ਬਠਿੰਡਾ(ਵਰਮਾ)-ਪੰਜਾਬ ਸਰਕਾਰ ਦੁਆਰਾ 'ਤੰਦਰੁਸਤ ਪੰਜਾਬ ਮਿਸ਼ਨ' ਤਹਿਤ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਅਧਿਕਾਰੀਆਂ ਨੇ ਗੁਰੂ ਹਰਗੋਬਿੰਦ ਥਰਮਲ ਪਲਾਂਟ ਲਹਿਰਾ ਮੁਹੱਬਤ ਦੀ ਚੈਕਿੰਗ ਕੀਤੀ। ਚੈਕਿੰਗ ਦੌਰਾਨ ਪਲਾਂਟ ਦੇ ਅਧਿਕਾਰੀਆਂ ਨੂੰ ਸਾਉਣ ਦਾ ਮਹੀਨਾ ਸ਼ੁਰੂ ਹੋਣ ਤੋਂ ਪਹਿਲਾਂ ਵੱਖ-ਵੱਖ ਇਲਾਕਿਆਂ ਤੇ ਪਲਾਂਟ ਦੇ ਆਲੇ-ਦੁਆਲੇ ਗਰੀਨ ਬੈਲੇਟ 'ਚ ਬੂਟੇ ਲਾਉਣ ਦੇ ਨਿਰਦੇਸ਼ ਦਿੱਤੇ ਗਏ। ਪਲਾਂਟ ਤੋਂ ਪੈਦਾ ਹੁੰਦੀ ਰਾਖ ਦੇ ਪ੍ਰਬੰਧਨ ਲਈ ਬਣਾਏ ਗਏ ਟੈਂਕਾਂ ਦਾ ਵੀ ਦੌਰਾ ਕੀਤਾ ਗਿਆ। ਇਸੇ ਤਰ੍ਹਾਂ ਰਾਮਪੁਰਾ ਬਲਾਕ ਦੇ ਪਿੰਡ ਬਾਲਿਆਂਵਾਲੀ ਵਿਖੇ ਨਰਮੇ ਦੀ ਫ਼ਸਲ 'ਤੇ ਜ਼ਰੂਰਤ ਅਨੁਸਾਰ ਕੀਟਨਾਸ਼ਕਾਂ ਦੇ ਉਪਯੋਗ ਸਬੰਧੀ ਕਿਸਾਨਾਂ ਨੂੰ ਦੱਸਿਆ ਗਿਆ। ਖੇਤੀਬਾੜੀ ਵਿਭਾਗ ਵੱਲੋਂ ਨਵੇਂ ਨਿਯੁਕਤ ਕੀਤੇ ਗਏ ਖੇਤੀਬਾੜੀ ਵਿਕਾਸ ਅਫ਼ਸਰਾਂ ਨੂੰ ਝੋਨੇ ਦੀ ਸਿੱਧੀ ਬੀਜਾਈ ਸਬੰਧੀ ਬਲਾਕ ਸੰਗਤ ਦੇ ਪਿੰਡ ਬਾਜਕ ਵਿਖੇ ਸਿਖਲਾਈ ਦਿੱਤੀ ਗਈ। ਇਹ ਸਿਖਲਾਈ ਕਿਸਾਨ ਬਲਦੇਵ ਸਿੰਘ ਦੇ ਖੇਤਾਂ ਵਿਚ ਦਿੱਤੀ ਗਈ। ਜਿੱਥੇ 15 ਏਕੜ ਜ਼ਮੀਨ 'ਚ ਪੀ. ਆਰ.118, ਪੀ.ਆਰ.126 ਅਤੇ ਪੀ. ਆਰ. 127 ਝੋਨੇ ਦੀਆਂ ਕਿਸਮਾਂ ਦੀ ਸਿੱਧੀ ਬੀਜਾਈ ਕੀਤੀ ਗਈ ਹੈ। ਇਸ ਪ੍ਰਣਾਲੀ ਨਾਲ ਨਾ ਸਿਰਫ਼ ਪਾਣੀ ਬਚਾਇਆ ਜਾ ਸਕਦਾ ਹੈ ਬਲਕਿ ਝੋਨੇ ਉਪਰ ਹੋਣ ਵਾਲੇ ਖਰਚੇ ਵੀ ਘਟਦੇ ਹਨ। ਇਸ ਪ੍ਰਣਾਲੀ ਰਾਹੀਂ ਝਾੜ ਵੀ ਝੋਨੇ ਦੀ ਆਮ ਬੀਜਾਈ ਨਾਲੋਂ ਵੱਧ ਹੁੰਦਾ ਹੈ। ਘਰ-ਘਰ ਹਰਿਆਲੀ ਪ੍ਰੋਗਰਾਮ ਤਹਿਤ ਪਿੰਡ ਗੋਬਿੰਦਪੁਰਾ ਵਿਖੇ 200 ਬੂਟੇ ਪਿੰਡ ਵਾਸੀਆਂ ਨੂੰ ਮੁਫ਼ਤ ਵੰਡੇ ਗਏ। ਤਲਵੰਡੀ ਸਾਬੋ ਵਿਖੇ ਬਾਗਵਾਨੀ ਵਿਭਾਗ ਮੰਡੀ ਬੋਰਡ ਅਤੇ ਸਿਹਤ ਵਿਭਾਗ ਵੱਲੋਂ ਤਲਵੰਡੀ ਸਾਬੋ ਵਿਖੇ ਫ਼ਲ ਅਤੇ ਸਬਜ਼ੀਆਂ ਦੇ ਨਮੂਨੇ ਲਏ ਗਏ। ਖੇਤੀਬਾੜੀ ਵਿਭਾਗ ਵੱਲੋਂ ਰਾਮਾਂਮੰਡੀ, ਤਲਵੰਡੀ ਸਾਬੋ ਵਿਖੇ ਕੀਟਨਾਸ਼ਕ ਦੇ ਨਮੂਨੇ ਲਏ ਅਤੇ ਸੈਂਪਲ ਵੀ ਭਰੇ ਗਏ। ਇਸੇ ਤਰ੍ਹਾਂ ਵਾਟਰ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵੱਲੋਂ ਪਿੰਡ ਫ਼ਰੀਦਕੋਟ, ਕੋਟਲੀ ਸਾਬੋ, ਚੱਕ ਰੁਲਦੂ ਸਿੰਘ ਵਾਲਾ ਆਦਿ ਪਿੰਡਾਂ 'ਚ ਪੀਣ ਵਾਲੇ ਪਾਣੀ ਦੇ ਨਮੂਨੇ ਲਏ ਅਤੇ ਚੈੱਕ ਕੀਤੇ।
ਮਹਿੰਗਾਈ 'ਚ ਵਾਧੇ ਖਿਲਾਫ ਕਾਂਗਰਸ ਨੇ ਕੇਂਦਰ ਸਰਕਾਰ ਵਿਰੁੱਧ ਲਾਇਆ ਧਰਨਾ
NEXT STORY