ਚੰਡੀਗੜ੍ਹ(ਭੁੱਲਰ)— ਪੰਜਾਬ 'ਚ ਸਰਕਾਰੀ ਜਨਤਕ ਆਵਾਜਾਈ ਦੀ ਕਾਰਜਕੁਸ਼ਲਤਾ 'ਚ ਸੁਧਾਰ ਲਿਆਉਣ ਲਈ ਰੋਡਵੇਜ਼, ਪਨਬਸ ਤੇ ਪੀ.ਆਰ.ਟੀ.ਸੀ. ਬੱਸਾਂ 'ਚ ਵਹੀਕਲ ਟ੍ਰੈਕਿੰਗ ਸਿਸਟਮ ਲਗਾਏ ਜਾਣਗੇ। ਇਸ ਗੱਲ ਦਾ ਖੁਲਾਸਾ ਟਰਾਂਸਪੋਰਟ ਮੰਤਰੀ ਰਜ਼ੀਆ ਸੁਲਤਾਨਾ ਨੇ ਜਨਰਲ ਮੈਨੇਜਰਾਂ ਦੀ ਮੀਟਿੰਗ 'ਚ ਕੀਤਾ।
ਮੀਟਿੰਗ ਦੀ ਅਗਵਾਈ ਕਰਦਿਆਂ ਰਜ਼ੀਆ ਸੁਲਤਾਨਾ ਨੇ ਕਿਹਾ ਕਿ ਬੱਸਾਂ ਦਾ ਰੂਟ 'ਤੇ ਚਲਦੇ ਦੌਰਾਨ ਸਹੀ ਸਥਾਨ ਦਾ ਪਤਾ ਲਗਾਉਣ ਲਈ ਵਹੀਕਲ ਟਰੈਕਿੰਗ ਸਿਸਟਮ ਪ੍ਰਣਾਲੀ ਦੀ ਵਰਤੋਂ ਕੀਤੀ ਜਾਵੇਗੀ ਜਿਸ ਤੋਂ ਇਹ ਵੀ ਪਤਾ ਲੱਗ ਜਾਵੇਗਾ ਕਿ ਡਰਾਇਵਰ ਵਲੋਂ ਕਿਸ ਸ਼ਹਿਰ ਜਾਂ ਕਸਬੇ 'ਤੇ ਬੱਸ ਨੂੰ ਕਿੰਨੀ ਦੇਰ ਲਈ ਰੋਕਿਆ ਗਿਆ ਜਾਂ ਫਿਰ ਕਿਸ ਬਸ ਅੱਡੇ ਨੂੰ ਨਜ਼ਰਅੰਦਾਜ਼ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਬੱਸਾਂ ਦੇ ਰੂਟਾਂ ਦੇ ਨਿਰਧਾਰਿਤ ਸਮੇਂ ਦੀ ਚੈਕਿੰਗ ਲਈ ਰਿਜਨਲ ਟਰਾਂਸਪੋਰਟ ਅਥਾਰਟੀ ਵਲੋਂ ਜਿਲ੍ਹਿਆਂ ਵਿਚ ਅਚਨਚੇਤ ਚੈਕਿੰਗ ਕੀਤੀ ਜਾਵੇਗੀ ਅਤੇ ਮੌਕੇ 'ਤੇ ਉਲੰਘਣਾ ਕਰਨ ਵਾਲੀਆਂ ਬੱਸਾਂ 'ਤੇ ਤੁਰੰਤ ਕਾਰਵਾਈ ਕੀਤੀ ਜਾਵੇਗੀ।
ਮੀਟਿੰਗ ਦੌਰਾਨ ਟਰਾਂਸਪੋਰਟ ਮੰਤਰੀ ਨੇ ਜਿਲ੍ਹਾਵਾਰ ਰੋਡਵੇਜ਼ ਦੇ ਜਨਰਲ ਮੈਨੇਜਰਾਂ ਤੋਂ ਵਿਭਾਗੀ ਕਾਰਗੁਜ਼ਾਰੀ ਦੀ ਸਮੀਖਿਆ ਕੀਤੀ। ਉਨ੍ਹਾਂ ਹਦਾਇਤਾਂ ਜਾਰੀ ਕਰਦਿਆਂ ਕਿਹਾ ਕਿ ਰੋਡਵੇਜ਼ ਵਿਭਾਗ ਨੂੰ ਘਾਟੇ 'ਚੋਂ ਕੱਢਣ ਲਈ ਅਤੇ ਵਿਭਾਗ ਦੀ ਆਮਦਨ ਵਧਾਉਣ ਲਈ ਸਾਰੇ ਜਨਰਲ ਮੈਨੇਜਰਾਂ ਨੂੰ ਸਖਤ ਮਿਹਨਤ ਕਰਨ ਦੀ ਲੋੜ ਹੈ ਤਾਂ ਜੋ ਲੰਮੇ ਸਮੇਂ ਤੋਂ ਘਾਟਾ ਝੱਲ ਰਹੇ ਵਿਭਾਗੀ ਕਮੀਆਂ ਨੂੰ ਦੂਰ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਜੇਕਰ ਜਿਲ੍ਹਿਆਂ 'ਚ ਕਿਸੇ ਵੀ ਪੱਧਰ 'ਤੇ ਜਨਰਲ ਮੈਨੇਜਰਾਂ ਵਲੋਂ ਅਣਗਹਿਲੀ ਕੀਤੀ ਜਾਂਦੀ ਹੈ ਤਾਂ ਸਬੰਧਤ ਅਫਸਰ 'ਤੇ ਸਖਤ ਕਾਰਵਾਈ ਕੀਤੀ ਜਾਵੇਗੀ। ਟਰਾਂਸਪੋਰਟ ਮੰਤਰੀ ਨੇ ਕਿਹਾ ਕਿ ਲੋਕਾਂ ਨੂੰ ਜਨਤਕ ਆਵਾਜਾਈ ਅਧੀਨ ਵਧੀਆ ਸੇਵਾਵਾਂ ਮੁਹੱਈਆ ਕਰਵਾਉਣ ਲਈ ਪੀ.ਆਰ.ਟੀ.ਸੀ. ਨੂੰ ਜਲਦ 100 ਨਵੀਆਂ ਬੱਸਾਂ ਵੀ ਮੁਹੱਈਆਂ ਕਰਵਾਈਆਂ ਜਾਣਗੀਆਂ।
ਉਨ੍ਹਾਂ ਕਿਹਾ ਕਿ ਜਨਰਲ ਮੈਨੇਜਰ ਬੱਸ ਅੱਡਿਆਂ ਦੇ ਸੁੰਦਰੀਕਰਨ ਤੇ ਸਾਫ-ਸਫਾਈ ਵੱਲ ਵਿਸ਼ੇਸ਼ ਧਿਆਨ ਦੇਣ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਵਲੋਂ ਜਲਦ ਹਰ ਬੱਸ ਅੱਡੇ 'ਤੇ ਇੰਟਰਨੈਟ ਦੀ ਮੁਫਤ ਵਾਈ-ਸੇਵਾ ਮੁਹੱਈਆ ਕਰਵਾਈ ਜਾਵੇਗੀ ਜਦਕਿ ਲੁਧਿਆਣਾ ਤੇ ਜਲੰਧਰ 'ਚ ਮੁਫਤ ਵਾਈ-ਫਾਈ ਸੇਵਾ ਨੂੰ ਪਹਿਲਾਂ ਹੀ ਸ਼ੁਰੂ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਖਾਲੀ ਪਏ ਪਦ ਭਰਨ ਵੱਲ ਵੀ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ। ਇਸ ਮੀਟਿੰਗ ਵਿਚ ਪ੍ਰਮੁੱਖ ਸਕੱਤਰ ਟਰਾਂਸਪੋਰਟ, ਕੇ. ਸਿਵਾ ਪਰਸਾਦ, ਡਾਇਰੈਕਟਰ ਟਰਾਂਸਪੋਰਟ ਤੇਜਿੰਦਰ ਸਿੰਘ ਧਾਲੀਵਾਲ ਏ.ਐਮ.ਡੀ, ਪੀ.ਆਰ.ਟੀ.ਸੀ. ਅਮਿਤ ਬੈਬੀ ਤੇ ਵਿਭਾਗ ਦੇ ਹੋਰ ਸੀਨੀਅਰ ਅਧਿਕਾਰੀ ਵੀ ਹਾਜਰ ਸਨ।
ਹਾਈ ਅਲਰਟ ਦੇ ਬਾਵਜੂਦ ਥਾਣੇ ਅੰਦਰੋਂ ਚੋਰਾਂ ਨੇ ਲਗਾਇਆ 3 ਦੁਕਾਨਾਂ ਨੂੰ ਪਾੜ
NEXT STORY