੈਨ ਕਰਨ ਲਈ ਲਿਖਿਆ। ਪੰਜਾਬ ਪੁਲਸ ਦੀ ਬੇਨਤੀ ‘ਤੇ ਭੱਟੀ ਦੇ ਖ਼ਾਤੇ ਨੂੰ ਰਾਤੋ-ਰਾਤ ਭਾਰਤ ਵਿੱਚ ਬੈਨ ਕਰ ਦਿੱਤਾ ਗਿਆ। ਹੁਣ ਭਾਰਤ ਵਿੱਚ ਭੱਟੀ ਦਾ ਕੋਈ ਵੀ ਸੋਸ਼ਲ ਮੀਡੀਆ ਖਾਤਾ ਨਹੀਂ ਖੋਲ੍ਹਿਆ ਜਾ ਰਿਹਾ ਹੈ।
ਜ਼ਿਕਰਯੋਗ ਹੈ ਕਿ ਬੀਤੇ ਦਿਨ ਥਾਣਾ ਮਕਸੂਦਾਂ ਅਧੀਨ ਪੈਂਦੇ ਪਿੰਡ ਰਾਏਪੁਰ-ਰਸੂਲਪੁਰ ਵਾਸੀ ਯੂ-ਟਿਊਬਰ ਡਾ. ਰੋਜਰ ਸੰਧੂ ਦੇ ਘਰ ਦੀ ਦੂਜੀ ਮੰਜ਼ਿਲ ’ਤੇ ਗ੍ਰਨੇਡ ਹਮਲਾ ਕੀਤਾ ਗਿਆ ਸੀ ਪਰ ਗ੍ਰੇਨੇਡ ਨਾ ਫਟਣ ਕਾਰਨ ਪੂਰਾ ਪਰਿਵਾਰ ਅਤੇ ਆਲੇ-ਦੁਆਲੇ ਦੀਆਂ ਬਿਲਡਿੰਗਾਂ ਬਚ ਗਈਆਂ। ਗ੍ਰੇਨੇਡ ਹਮਲੇ ਦੀ ਸੂਚਨਾ ਮਿਲਣ ਤੋਂ ਬਾਅਦ ਜ਼ਿਲ੍ਹਾ ਦਿਹਾਤੀ ਦੇ ਐੱਸ. ਐੱਸ. ਪੀ. ਗੁਰਮੀਤ ਸਿੰਘ, ਐੱਸ. ਪੀ. (ਡੀ) ਜਸਰੂਪ ਕੌਰ ਬਾਠ, ਡੀ. ਐੱਸ. ਪੀ. (ਡੀ.) ਸਰਵਣ ਸਿੰਘ, ਡੀ. ਐੱਸ. ਪੀ. ਕਰਤਾਰਪੁਰ ਸੁਰਿੰਦਰਪਾਲ ਧੋਗੜੀ, ਕ੍ਰਾਈਮ ਬ੍ਰਾਂਚ ਦੇ ਇੰਸਪੈਕਟਰ ਪੁਸ਼ਪ ਬਾਲੀ, ਐੱਸ. ਐੱਚ. ਓ. ਬਲਬੀਰ ਸਿੰਘ, ਬੀ. ਐੱਸ. ਐੱਫ਼ ਦੇ ਜਵਾਨ ਆਦਿ ਮੌਕੇ ’ਤੇ ਪਹੁੰਚੇ ਅਤੇ ਪੂਰਾ ਇਲਾਕਾ ਪੁਲਸ ਛਾਉਣੀ ’ਚ ਤਬਦੀਲ ਹੋ ਗਿਆ।

ਇਹ ਵੀ ਪੜ੍ਹੋ : ਪੰਜਾਬ ਦੀ ਇਸ ਜੇਲ੍ਹ 'ਚ ਹਵਾਲਾਤੀ ਦੀ ਮੌਤ, ਪ੍ਰਸ਼ਾਸਨ ਨੂੰ ਪਈਆਂ ਭਾਜੜਾਂ, ਪੁਲਸ 'ਤੇ ਲੱਗੇ ਗੰਭੀਰ ਦੋਸ਼
ਪੁਲਸ ਅਧਿਕਾਰੀਆਂ ਦੇ ਨਾਲ ਬੰਬ ਸਕੁਐਡ ਦੀਆਂ ਟੀਮਾਂ ਵੀ ਪਹੁੰਚੀਆਂ ਅਤੇ ਉਨ੍ਹਾਂ ਲੱਗਭਗ 3 ਘੰਟੇ ਦੀ ਸਖਤ ਮੁਸ਼ੱਕਤ ਤੋਂ ਬਾਅਦ ਗ੍ਰੇਨੇਡ ਨੂੰ ਡੀਫ਼ਿਊਜ਼ ਕੀਤਾ। ਗ੍ਰੇਨੇਡ ਡੀਫ਼ਿਊਜ਼ ਹੋਣ ਤੋਂ ਬਾਅਦ ਇਲਾਕਾ ਵਾਸੀਆਂ ਅਤੇ ਪੁਲਸ ਵਿਭਾਗ ਨੇ ਸੁੱਖ ਦਾ ਸਾਹ ਲਿਆ। ਐੱਸ. ਐੱਸ. ਪੀ. ਗੁਰਮੀਤ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਕੰਟਰੋਲ ਰੂਮ ਤੋਂ ਸੂਚਨਾ ਮਿਲੀ ਸੀ ਕਿ ਪਿੰਡ ਰਾਏਪੁਰ-ਰਸੂਲਪੁਰ ’ਚ ਰਹਿੰਦੇ ਯੂ-ਟਿਊਬਰ ਡਾ. ਰੋਜਰ ਸੰਧੂ ਦੇ ਘਰ ’ਤੇ ਤੜਕਸਾਰ ਲਗਭਗ 3.30 ਵਜੇ ਗ੍ਰੇਨੇਡ ਹਮਲਾ ਹੋਇਆ ਹੈ। ਉਨ੍ਹਾਂ ਦੱਸਿਆ ਕਿ ਸੂਚਨਾ ਸਵੇਰੇ 10 ਵਜੇ ਮਿਲਣ ਤੋਂ ਬਾਅਦ ਪੁਲਸ ਅਧਿਕਾਰੀ ਮੌਕੇ ’ਤੇ ਪਹੁੰਚੇ ਅਤੇ ਆਲੇ-ਦੁਆਲੇ ਦੇ ਘਰ ਖਾਲੀ ਕਰਵਾਏ ਤੇ ਪੂਰਾ ਇਲਾਕਾ ਸੀਲ ਕਰ ਦਿੱਤਾ।

ਤੜਕਸਾਰ ਗ੍ਰਨੇਡ ਹਮਲਾ ਕਰਨ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਪਾਕਿਸਤਾਨੀ ਡਾਨ ਸ਼ਹਿਜ਼ਾਦ ਭੱਟੀ ਨੇ ਵੀਡੀਓ ਵਾਇਰਲ ਕਰਦੇ ਹੋਏ ਧਮਕੀ ਦਿੱਤੀ ਕਿ ਅਸੀਂ ਜੋ ਕੰਮ ਰਾਤ ਨੂੰ ਪੰਜਾਬ ਦੇ ਜਲੰਧਰ ’ਚ ਕੀਤਾ ਹੈ , ਅੱਗੇ ਵੀ ਕਰਦੇ ਰਹਾਂਗੇ। ਜੋ ਇਸਲਾਮ, ਮੁਲਕ, ਅਦਾਰਿਆਂ ਅਤੇ ਧਰਮ ਨੂੰ ਟਾਰਗੈੱਟ ਕਰੇਗਾ, ਉਸ ਨਾਲ ਅਜਿਹਾ ਹੀ ਹੋਵੇਗਾ। ਨਾ ਮੈਂ ਕਿਸੇ ਧਰਮ ਨੂੰ ਟਾਰਗੈੱਟ ਕਰਦਾ ਹਾਂ ਤੇ ਨਾ ਹੀ ਕਰਨ ਦਿੰਦਾ ਹਾਂ। ਮੈਂ ਉਸ ਨਾਲ ਅਜਿਹਾ ਕੰਮ ਕਰਾਂਗਾ ਕਿ ਉਸ ਦੀਆਂ 7 ਪੀੜ੍ਹੀਆਂ ਯਾਦ ਰੱਖਣਗੀਆਂ। ਦੂਜੀ ਵੀਡੀਓ ’ਚ ਗ੍ਰਨੇਡ ਸੁੱਟਣ ਵਾਲੇ ਨੂੰ ਕੋਲ ਖੜ੍ਹੇ ਵਿਅਕਤੀ ਨੇ ਹੁਕਮ ਦਿੱਤਾ ਕਿ ਦੂਜੀ ਮੰਜ਼ਿਲ ’ਤੇ ਗ੍ਰਨੇਡ ਸੁੱਟ ਦਿਓ। ਪਾਕਿਸਤਾਨੀ ਡਾਨ ਸ਼ਹਿਜ਼ਾਦ ਭੱਟੀ ਨੇ ਗ੍ਰੇਨੇਡ ਸੁੱਟਣ ਤਕ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਕਰ ਦਿੱਤੀ। ਇਸ ਵੀਡੀਓ ਕਾਰਨ ਲੋਕ ਕਾਫੀ ਚਿੰਤਤ ਹੋ ਗਏ ਪਰ ਐੱਸ. ਐੱਸ. ਪੀ. ਦਿਹਾਤੀ ਗੁਰਮੀਤ ਸਿੰਘ ਨੇ ਕਿਹਾ ਕਿ ਕੋਈ ਵੀ ਅਜਿਹੀਆਂ ਗੱਲਾਂ ਤੋਂ ਪ੍ਰੇਸ਼ਾਨ ਨਾ ਹੋਵੇ, ਪੁਲਸ ਆਪਣਾ ਕੰਮ ਕਰ ਰਹੀ ਹੈ।
ਇਹ ਵੀ ਪੜ੍ਹੋ : ਜਲੰਧਰ 'ਚ ਗ੍ਰਨੇਡ ਹਮਲੇ ਮਗਰੋਂ ਪੰਜਾਬ ਪੁਲਸ ਦਾ ਐਕਸ਼ਨ, ਪਾਕਿ ਡੌਨ ਸ਼ਹਿਜ਼ਾਦ ਭੱਟੀ ਦਾ ਇੰਸਟਾਗ੍ਰਾਮ ਭਾਰਤ 'ਚ ਬੈਨ

ਯੂ-ਟਿਊਬਰ ਡਾ. ਰੋਜਰ ਸੰਧੂ ਨੇ ਇਸ ਤੋਂ ਤੁਰੰਤ ਬਾਅਦ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਨਾ ਤਾਂ ਉਨ੍ਹਾਂ ਨੇ ਕਿਸੇ ਧਰਮ ਜਾਂ ਦੇਸ਼ ਬਾਰੇ ਕੁਝ ਗਲਤ ਕਿਹਾ ਹੈ ਅਤੇ ਨਾ ਹੀ ਕੀਤਾ ਹੈ। ਉਨ੍ਹਾਂ ਕਿਹਾ ਕਿ ਸਿਰਫ਼ ਫੇਮ ਲੈਣ ਦੇ ਚੱਕਰ ’ਚ ਹੀ ਇਹ ਸਭ ਕੀਤਾ ਜਾ ਰਿਹਾ ਹੈ। ਵਾਰਦਾਤ ਦੀ ਸੂਚਨਾ ਮਿਲਣ ਤੋਂ ਬਾਅਦ ਡੀ. ਆਈ. ਜੀ. ਨਵੀਨ ਸਿੰਗਲਾ ਵੀ ਕਿਸ਼ਨਗੜ੍ਹ ਚੌਂਕੀ ਪਹੁੰਚੇ ਅਤੇ ਪੁਲਸ ਅਧਿਕਾਰੀਆਂ ਤੋਂ ਇਸ ਬਾਰੇ ਜਾਣਕਾਰੀ ਹਾਸਲ ਕੀਤੀ। ਇਸ ਜਾਂਚ ਦੀ ਪਲ-ਪਲ ਦੀ ਖ਼ਬਰ ਪੁਲਸ ਅਧਿਕਾਰੀ ਡੀ. ਜੀ. ਪੀ. ਪੰਜਾਬ ਗੌਰਵ ਯਾਦਵ ਨੂੰ ਦੇ ਰਹੇ ਸਨ।
ਐੱਸ. ਐੱਸ. ਪੀ. ਗੁਰਮੀਤ ਸਿੰਘ ਨੇ ਜਾਣਕਾਰੀ ਦਿੱਤੀ ਕਿ ਟੈਕਨੀਕਲ ਟੀਮਾਂ, ਕ੍ਰਾਈਮ ਬ੍ਰਾਂਚ ਅਤੇ ਚੰਡੀਗੜ੍ਹ ਤੋਂ ਵੀ ਆਈਆਂ ਹੋਈਆਂ ਟੀਮਾਂ ਆਪਣਾ ਕੰਮ ਕਰ ਰਹੀਆਂ ਹਨ। ਟੈਕਨੀਕਲ ਜਾਂਚ ਨੂੰ ਅੱਗ ਵਧਾਉਂਦੇ ਹੋਏ ਘਰ ’ਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਅਤੇ ਪਿੰਡ ਦੇ ਅੰਦਰ ਅਤੇ ਐਗਜ਼ਿਟ ’ਤੇ ਲੱਗੇ ਕੈਮਰਿਆਂ ਨੂੰ ਵੀ ਚੈੱਕ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੁਲਸ ਜਾਂਚ ਕਰ ਰਹੀ ਹੈ ਅਤੇ ਜਾਂਚ ਪੂਰੀ ਹੋਣ ਤੋਂ ਬਾਅਦ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਗੈਂਗਸਟਰਾਂ ਤਕ ਕਾਨੂੰਨ ਦੇ ਹੱਥ ਪਹੁੰਚ ਜਾਣਗੇ ਅਤੇ ਜਲਦ ਉਹ ਜੇਲ੍ਹ ਦੀਆਂ ਸੀਖਾਂ ਦੇ ਪਿੱਛੇ ਹੋਣਗੇ।
ਇਹ ਵੀ ਪੜ੍ਹੋ : ਪੰਜਾਬ ਦੀ ਇਸ ਜੇਲ੍ਹ 'ਚ ਹਵਾਲਾਤੀ ਦੀ ਮੌਤ, ਪ੍ਰਸ਼ਾਸਨ ਨੂੰ ਪਈਆਂ ਭਾਜੜਾਂ, ਪੁਲਸ 'ਤੇ ਲੱਗੇ ਗੰਭੀਰ ਦੋਸ਼
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਲੁਧਿਆਣਾ ਪਹੁੰਚੇ ਕੇਜਰੀਵਾਲ ਦਾ ਵੱਡਾ ਬਿਆਨ, ਕਿਹਾ- ਇਹ ਸਿਰਫ਼ ਟ੍ਰੇਲਰ ਸੀ, ਪਿਕਚਰ ਅਜੇ ਬਾਕੀ ਹੈ
NEXT STORY