ਜਲੰਧਰ— ਪੰਜਾਬ ਵਿਧਾਨ ਸਭਾ ਦਾ ਮਾਨਸੂਨ ਸੈਸ਼ਨ ਦੋ ਅਗਸਤ ਤੋਂ ਸ਼ੁਰੂ ਹੋ ਰਿਹਾ ਹੈ ਜੋ ਕਿ 6 ਤਰੀਕ ਤੱਕ ਜਾਰੀ ਰਹੇਗਾ। ਇਸੇ ਤਹਿਤ ਨੈਸ਼ਨਲ ਹਾਈਵੇਅ 'ਤੇ ਟਰੈਫਿਕ 'ਚ ਵਿਘਨ ਪਾਉਣ ਅਤੇ ਲੋਕਾਂ ਨੂੰ ਪਰੇਸ਼ਾਨ ਕਰਨ ਦੇ ਕੇਸਾਂ 'ਚ ਸ਼ਾਮਲ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਮਜੀਠੀਈ ਸਮੇਤ ਕੁੱਲ 7 ਅਕਾਲੀ ਵਿਧਾਇਕਾਂ ਨੂੰ ਮਾਨਸੂਨ ਸੈਸ਼ਨ ਦੌਰਾਨ ਗ੍ਰਿਫਤਾਰ ਕਰਨ ਦੀ ਮੰਗ ਉੱਠੀ ਹੈ। ਪੰਜਾਬ ਦੇ ਸੋਸ਼ਲ ਐਕਟੀਵਿਸਟਾਂ ਨੇ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ. ਪੀ. ਨੂੰ ਚਿੱਠੀ ਲਿਖੀ ਹੈ। ਇਸ 'ਚ ਉਨ੍ਹਾਂ ਨੇ ਆਰ. ਟੀ. ਆਈ ਰਾਹੀਂ ਕੱਢਵਾਈ ਜਾਣਕਾਰੀ ਭੇਜੀ ਹੈ ਕਿ ਪਿਛਲੇ 2 ਸਾਲਾਂ ਤੋਂ ਪੁਲਸ ਦੀ ਡਾਇਰੀ ਵਿੱਚੋਂ ਲੋੜੀਂਦੇ ਅਕਾਲੀ ਦਲ ਦੇ ਵਿਧਾਇਕ ਵਿਧਾਨ ਸਭਾ ਦੇ ਸੈਸ਼ਨ 'ਚ ਸ਼ਾਮਲ ਹੋ ਰਹੇ ਹਨ ਜਦਕਿ ਪੁਲਸ ਨੇ ਆਰ. ਟੀ. ਆਈ. 'ਚ ਜਵਾਬ ਦਿੱਤਾ ਹੈ ਕਿ ਪੁਲਸ ਨਾਮਜ਼ਦ ਅਕਾਲੀ ਦਲ ਦੇ ਵਿਧਾਇਕਾਂ ਦੀ ਗ੍ਰਿਫਤਾਰੀ ਲਈ ਛਾਪੇ ਮਾਰ ਰਹੀ ਹੈ।
ਇਹ ਚਿੱਠੀ ਆਰ. ਟੀ. ਆਈ. ਕਾਰਕੁਨ ਲੁਧਿਆਣਾ ਤੋਂ ਕੁਲਦੀਪ ਸਿੰਘ ਖਹਿਰਾ, ਸੰਗਰੂਰ ਤੋਂ ਡਾ. ਅਮਰਜੀਤ ਸਿੰਘ, ਹੁਸ਼ਿਆਰਪੁਰ ਤੋਂ ਬਲਵੰਤ ਸਿੰਘ ਖੇੜਾ ਅਤੇ ਨਵਾਂਸ਼ਹਿਰ ਤੋਂ ਪਰਵਿੰਦਰ ਸਿੰਘ ਕਿੱਤਣਾ ਨੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੂੰ ਲਿਖਣ ਦੇ ਨਾਲ-ਨਾਲ ਮੁੱਖ ਮੰਤਰੀ ਅਤੇ ਪੰਜਾਬ ਪੁਲਸ ਦੇ ਮੁਖੀ ਨੂੰ ਵੀ ਲਿਖੀ ਗਈ ਹੈ। ਇਨ੍ਹਾਂ ਕਾਰਕੁਨਾਂ ਚਿੱਠੀ 'ਚ ਦੱਸਿਆ ਕਿ 8 ਦਸੰਬਰ 2017 ਨੂੰ ਸੂਬੇ ਦੇ ਵੱਖ-ਵੱਖ ਜ਼ਿਲਿਆਂ 'ਚ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕਾਂ ਨੇ ਅਕਾਲੀ ਦਲ ਦੇ ਮੈਂਬਰਾਂ ਨੂੰ ਕੈਪਟਨ ਖਿਲਾਫ ਪ੍ਰਦਰਸ਼ਨ ਕੀਤੇ ਸਨ। ਇਸ ਮਾਮਲੇ 'ਚ 7 ਮੌਜੂਦਾ ਵਿਧਾਇਕਾਂ ਸਮੇਤ ਵੱਡੀ ਗਿਣਤੀ 'ਚ ਅਕਾਲੀ ਵਿਧਾਇਕਾਂ ਨੂੰ ਨਾਮਜ਼ਦ ਕੀਤਾ ਗਿਆ ਸੀ ਅਤੇ ਪੁਲਸ ਨੇ ਵੱਖ-ਵੱਖ ਜ਼ਿਲਿਆਂ 'ਚ ਕੇਸ ਦਰਜ ਕੀਤੇ ਸਨ। ਖਹਿਰਾ ਅਨੁਸਾਰ ਪੁਲਸ ਦੀ ਡਾਇਰੀ 'ਚ ਕੇਸ ਤਾਂ ਦਰਜ ਹਨ ਪਰ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ ਅਤੇ ਨਾ ਹੀ ਕਿਸੇ ਦੀ ਗ੍ਰਿਫਤਾਰੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਕੇਸਾਂ 'ਚ ਆਗੂਆਂ ਵੱਲੋਂ ਕੋਈ ਅਗਾਊਂ ਜ਼ਮਾਨਤ ਵੀ ਨਹੀਂ ਲਈ ਗਈ। ਉਨ੍ਹਾਂ ਦੱਸਿਆ ਕਿ ਇਹ ਸਾਰੀ ਜਾਣਕਾਰੀ ਇਕੱਠੀ ਕਰਕੇ ਸਰਕਾਰ ਨੂੰ ਹੁਣ ਭੇਜੀ ਗਈ ਹੈ ਤਾਂਕਿ ਅਪਰਾਧਕ ਮਾਮਲਿਆਂ 'ਚ ਲੋੜੀਂਦੇ ਵਿਧਾਇਕਾਂ ਨੂੰ ਗ੍ਰਿ੍ਰਫਤਾਰ ਕਰਕੇ ਸਰਕਾਰ ਲੋਕਾਂ ਸਾਹਮਣੇ ਇਹ ਮਿਸਾਲ ਪੇਸ਼ ਕਰੇ ਕਿ ਕਾਨੂੰਨ ਸਭ ਲਈ ਬਰਾਬਰ ਹੈ।
ਆਰ. ਟੀ. ਆਈ. ਕਾਰਕੁਨ ਪਰਵਿੰਦਰ ਸਿੰਘ ਨੇ ਦੱਸਿਆ ਕਿ ਵਿਧਾਨ ਸਭਾ ਸਪੀਕਰ ਨੂੰ ਭੇਜੀ ਗਈ ਚਿੱਠੀ 'ਚ ਅਕਾਲੀ ਦਲ ਦੇ ਪ੍ਰਧਾਨ ਅਤੇ ਲੋਕ ਸਭਾ ਮੈਂਬਰ ਸੁਖਬੀਰ ਸਿੰਘ ਬਾਦਲ, ਬਿਕਰਮ ਸਿੰਘ ਮਜੀਠੀਆ, ਪਵਨ ਕੁਮਾਰ ਟੀਨੂੰ, ਲਖਵੀਰ ਸਿੰਘ ਲੋਧੀਨੰਗਲ, ਗੁਰਪ੍ਰਤਾਪ ਸਿੰਘ ਵਡਾਲਾ, ਬਲਦੇਵ ਸਿੰਘ ਖਹਿਰਾ ਅਤੇ ਸੁਖਵਿੰਦਰ ਸਿੰਘ ਖਹਿਰਾ ਦਾ ਨਾਂ ਸ਼ਾਮਲ ਹਨ। ਇਨ੍ਹਾਂ 'ਚੋਂ ਮਜੀਠੀਆ ਅਤੇ ਸੁਖਬੀਰ ਬਾਦਲ ਖਿਲਾਫ ਫਿਰੋਜ਼ਪੁਰ ਦੇ ਥਾਣਾ ਮਖੂ 'ਚ ਐੱਫ. ਆਈ. ਆਰ. 171 ਦੇ ਤਹਿਤ ਧਾਰਾ 341, 233, 431, 181, 148 ਆਈ. ਪੀ. ਸੀ. ਅਤੇ 8ਬੀ ਨੈਸ਼ਨਲ ਹਾਈਵੇਅ ਐਕਟ ਤਹਿਤ ਕੇਸ ਦਰਜ ਹਨ। ਹਲਕਾ ਨਕੋਦਰ ਤੋਂ ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ, ਪਵਨ ਕੁਮਾਰ ਟੀਨੂੰ ਤੇ ਬਲਦੇਵ ਸਿੰਘ ਖਹਿਰਾ ਖਿਲਾਫ ਥਾਣਾ ਲੋਹੀਆਂ 'ਚ ਨੈਸ਼ਨਲ ਹਾਈਵੇਅ ਐਕਟ ਦੇ ਤਹਿਤ ਮਾਮਲਾ ਦਰਜ ਹੈ। ਇਸੇ ਤਰ੍ਹਾਂ ਲਖਵੀਰ ਸਿੰਘ ਲੋਧੀਨੰਗਲ ਖਿਲਾਫ ਥਾਣਾ ਸੁਜਾਨਪੁਰ 'ਚ ਅਤੇ ਵਿਧਾਇਕ ਸੁਖਵਿੰਦਰ ਸੁਖੀ ਖਿਲਾਫ ਨਵਾਂਸ਼ਹਿਰ ਦੀ ਪੁਲਸ ਨੈਸ਼ਨਲ ਹਾਈਵੇਅ ਐਕਟ ਤਹਿਤ ਮਾਮਲੇ ਦਰਜ ਕੀਤੇ ਹੋਏ ਹਨ। ਜ਼ਿਕਰਯੋਗ ਹੈ ਕਿ 7 ਦਸੰਬਰ 2017 ਨੂੰ ਸੁਖਬੀਰ ਸਿੰਘ ਬਾਦਲ ਵੱਲੋਂ ਹਰੀਕੇ ਪਤਣ ਪੁਲ 'ਤੇ ਨਾਕਾਬੰਦੀ ਕੀਤੀ ਗਈ ਸੀ ਅਤੇ ਅਗਲੇ ਹੀ ਦਿਨ ਅਕਾਲੀ ਆਗੂਆਂ ਨੇ ਰਾਜ ਭਰ 'ਚ ਸੜਕਾਂ ਜਾਮ ਕਰ ਦਿੱਤੀਆਂ ਸਨ। ਇਸ ਨਾਲ ਸੂਬੇ 'ਚ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਸੀ।
'ਹਥਿਆਰ ਦਾ ਚਾਹੀਦਾ ਹੈ ਲਾਇਸੈਂਸ ਤਾਂ ਲਾਓ 10 ਬੂਟੇ'
NEXT STORY