ਲੁਧਿਆਣਾ: ਪੰਜਾਬ ਵਿਚ ਪੈ ਰਹੀ ਕੜਾਕੇ ਦੀ ਠੰਢ ਅਤੇ ਸੰਘਣੀ ਧੁੰਦ ਦੇ ਮੱਦੇਨਜ਼ਰ ਸਰਕਾਰੀ ਅਧਿਆਪਕਾਂ ਨੇ ਸਕੂਲੀ ਛੁੱਟੀਆਂ 20 ਜਨਵਰੀ ਤੱਕ ਵਧਾਉਣ ਦੀ ਮੰਗ ਕੀਤੀ ਹੈ। ਮੌਜੂਦਾ ਸ਼ਡਿਊਲ ਅਨੁਸਾਰ, ਸਰਦੀਆਂ ਦੀਆਂ ਛੁੱਟੀਆਂ 13 ਜਨਵਰੀ ਨੂੰ ਖ਼ਤਮ ਹੋ ਰਹੀਆਂ ਹਨ ਅਤੇ 14 ਜਨਵਰੀ ਤੋਂ ਸਕੂਲ ਖੁੱਲ੍ਹਣੇ ਹਨ। ਪਰ ਮੌਸਮ ਦੀ ਗੰਭੀਰਤਾ ਨੂੰ ਦੇਖਦੇ ਹੋਏ, ਅਧਿਆਪਕਾਂ ਨੇ ਆਪਣੀ ਮੰਗ ਸਰਕਾਰ ਤੱਕ ਪਹੁੰਚਾਉਣ ਲਈ WhatsApp ਗਰੁੱਪਾਂ ਰਾਹੀਂ ਇਕ ਆਨਲਾਈਨ ਸਰਵੇ ਸ਼ੁਰੂ ਕੀਤਾ ਹੈ। ਇਸ ਸਰਵੇ ਵਿਚ ਹੁਣ ਤਕ 1200 ਦੇ ਕਰੀਬ ਲੋਕਾਂ ਨੇ ਛੁੱਟੀਆਂ ਵਧਾਉਣ ਦੀ ਮੰਗ ਕੀਤੀ ਹੈ, ਉੱਥੇ ਹੀ 250 ਦੇ ਕਰੀਬ ਲੋਕਾਂ ਨੇ ਛੁੱਟੀਆਂ ਨਾ ਵਧਾ ਕੇ ਸਕੂਲ ਦੁਬਾਰਾ ਖੋਲ੍ਹਣ ਦੀ ਗੱਲ ਆਖ਼ੀ ਹੈ।

ਜਾਣਕਾਰੀ ਮੁਤਾਬਕ ਅਧਿਆਪਕਾਂ ਵੱਲੋਂ ਵੱਖ-ਵੱਖ WhatsApp ਗਰੁੱਪਾਂ ਵਿਚ Poll ਸਾਂਝੇ ਕੀਤੇ ਜਾ ਰਹੇ ਹਨ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਕਿੰਨੇ ਲੋਕ ਛੁੱਟੀਆਂ ਵਧਾਉਣ ਦੇ ਪੱਖ ਵਿਚ ਹਨ ਤੇ ਕਿੰਨੇ ਖ਼ਿਲਾਫ਼। ਅਧਿਆਪਕਾਂ ਦਾ ਕਹਿਣਾ ਹੈ ਕਿ ਲਗਾਤਾਰ ਘਟ ਰਹੇ ਤਾਪਮਾਨ ਕਾਰਨ ਬੱਚਿਆਂ ਦੀ ਸਿਹਤ 'ਤੇ ਬੁਰਾ ਅਸਰ ਪੈ ਸਕਦਾ ਹੈ। ਖਾਸ ਕਰਕੇ ਪੇਂਡੂ ਇਲਾਕਿਆਂ ਵਿਚ ਸਵੇਰੇ ਜਲਦੀ ਸਕੂਲ ਪਹੁੰਚਣ ਵਿਚ ਬੱਚਿਆਂ ਅਤੇ ਸਟਾਫ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਠੰਢ ਕਾਰਨ ਸਕੂਲਾਂ ਵਿਚ ਬੱਚਿਆਂ ਦੀ ਹਾਜ਼ਰੀ ਵੀ ਕਾਫ਼ੀ ਘੱਟ ਰਹਿਣ ਦਾ ਖਦਸ਼ਾ ਹੈ।
ਦਰਅਸਲ, ਪੰਜਾਬ ਦੇ 12 ਜ਼ਿਲ੍ਹਿਆਂ ਵਿਚ ਘੱਟੋ-ਘੱਟ ਤਾਪਮਾਨ 6 ਡਿਗਰੀ ਸੈਲਸੀਅਸ ਤੋਂ ਵੀ ਹੇਠਾਂ ਦਰਜ ਕੀਤਾ ਗਿਆ ਹੈ। ਅੰਮ੍ਰਿਤਸਰ ਵਿਚ ਤਾਪਮਾਨ 3.2 ਡਿਗਰੀ, ਪਟਿਆਲਾ ਵਿਚ 3.8 ਡਿਗਰੀ ਅਤੇ ਲੁਧਿਆਣਾ ਵਿਚ 4.6 ਡਿਗਰੀ ਸੈਲਸੀਅਸ ਰਿਹਾ। ਮੌਸਮ ਵਿਭਾਗ ਦੀ ਪੇਸ਼ੀਨਗੋਈ ਅਨੁਸਾਰ ਅਗਲੇ ਹਫ਼ਤੇ ਵੀ ਠੰਢ ਅਤੇ ਧੁੰਦ ਦਾ ਕਹਿਰ ਜਾਰੀ ਰਹਿ ਸਕਦਾ ਹੈ। ਦੱਸਣਯੋਗ ਹੈ ਕਿ ਸਰਕਾਰ ਪਹਿਲਾਂ ਹੀ ਦੋ ਵਾਰ ਸਰਦੀਆਂ ਦੀਆਂ ਛੁੱਟੀਆਂ ਵਧਾ ਚੁੱਕੀ ਹੈ। ਪਹਿਲਾਂ ਛੁੱਟੀਆਂ 31 ਦਸੰਬਰ ਤੱਕ ਸਨ, ਜਿਨ੍ਹਾਂ ਨੂੰ ਪਹਿਲਾਂ 7 ਜਨਵਰੀ ਅਤੇ ਫਿਰ 13 ਜਨਵਰੀ ਤੱਕ ਵਧਾਇਆ ਗਿਆ ਸੀ। ਹੁਣ ਅਧਿਆਪਕਾਂ ਵੱਲੋਂ ਸਮੂਹਿਕ ਰਾਏ ਬਣਾ ਕੇ ਸਰਕਾਰ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਬੱਚਿਆਂ ਦੀ ਸੁਰੱਖਿਆ ਨੂੰ ਮੁੱਖ ਰੱਖਦਿਆਂ ਇਨ੍ਹਾਂ ਨੂੰ 20 ਜਨਵਰੀ ਤੱਕ ਹੋਰ ਵਧਾਇਆ ਜਾਵੇ।
ਪੰਜਾਬ: ਪਤਨੀ ਦੀ 'ਗੰਦੀ' ਕਰਤੂਤ, ਪਤੀ ਦੀ ਮੌਤ! ਲੂੰ-ਕੰਡੇ ਖੜ੍ਹੇ ਕਰ ਦੇਵੇਗਾ ਪੂਰਾ ਮਾਮਲਾ
NEXT STORY