ਲੁਧਿਆਣਾ (ਰਾਜ)- ਮਹਾਨਗਰ ਵਿਚ ਪੁਲਸ 'ਤੇ ਲੱਗੇ ਦਰਿੰਦਗੀ ਦੇ ਦੋਸ਼ਾਂ ਨੇ ਖ਼ਾਕੀ ਵਰਦੀ ਨੂੰ ਇਕ ਵਾਰ ਫਿਰ ਕਟਹਿਰੇ ਵਿਚ ਖੜ੍ਹਾ ਕਰ ਦਿੱਤਾ ਹੈ। ਦੁੱਗਰੀ ਫੇਜ਼-1 ਦੇ ਰਹਿਣ ਵਾਲੇ ਦੁਕਾਨਦਾਰ ਸਰਬਜੀਤ ਸਿੰਘ ਨੇ ਥਾਣਾ ਡਵੀਜ਼ਨ ਨੰਬਰ 6 ਦੇ ਐੱਸ.ਐੱਚ.ਓ. ਵਿਜੇ ਕੁਮਾਰ ਤੇ ਹੋਰ ਪੁਲਸ ਮੁਲਾਜ਼ਮਾਂ ’ਤੇ ਹਿਰਾਸਤ ਦੌਰਾਨ ਤਸ਼ੱਦਦ ਕਰਨ ਦੇ ਦੋਸ਼ ਲਗਾਏ ਹਨ। ਪੀੜਤ ਦਾ ਕਹਿਣਾ ਹੈ ਕਿ ਉਸ ਨੂੰ ਨਾ ਸਿਰਫ਼ ਜ਼ਲੀਲ ਕੀਤਾ ਗਿਆ, ਸਗੋਂ ਉਸ ਦੇ ਨਾਜ਼ੁਕ ਅੰਗਾਂ ’ਤੇ ਬਿਜਲੀ ਦਾ ਕਰੰਟ ਤੱਕ ਲਗਾਇਆ ਗਿਆ।
ਪੀੜਤ ਨੇ ਪੁਲਸ ਕਮਿਸ਼ਨਰ ਨੂੰ ਸ਼ਿਕਾਇਤ ਦੇ ਕੇ ਇਨਸਾਫ਼ ਦੀ ਗੁਹਾਰ ਲਗਾਈ ਹੈ। ਪੀੜਤ ਸਰਬਜੀਤ ਸਿੰਘ ਨੇ ਦੱਸਿਆ ਕਿ 3 ਅਪ੍ਰੈਲ ਦੀ ਰਾਤ ਕਰੀਬ 9 ਵਜੇ ਉਹ ਆਪਣੀ ਦੁਕਾਨ ’ਤੇ ਸੀ। ਉਸੇ ਸਮੇਂ ਐੱਸ.ਐੱਚ.ਓ. ਵਿਜੇ ਕੁਮਾਰ ਪੁਲਸ ਟੀਮ ਨਾਲ ਆਏ ਪਰ ਉਨ੍ਹਾਂ ਨੂੰ ਦੁਕਾਨ ਵਿਚ ਕੋਈ ਵੀ ਸ਼ਰਾਬ ਪੀਂਦਾ ਨਹੀਂ ਮਿਲਿਆ। ਉਨ੍ਹਾਂ ਦੇ ਜਾਣ ਤੋਂ ਕੁਝ ਦੇਰ ਬਾਅਦ ਚਾਰ ਅਣਪਛਾਤੇ ਵਿਅਕਤੀ ਆਏ ਤੇ ਜਨਮ ਦਿਨ ਦਾ ਬਹਾਨਾ ਬਣਾ ਕੇ ਸ਼ਰਾਬ ਪੀਣ ਦੀ ਜ਼ਿੱਦ ਕਰਨ ਲੱਗੇ। ਸਰਬਜੀਤ ਦੇ ਮਨ੍ਹਾਂ ਕਰਨ ਦੇ ਬਾਵਜੂਦ ਉਹ ਜ਼ਬਰਦਸਤੀ ਬੈਠ ਗਏ। ਉਦੋਂ ਹੀ ਅਚਾਨਕ ਐੱਸ.ਐੱਚ.ਓ. ਫਿਰ ਉੱਥੇ ਪਹੁੰਚ ਗਏ ਤੇ ਗਾਲੀ-ਗਲੋਚ ਕਰਦੇ ਸਰਬਜੀਤ ਅਤੇ ਉਨ੍ਹਾਂ ਚਾਰਾਂ ਵਿਅਕਤੀਆਂ ਨੂੰ ਥਾਣੇ ਲੈ ਗਏ। ਦੋਸ਼ ਹੈ ਕਿ ਉਨ੍ਹਾਂ ਚਾਰ ਲੋਕਾਂ ਨੂੰ ਬਾਅਦ ਵਿਚ ਛੱਡ ਦਿੱਤਾ ਗਿਆ, ਜਦੋਂ ਕਿ ਸਰਬਜੀਤ ’ਤੇ ਝੂਠਾ ਕੇਸ ਦਰਜ ਕਰ ਲਿਆ ਗਿਆ।
ਕਮਿਸ਼ਨਰ ਨੂੰ ਦਿੱਤੀ ਸ਼ਿਕਾਇਤ ਵਿਚ ਸਰਬਜੀਤ ਨੇ ਦੱਸਿਆ ਕਿ ਐੱਸ.ਐੱਚ.ਓ. ਨੇ ਉਸ ਨੂੰ ਸ਼ਰਾਬ ਪੀਣ ਲਈ ਕਿਹਾ। ਜਦੋਂ ਉਸ ਨੇ ਮਨ੍ਹਾ ਕੀਤਾ ਤਾਂ ਐੱਸ.ਐੱਚ.ਓ. ਨੇ ਆਪਣੇ ਡਰਾਈਵਰ ਤੇ ਤਿੰਨ ਕਾਂਸਟੇਬਲਾਂ ਦੀ ਮਦਦ ਨਾਲ ਉਸ ਦੇ ਕੱਪੜੇ ਉਤਰਵਾ ਦਿੱਤੇ। ਪੀੜਤ ਦਾ ਦੋਸ਼ ਹੈ ਕਿ ਪੁਲਸ ਮੁਲਾਜ਼ਮਾਂ ਨੇ ਉਸ ਦੇ ਹੱਥ-ਪੈਰ ਫੜੇ ਤੇ ਉਸ ਦੇ ਗੁਪਤ ਅੰਗਾਂ ’ਤੇ ਬਿਜਲੀ ਦਾ ਕਰੰਟ ਲਾਇਆ। ਇੰਨਾ ਹੀ ਨਹੀਂ ਐੱਸ.ਐੱਚ.ਓ. ਨੇ ਉਸ ਦੇ ਨੱਕ ਵਿਚ ਵੀ ਕਰੰਟ ਵਾਲੀਆਂ ਤਾਰਾਂ ਪਾ ਦਿੱਤੀਆਂ, ਜਿਸ ਕਾਰਨ ਉਸ ਦੀ ਖੱਬੀ ਅੱਖ ਤੋਂ ਧੁੰਦਲਾ ਦਿਖਾਈ ਦੇਣਾ ਸ਼ੁਰੂ ਹੋ ਗਿਆ ਹੈ। ਪੀੜਤ ਅਨੁਸਾਰ ਜਦੋਂ ਉਸ ਦਾ ਗੁਆਂਢੀ ਜ਼ਮਾਨਤ ਦੇਣ ਪਹੁੰਚਿਆ ਤਾਂ ਉਸ ਨੂੰ ਫਿਰ ਅੰਦਰ ਬੁਲਾਇਆ ਗਿਆ। ਉੱਥੇ ਐੱਸ.ਐੱਚ.ਓ. ਨੇ ਉਸ ਦੀ ਦਸਤਾਰ ਉਤਾਰ ਦਿੱਤੀ ਤੇ ਦਾੜ੍ਹੀ ਤੇ ਕੇਸਾਂ ਤੋਂ ਫੜ ਕੇ ਉਸ ਨੂੰ ਹੇਠਾਂ ਸੁੱਟ ਲਿਆ ਤੇ ਲੱਤਾਂ ਮਾਰੀਆਂ।
ਪੁੱਛਣ ’ਤੇ ਐੱਸ.ਐੱਚ.ਓ. ਨੇ ਕਿਹਾ ਕਿ ਉਸ ਦੇ ਬੰਦੇ ਦੁਕਾਨ ਤੋਂ ਚਿਕਨ ਲੈਣ ਆਏ ਸਨ ਪਰ ਸਰਬਜੀਤ ਨੇ ਮਨ੍ਹਾ ਕਰ ਦਿੱਤਾ ਸੀ। ਸਰਬਜੀਤ ਦਾ ਕਹਿਣਾ ਹੈ ਕਿ ਨਰਾਤਿਆਂ ਕਾਰਨ ਦੁਕਾਨ ਬੰਦ ਹੋਣ ਕਰਕੇ ਉਹ ਸਾਮਾਨ ਨਹੀਂ ਦੇ ਸਕਿਆ ਸੀ, ਇਸੇ ਰੰਜਿਸ਼ ਵਿੱਚ ਉਸ ਨੂੰ ਬੁਰੀ ਤਰ੍ਹਾਂ ਕੁੱਟਿਆ ਗਿਆ। ਪੀੜਤ ਨੇ ਇਹ ਵੀ ਦੋਸ਼ ਲਾਇਆ ਕਿ ਥਾਣੇ ਵਿਚ ਉਸ ਦੀ ਜੇਬ ਵਿੱਚੋਂ ਕਰੀਬ 20,750 ਰੁਪਏ ਤੇ ਉਸ ਦਾ ਮੋਬਾਈਲ ਫੋਨ ਖੋਹ ਲਿਆ ਗਿਆ। ਗੰਭੀਰ ਹਾਲਤ ਵਿੱਚ ਪਰਿਵਾਰ ਵਾਲਿਆਂ ਨੇ ਸਰਬਜੀਤ ਨੂੰ ਸਿਵਲ ਹਸਪਤਾਲ ਲੁਧਿਆਣਾ ਵਿੱਚ ਭਰਤੀ ਕਰਵਾਇਆ ਹੈ।
ਕੋਈ ਕੁੱਟਮਾਰ ਨਹੀਂ ਕੀਤੀ, ਸਾਰੇ ਦੋਸ਼ ਝੂਠੇ: SHO
ਦੂਜੇ ਪਾਸੇ ਐੱਸ.ਐੱਚ.ਓ. ਵਿਜੇ ਕੁਮਾਰ ਨੇ ਦੱਸਿਆ ਕਿ ਸ਼ਿਕਾਇਤਕਰਤਾ ਵੱਲੋਂ ਲਗਾਏ ਸਾਰੇ ਦੋਸ਼ ਝੂਠੇ ਹਨ। ਸਰਬਜੀਤ ਸਿੰਘ ਅਤੇ ਉਸ ਦਾ ਭਰਾ ਮਿਲਰ ਗੰਜ ਦੇ ਕੋਲ ਮੱਛੀ ਵੇਚਦੇ ਹਨ ਤੇ ਬਾਹਰ ਲੋਕਾਂ ਨੂੰ ਖੁੱਲ੍ਹੇਆਮ ਸ਼ਰਾਬ ਪਿਲਾਉਂਦੇ ਹਨ। ਚੌਕੀ ਇੰਚਾਰਜ ਨੇ ਉਸ ਦੇ ਭਰਾ ਨੂੰ ਸ਼ਰਾਬ ਪਿਲਾਉਂਦੇ ਫੜਿਆ ਸੀ ਅਤੇ ਕੇਸ ਵੀ ਦਰਜ ਕੀਤਾ ਸੀ। ਕੁਝ ਦੇਰ ਬਾਅਦ ਜਦੋਂ ਪੁਲਸ ਪਾਰਟੀ ਗਸ਼ਤ ਕਰ ਰਹੀ ਸੀ ਤਾਂ ਸਰਬਜੀਤ ਫਿਰ ਗਾਹਕਾਂ ਨੂੰ ਸ਼ਰਾਬ ਪਿਲਾ ਰਿਹਾ ਸੀ ਅਤੇ ਪੁਲਸ ਨੂੰ ਦੇਖ ਕੇ ਗਾਲੀ-ਗਲੋਚ ਕਰਨ ਲੱਗਾ। ਪੁਲਸ ਨੇ ਉਸ ਨੂੰ ਫੜ ਕੇ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਹੈ। ਕੋਈ ਕੁੱਟਮਾਰ ਨਹੀਂ ਕੀਤੀ ਗਈ।
ਭਾਜਪਾ ਦੇ 47ਵੇਂ ਸਥਾਪਨਾ ਦਿਵਸ ‘ਤੇ ਅਸ਼ਵਨੀ ਸ਼ਰਮਾ ਦਾ ਲੋਕਾਂ ਨੂੰ ਸੰਦੇਸ਼, ''ਪੰਜਾਬ ਹੁਣ ਬਦਲਾਅ ਚਾਹੁੰਦਾ ਹੈ”
NEXT STORY