ਪਟਿਆਲਾ (ਜੋਸਨ, ਜ.ਬ.)-ਮੁੱਖ ਮੰਤਰੀ ਦੇ ਸ਼ਹਿਰ ਪਟਿਆਲਾ ਨੂੰ ਸਾਰਾ ਦਿਨ ਮੁਲਾਜ਼ਮਾਂ ਤੇ ਵਿਦਿਆਰਥੀਆਂ ਨੇ ਘੇਰੀ ਰੱਖਿਆ। ਆਪਣੀਆਂ ਮੰਗਾਂ ਨੂੰ ਲੈ ਕੇ ਸਰਕਾਰ ਵਿਰੋਧੀ ਨਾਅਰਿਆਂ ਨੇ ਸਾਰਾ ਦਿਨ ਸ਼ਹਿਰ ਨੂੰ ਗੂੰਜਾਈ ਰੱਖਿਆ, ਜਿਸ ਕਾਰਨ ਆਮ ਲੋਕ ਪ੍ਰਭਾਵਿਤ ਹੋਏ।
ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੇ ਬੈਨਰ ਹੇਠ ਦੀ ਕਲਾਸ ਫੋਰ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ, ਪੀ. ਆਰ. ਟੀ. ਸੀ. ਵਰਕਰਜ਼ ਯੂਨੀਅਨ (ਏਟਕ), ਪੀ. ਐੱਸ. ਈ. ਬੀ. ਇੰਪਲਾਈਜ਼ ਫੈਡਰੇਸ਼ਨ (ਏਟਕ), ਪੰਜਾਬ ਰੋਡਵੇਜ਼ ਇੰਪਲਾਈਜ਼ ਯੂਨੀਅਨ (ਏਟਕ), ਪੰਜਾਬ ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ, ਪੈਰਾ-ਮੈਡੀਕਲ ਅਤੇ ਹੈਲਥ ਇੰਪਲਾਈਜ਼ ਯੂਨੀਅਨ, ਮਨਿਸਟੀਰੀਅਲ ਯੂਨੀਅਨ, ਪੰਜਾਬ ਲੋਕ ਨਿਰਮਾਣ ਕੋਆਰਡੀਨੇਸ਼ਨ ਕਮੇਟੀ ਅਤੇ ਪੰਜਾਬ ਪੈਨਸ਼ਨਰ ਵੈੱਲਫੇਅਰ ਯੂਨੀਅਨ, ਮਗਨਰੇਗਾ ਵਰਕਰ ਯੂਨੀਅਨ, ਪੰਜਾਬ ਮੁਲਾਜ਼ਮ ਠੇਕਾ ਐਕਸ਼ਨ ਕਮੇਟੀ ਦੇ ਮੈਂਬਰਾਂ ਵੱਲੋਂ ਪੰਜਾਬ ਦੇ ਵਿੱਤ ਮੰਤਰੀ ਵੱਲੋਂ ਮੁਲਾਜ਼ਮ ਮੰਗਾਂ ਦੇ ਜ਼ਿਕਰ ਤੋਂ ਬਗੈਰ ਵਿਧਾਨ ਸਭਾ ਦੁਆਰਾ ਪਾਸ ਕੀਤਾ ਸਾਲ 2018-19 ਦਾ ਬਜਟ ਰੋਹ ਭਰਪੂਰ ਰੈਲੀ ਕਰ ਕੇ ਅਗਨ-ਭੇਟ ਕਰ ਦਿੱਤਾ ਗਿਆ। ਜੱਥੇਬੰਦੀਆਂ ਦੇ ਆਗੂਆਂ ਦਰਸ਼ਨ ਸਿੰਘ ਲੁਬਾਣਾ, ਜਗਜੀਤ ਸਿੰਘ ਦੂਆ, ਪਰਵੀਨ ਸ਼ਰਮਾ, ਮੋਹਣ ਸਿੰਘ ਨੇਗੀ, ਸਰਵਣ ਸਿੰਘ ਬੰਗਾ, ਉੱਤਮ ਸਿੰਘ ਬਾਗੜੀ, ਜਗਮੋਹਨ ਨੌਲੱਖਾ, ਨਾਰੰਗ ਸਿੰਘ ਅਤੇ ਦੀਪ ਚੰਦ ਹੰਸ ਨੇ ਕਿਹਾ ਕਿ ਜੇਕਰ ਵਿੱਤ ਮੰਤਰੀ ਵੱਲੋਂ ਬਜਟ ਵਿਚ ਮੁਲਾਜ਼ਮਾਂ ਨੂੰ ਰਾਹਤ ਲਈ ਕੋਈ ਤਜਵੀਜ਼ ਨਾ ਲਿਆਂਦੀ ਗਈ ਤਾਂ ਉਹ 28 ਮਾਰਚ ਨੂੰ ਸੂਬੇ ਭਰ ਵਿਚ ਸਰਕਾਰ ਦਾ ਬਜਟ ਫੂਕ ਦੇਣਗੇ।
ਬਜਟ ਫੂਕ ਰੈਲੀ ਵਿਚ ਕੰਮ ਦਾ ਬਾਈਕਾਟ ਕਰ ਕੇ ਪਹੁੰਚੇ ਵੱਡੀ ਗਿਣਤੀ ਵਿਚ ਮੁਲਾਜ਼ਮਾਂ ਨੇ ਕਿਹਾ ਕਿ ਸਰਕਾਰ ਨੇ ਵਿਕਾਸ ਟੈਕਸ ਦੇ ਨਾਂ 'ਤੇ 200 ਰੁਪਏ ਪ੍ਰਤੀ ਮਹੀਨਾ ਜੇਬ ਵਿਚੋਂ ਕੱਢ ਲਏ ਹਨ। ਉਨ੍ਹਾਂ ਕਿਹਾ ਕਿ ਵਿੱਤ ਮੰਤਰੀ ਨੂੰ ਪਤਾ ਨਹੀਂ ਕਿ ਘੱਟ ਤਨਖਾਹਾਂ ਲੈਣ ਵਾਲੇ ਮੁਲਾਜ਼ਮ ਵੀ ਇਸ ਟੈਕਸ ਨਾਲ ਪ੍ਰਭਾਵਿਤ ਹੋਣਗੇ।
ਵਿਦਿਆਰਥੀ ਨਾਅਰੇ ਗੂੰਜੇ ਸੀ. ਐੱਮ. ਸਿਟੀ 'ਚ
ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਜ਼ਿਲਾ ਪਟਿਆਲਾ ਦੀਆਂ ਵੱਖ-ਵੱਖ ਵਿੱਦਿਅਕ ਸੰਸਥਾਵਾਂ ਵੱਲੋਂ ਵਿਦਿਆਰਥੀ ਮੰਗਾਂ ਨੂੰ ਪੂਰਾ ਕਰਵਾਉਣ ਲਈ ਡੀ. ਸੀ. ਪਟਿਆਲਾ ਦੇ ਦਫਤਰ ਅੱਗੇ ਧਰਨਾ ਦੇਣ ਤੋਂ ਬਾਅਦ ਮੰਗ-ਪੱਤਰ ਦਿੱਤਾ ਗਿਆ।
ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਸੂਬਾ ਆਗੂ ਗੁਰਸੇਵਕ ਸਿੰਘ ਤੇ ਅਮਨਦੀਪ ਸਿੰਘ ਨੇ ਕਿਹਾ ਕਿ ਅੱਜ ਭਾਰਤ ਬੁਰੀ ਤਰ੍ਹਾਂ ਆਰਥਕ ਅਤੇ ਰਾਜਨੀਤਕ ਸੰਕਟ ਦਾ ਸ਼ਿਕਾਰ ਹੋ ਚੁੱਕਾ ਹੈ। ਹਰ ਪਾਸੇ ਬੇਰੁਜ਼ਗਾਰੀ, ਭ੍ਰਿਸ਼ਟਾਚਾਰ, ਅਤੇ ਬੇਚੈਨੀ ਫੈਲੀ ਹੋਈ ਹੈ। ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ ਵਿਚ ਸੁੱਟਿਆ ਜਾ ਰਿਹਾ ਹੈ। ਨਵਾਂਸ਼ਹਿਰ ਅੰਦਰ ਪੀ. ਐੱਸ. ਯੂ. ਦੇ ਵਿਦਿਆਰਥੀਆਂ ਨੂੰ ਖਟਕੜ ਕਲਾਂ ਵਿਖੇ ਨਵਜੋਤ ਸਿੰਘ ਸਿੱਧੂ ਵੱਲੋਂ ਮਿਲਣ ਤੋਂ ਜਵਾਬ ਦੇਣਾ ਅਤੇ ਜਬਰੀ ਗ੍ਰਿਫਤਾਰੀਆਂ ਕਰਨਾ ਸਾਡੇ ਸਭ ਦੇ ਸਾਹਮਣੇ ਹੈ।
ਇਸ ਤੋਂ ਇਲਾਵਾ ਪੀ. ਐੱਸ. ਯੂ. ਆਗੂ ਗੁਰਪ੍ਰੀਤ ਸਿੰਘ, ਗੁਰਧਿਆਨ ਸਿੰਘ, ਪ੍ਰਦੀਪ ਸਿੰਘ, ਗੁਰਮੀਤ ਸਿੰਘ, ਗਿਫਟੀ ਤੇ ਗੁਰਵਿੰਦਰ ਬਾਗੜੀਆਂ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪੀ. ਆਰ. ਟੀ. ਸੀ. ਦੀਆਂ ਬੱਸਾਂ ਦਾ ਵਿੱਦਿਅਕ ਸੰਸਥਾਵਾਂ ਅੱਗੇ ਨਾ ਰੁਕਣਾ ਅਤੇ ਪੀ. ਆਰ. ਟੀ. ਸੀ. ਦੇ ਮੁਲਾਜ਼ਮਾਂ ਦੁਆਰਾ ਵਿਦਿਆਰਥੀਆਂ ਨਾਲ ਸਹੀ ਵਿਹਾਰ ਨਾ ਕਰਨਾ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਭਰਾਤਰੀ ਜੱਥੇਬੰਦੀਆਂ ਵੱਲੋਂ ਨੌਜਵਾਨ ਭਾਰਤ ਦੇ ਸੂਬਾ ਪ੍ਰਧਾਨ ਰਮਿੰਦਰ ਪਟਿਆਲਾ ਟੀ. ਐੱਸ. ਯੂ. ਹਰਾਵਲ ਦਸਤਾ ਗਰੁੱਪ ਵੱਲੋਂ ਸੁਰਿੰਦਰ ਸਿੰਘ ਖਾਲਸਾ ਡੈਮੋਕਰੇਟਿਕ ਲਾਇਰਜ਼ ਐਸੋਸੀਏਸ਼ਨ ਦੇ ਸੂਬਾਈ ਆਗੂ ਐਡਵੋਕੇਟ ਰਾਜੀਵ ਲੋਹਟਬਦੀ ਨੇ ਇਨ੍ਹਾਂ ਹੱਕੀ ਮੰਗਾਂ ਦਾ ਸਮਰਥਨ ਕਰਦੇ ਹੋਏ ਸੰਘਰਸ਼ ਵਿਚ ਸਾਥ ਦੇਣ ਦਾ ਐਲਾਨ ਕੀਤਾ।
ਡੀ. ਸੀ. ਨੇ ਲਿਆ ਵਿਕਾਸ ਪ੍ਰਾਜੈਕਟਾਂ ਦੀ ਪ੍ਰਗਤੀ ਦਾ ਜਾਇਜ਼ਾ
NEXT STORY