ਮਜੀਠਾ (ਵੈੱਬ ਡੈਸਕ) : ਮਾਝੇ ਦੀ ਸਿਆਸਤ ਦਾ ਗੜ੍ਹ ਮੰਨੀ ਜਾਂਦੀ ਮਜੀਠਾ ਸੀਟ 'ਤੇ ਅਕਾਲੀ ਦਲ ਨੇ ਪਿਛਲੀਆਂ ਤਿੰਨ ਵਿਧਾਨ ਸਭਾ ਚੋਣਾਂ ਚ ਜਿੱਤ ਦੀ ਹੈਟ੍ਰਿਕ ਮਾਰੀ ਹੈ। ਸਿਰਫ਼ 2002 ਦੀ ਚੋਣ ਨੂੰ ਛੱਡ ਕੇ ਅਕਾਲੀ ਦਲ ਨੇ ਚਾਰ ਵਾਰ ਮਜੀਠਾ ਸੀਟ ਤੇ ਕਬਜ਼ਾ ਕੀਤਾ। ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਮਜੀਠੀਆ 2007 ਤੋਂ ਲੈ ਕੇ 2017 ਤੱਕ ਲਗਾਤਾਰ ਚੋਣ ਜਿੱਤਦੇ ਆ ਰਹੇ ਹਨ ਅਤੇ ਇਸ ਵਾਰ ਇਸ ਹਲਕੇ ਤੋਂ ਮਜੀਠੀਆ ਪਤਨੀ ਗਨੀਵ ਕੌਰ ਚੌਣ ਮੈਦਾਨ ਵਿੱਚ ਹਨ।ਇਸ ਵਾਰ ਬਿਕਰਮ ਮਜੀਠੀਆ ਕਾਂਗਰਸ ਦੇ ਪੰਜਾਬ ਪ੍ਰਧਾਨ ਨਵਜੋਤ ਸਿੱਧੂ ਖ਼ਿਲਾਫ਼ ਅੰਮ੍ਰਿਤਸਰ ਪੂਰਬੀ ਤੋਂ ਵੀ ਚੋਣ ਲੜ ਰਹੇ ਹਨ।
ਉਧਰ ਤਿੰਨ ਵਾਰ ਮਜੀਠੀਆ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਵਜੋਂ ਹਾਰ ਖਾਣ ਮਗਰੋਂ ਸੁਖਜਿੰਦਰ ਰਾਜ ਸਿੰਘ ਲਾਲੀ ਮਜੀਠੀਆ ਇਸ ਵਾਰ ਆਪ ਦੇ ਖੇਮੇ ਚੋਂ ਟਿਕਟ ਹਾਸਲ ਕਰਕੇ ਚੋਣ ਮੈਦਾਨ ਵਿੱਚ ਹਨ। ਦੱਸਣਯੋਗ ਹੈ ਕਿ ਮਾਝੇ ਵਿੱਚ ਅਕਾਲੀ ਦਲ ਦੀ ਸਿਆਸਤ ਦੇ ਥੰਮ੍ਹ ਕਹੇ ਜਾਂਦੇ ਬਿਕਰਮ ਮਜੀਠੀਆ ਡਰੱਗ ਤਸਕਰੀ ਦੇ ਕੇਸ ਵਿੱਚ ਸੁਪਰੀਮ ਕੋਰਟ ਪਹੁੰਚੇ ਹਨ ਅਤੇ 23 ਫਰਵਰੀ ਤੱਕ ਮਜੀਠੀਆ ਨੂੰ ਗ੍ਰਿਫਤਾਰੀ ਤੋਂ ਰਾਹਤ ਮਿਲੀ ਹੈ।
1997
1997'ਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪ੍ਰਕਾਸ਼ ਸਿੰਘ ਮਜੀਠਾ ਨੇ 34,026 ਵੋਟਾਂ ਹਾਸਲ ਕਰਕੇ ਕਾਂਗਰਸ ਦੇ ਸਵਿੰਦਰ ਸਿੰਘ ਨੂੰ ਪਈਆਂ 31,195 ਵੋਟਾਂ ਦੇ ਮੁਕਾਬਲੇ 2831 (3.27%) ਵੋਟਾਂ ਦੇ ਫਰਕ ਨਾਲ ਹਰਾਇਆ।
2002
2002 ’ਚ ਕਾਂਗਰਸ ਦੇ ਉਮੀਦਵਾਰ ਸਵਿੰਦਰ ਸਿੰਘ ਜੇਤੂ ਰਹੇ। ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਰਾਜ ਮੋਹਿੰਦਰ ਸਿੰਘ ਮਜੀਠਾ ਨੂੰ 2198 ਵੋਟਾਂ ਦੇ ਫ਼ਰਕ ਨਾਲ ਹਰਾਇਆ ਸੀ। ਸਵਿੰਦਰ ਸਿੰਘ ਨੇ 41072 ਜਦ ਕਿ ਰਾਜ ਮੋਹਿੰਦਰ ਸਿੰਘ ਨੂੰ 38874 ਵੋਟਾਂ ਪਈਆਂ । (2.64%) ਫੀਸਦੀ ਵੋਟਾਂ ਦੇ ਫ਼ਰਕ ਨਾਲ ਕਾਂਗਰਸ ਉਮੀਦਵਾਰ ਰਾਜ ਮੋਹਿੰਦਰਾ ਮਜੀਠਾ ਤੋਂ ਜੇਤੂ ਰਹੇ।
2007
2007 ਵਿੱਚ ਪੰਜਾਬ ਦੀਆਂ ਕੁੱਲ ਵਿਧਾਨ ਸਭਾ ਸੀਟਾਂ ’ਤੇ ਬਠਿੰਡਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਬਿਕਰਮ ਸਿੰਘ ਮਜੀਠੀਆ ਜੇਤੂ ਰਹੇ। ਉਨ੍ਹਾਂ ਨੇ 51,690 ਵੋਟਾਂ ਪ੍ਰਾਪਤ ਕਰ ਕੇ ਕਾਂਗਰਸ ਦੇ ਉਮੀਦਵਾਰ ਸੁਖਜਿੰਦਰ ਰਾਜ ਸਿੰਘ ਨੂੰ ਮਿਲੀਆਂ 28,682 ਵੋਟਾਂ ਅਨੁਸਾਰ 23,008 (24.62%) ਵੋਟਾਂ ਦੇ ਫਰਕ ਨਾਲ ਜਿੱਤ ਹਾਸਲ ਕੀਤੀ ਸੀ।
2012
2012 ਵਿਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਬਿਕਰਮ ਸਿੰਘ ਮਜੀਠੀਆ ਨੇ ਚੋਣਾਂ ’ਚ ਵੋਟਾਂ ਦੇ ਵੱਡੇ ਫਰਕ ਨਾਲ ਜਿੱਤ ਹਾਸਲ ਕੀਤੀ ਸੀ। ਮਜੀਠੀਆ ਨੇ 73,944 ਵੋਟਾਂ ਹਾਸਲ ਕਰਕੇ ਕਾਂਗਰਸ ਦੇ ਉਮੀਦਵਾਰ ਸੁਖਜਿੰਦਰ ਰਾਜ ਸਿੰਘ (ਲਾਲੀ) ਨੂੰ 26363 ਵੋਟਾਂ ਦੇ ਫਰਕ ਨਾਲ ਹਰਾਇਆ ਸੀ। ਮਜੀਠੀਆ ਨੇ 47,581 (41.28%) ਵੋਟਾਂ ਦੇ ਫ਼ਰਕ ਨਾਲ ਸੁਖਜਿੰਦਰ ਰਾਜ ਨੂੰ ਹਰਾ ਕੇ ਵੱਡੀ ਜਿੱਤ ਪ੍ਰਾਪਤ ਕੀਤੀ।
2017
2017 ਵਿੱਚ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ’ਚ ਮਜੀਠਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਬਿਕਰਮ ਸਿੰਘ ਮਜੀਠੀਆ ਜੇਤੂ ਰਹੇ। ਉਨ੍ਹਾਂ ਖ਼ਿਲਾਫ਼ ਕਾਂਗਰਸ ਪਾਰਟੀ ਦੇ ਸੁਖਜਿੰਦਰ ਰਾਜ ਸਿੰਘ ਲਾਲੀ ਨੂੰ 42919 ਵੋਟਾਂ ਮਿਲੀਆਂ ਸਨ। ਜਦਕਿ ਬਿਕਰਮ ਸਿੰਘ ਮਜੀਠੀਆ 65803 ਵੋਟਾਂ ਹਾਸਲ ਕਰ ਕੇ ਜੇਤੂ ਉਮੀਦਵਾਰ ਰਹੇ। 2017 ’ਚ ਆਮ ਆਦਮੀ ਪਾਰਟੀ ਵਲੋਂ ਹਿੰਮਤ ਸਿੰਘ ਸ਼ੇਰਗਿੱਲ ਨੂੰ ਸਭ ਤੋਂ ਘੱਟ 10252 ਵੋਟਾਂ ਨਾਲ ਹਾਰ ਦਾ ਮੂੰਹ ਦੇਖਣਾ ਪਿਆ ਸੀ।
2022 ਦੀਆਂ ਵਿਧਾਨ ਸਭਾ ਚੋਣਾਂ ’ਚ ਹਲਕਾ ਮਜੀਠਾ ’ਚ ਸ਼੍ਰੋਮਣੀ ਅਕਾਲੀ ਦਲ ਤੋਂ ਬਿਕਰਮ ਮਜੀਠੀਆ ਦੀ ਪਤਨੀ ਗਨੀਵ ਕੌਰ ਚੋਣ ਲੜਨਗੇ ਅਤੇ ਕਾਂਗਰਸ ਪਾਰਟੀ ਵਲੋਂ ਜਗਵਿੰਦਰ ਪਾਲ ਸਿੰਘ (ਜੱਗਾ ਮਜੀਠਾ), ਆਮ ਆਦਮੀ ਪਾਰਟੀ ਤੋਂ ਸੁਖਜਿੰਦਰ ਰਾਜ ਸਿੰਘ ਲਾਲੀ (ਜੋ ਤਿੰਨ ਵਾਰ ਪਹਿਲਾਂ ਕਾਂਗਰਸ ਦੇ ਉਮੀਦਵਾਰ ਵਜੋਂ ਬਿਕਰਮ ਮਜੀਠੀਆ ਤੋਂ ਹਾਰ ਚੁੱਕੇ ਹਨ), ਸੰਯੁਕਤ ਕਿਸਾਨ ਮੋਰਚਾ ਵੱਲੋਂ ਪਰਮਜੀਤ ਸਿੰਘ ਅਤੇ ਭਾਜਪਾ ਵੱਲੋਂ ਪ੍ਰਦੀਪ ਸਿੰਘ ਭੁੱਲਰ ਚੋਣ ਮੈਦਾਨ ’ਚ ਹਨ।
ਇਸ ਹਲਕੇ ਦੇ ਵੋਟਰਾਂ ਦੀ ਕੁੱਲ ਗਿਣਤੀ 166136 ਹੈ, ਜਿਨ੍ਹਾਂ ਵਿੱਚ 79521 ਪੁਰਸ਼ ਅਤੇ 86615 ਬੀਬੀਆਂ ਹਨ।
ਵੋਟ ਖ਼ਰੀਦਣ ਵਾਲਾ ਕਦੇ ਲੋਕਾਂ ਦਾ ਭਲਾ ਨਹੀਂ ਕਰ ਸਕਦਾ, ਸਰਕਾਰ ਬਣਾ ਕੇ ਪੰਜ ਸਾਲ ਮੌਜ ਕਰੇਗਾ: ਭਗਵੰਤ ਮਾਨ
NEXT STORY