ਲੁਧਿਆਣਾ (ਧੀਮਾਨ) : ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (ਪੀ. ਪੀ. ਸੀ. ਬੀ.) ਨੇ ਜਿਨ੍ਹਾਂ 44 ਡਾਇੰਗ ਯੂਨਿਟਸ ਨੂੰ ਬੰਦ ਕੀਤਾ ਸੀ, ਹੁਣ ਉਨ੍ਹਾਂ ਨੂੰ 50 ਹਜ਼ਾਰ ਰੁਪਏ ਪ੍ਰਤੀ ਯੂਨਿਟ ਦੀ ਬੈਂਕ ਗਾਰੰਟੀ ਲੈ ਕੇ ਚਾਲੂ ਕਰਨ ਲਈ ਕਹਿ ਦਿੱਤਾ ਹੈ। ਪੰਜਾਬ ਡਾਇਰਸ ਐਸੋਸੀਏਸ਼ਨ (ਪੀ. ਡੀ. ਏ.) ਦੇ ਜਨਰਲ ਸੈਕਟਰੀ ਬੌਬੀ ਜਿੰਦਲ ਦੀ ਅਗਵਾਈ 'ਚ ਡਾਇੰਗ ਕਾਰੋਬਾਰੀਆਂ ਦਾ ਡੈਲੀਗੇਸ਼ਨ ਪੀ. ਪੀ. ਸੀ. ਬੀ. ਦੇ ਚੇਅਰਮੈਨ ਐੱਸ. ਐੱਸ. ਮਰਵਾਹਾ ਨੂੰ ਮਿਲਣ ਪਟਿਆਲਾ ਗਿਆ।
ਇਸ ਦੌਰਾਨ ਕਾਰੋਬਾਰੀਆਂ ਨੇ ਦੱਸਿਆ ਕਿ ਜਿਸ ਪੁਆਇੰਟ ਨਾਲ ਪਾਣੀ ਬੁੱਢੇ ਨਾਲੇ 'ਚ ਜਾ ਰਿਹਾ ਸੀ, ਉਸ ਨੂੰ ਬੰਦ ਕਰ ਦਿੱਤਾ ਗਿਆ ਹੈ। ਉਨ੍ਹਾਂ ਨੇ ਭਰੋਸਾ ਦਿੱਤਾ ਕਿ ਜੇਕਰ ਉਹ ਪੁਆਇੰਟ ਦੁਬਾਰਾ ਖੁੱਲ੍ਹਦਾ ਹੈ ਤਾਂ ਉਹ ਖੁਦ ਹੀ ਆਪਣੀ ਇੰਡਸਟਰੀ ਨੂੰ ਬੰਦ ਕਰ ਦੇਣਗੇ। ਨਾਲ ਹੀ ਉਨ੍ਹਾਂ ਨੇ ਚੇਅਰਮੈਨ ਨੂੰ ਕਿਹਾ ਕਿ 31 ਮਾਰਚ 2020 ਤੱਕ ਉਨ੍ਹਾਂ ਦਾ ਸੀ. ਈ. ਟੀ. ਪੀ. ਪਲਾਂਟ ਵੀ ਤਿਆਰ ਹੋ ਜਾਵੇਗਾ, ਫਿਰ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਨਹੀਂ ਰਹੇਗੀ। ਇਸ ਉੱਤੇ ਚੇਅਰਮੈਨ ਨੇ ਕਿਹਾ ਕਿ ਵੀਰਵਾਰ ਨੂੰ ਉਹ ਲੁਧਿਆਣਾ ਆਉਣਗੇ ਅਤੇ ਉਨ੍ਹਾਂ ਦੇ ਸੀ. ਈ. ਟੀ. ਪੀ. ਦੀ ਪ੍ਰੋਗਰੈਸ ਰਿਪੋਰਟ ਵੇਖਣਗੇ।
ਜੇਕਰ ਇੰਡਸਟਰੀ ਆਪਣਾ ਕੰਮ ਚਲਾਉਣਾ ਚਾਹੁੰਦੀ ਹੈ ਤਾਂ ਉਸ ਨੂੰ 50 ਹਜ਼ਾਰ ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਬੈਂਕ ਗਾਰੰਟੀ ਦੇਣੀ ਪਵੇਗੀ ਅਤੇ ਨਾਲ ਹੀ ਐਫੀਡੇਵਿਟ ਦੇਣਾ ਪਵੇਗਾ ਕਿ ਪਾਣੀ ਬੁੱਢੇ ਨਾਲੇ 'ਚ ਨਹੀਂ ਛੱਡਿਆ ਜਾਵੇਗਾ। ਇਸ ਉੱਤੇ ਇੰਡਸਟਰੀ ਰਾਜ਼ੀ ਹੋ ਗਈ। ਹੁਣ ਕੱਲ ਜਦੋਂ ਇਹ ਸਾਰੀ ਕਾਰਵਾਈ ਹੋ ਜਾਵੇਗੀ ਤਾਂ ਇੰਡਸਟਰੀ ਨੂੰ ਕੰਮ ਕਰਨ ਦੀ ਇਜਾਜ਼ਤ ਪੀ. ਪੀ. ਸੀ. ਬੀ. ਵੱਲੋਂ ਦੇ ਦਿੱਤੀ ਜਾਵੇਗੀ। ਇਸ ਸਬੰਧੀ ਜਦੋਂ ਚੇਅਰਮੈਨ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਸ ਦਾ ਫਾਈਨਲ ਫੈਸਲਾ ਕੱਲ ਲੁਧਿਆਣਾ ਆ ਕੇ ਲਿਆ ਜਾਵੇਗਾ। ਪੀ. ਡੀ. ਏ. ਦੀ ਟੀਮ ਵਿਚ ਡਾਇਰੈਕਟਰ ਡਾ. ਅਸ਼ਵਿਨੀ ਪਾਸੀ, ਸਤੀਸ਼ ਲਖਨਪਾਲ, ਅੰਕੁਰ ਖੰਨਾ ਸਮੇਤ ਕਈ ਕਾਰੋਬਾਰੀ ਮੌਜੂਦ ਸਨ।
ਨਾ ਹੜ੍ਹ ਆਉਣਗੇ ਨਾ ਰਹੇਗਾ ਸੋਕਾ, ਇੰਝ ਸੰਭਾਲੀਏ ਮੀਂਹ ਦਾ ਪਾਣੀ
NEXT STORY