ਭਵਾਨੀਗੜ੍ਹ (ਵਿਕਾਸ ਮਿੱਤਲ)- ਨੇੜਲੇ ਪਿੰਡ ਬਾਲਦ ਕਲਾਂ ਵਿਚ ਗੁਆਂਢੀ ਨੂੰ ਗਾਲੀ-ਗਲੋਚ ਕਰਨ ਤੋਂ ਰੋਕਣ ’ਤੇ ਇਕ ਵਿਧਵਾ ਔਰਤ ਦੀ ਬੇਰਹਿਮੀ ਨਾਲ ਕੁੱਟਮਾਰ ਕਰ ਦਿੱਤੀ ਗਈ। ਗੰਭੀਰ ਜ਼ਖ਼ਮੀ ਹਾਲਤ 'ਚ ਔਰਤ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਜਿੱਥੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ। ਪੁਲਸ ਨੇ ਇਸ ਮਾਮਲੇ ਵਿਚ ਪਤੀ-ਪਤਨੀ ਸਮੇਤ ਚਾਰ ਜਣਿਆਂ ਖ਼ਿਲਾਫ਼ ਹੱਤਿਆ ਦਾ ਕੇਸ ਦਰਜ ਕਰਦਿਆਂ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਗੁਰਧਿਆਨ ਸਿੰਘ (19) ਪੁੱਤਰ ਜਰਨੈਲ ਸਿੰਘ ਵਾਸੀ ਪਿੰਡ ਬਾਲਦ ਕਲਾਂ ਨੇ ਦੱਸਿਆ ਕਿ ਉਸ ਦੀਆਂ ਦੋ ਵੱਡੀਆਂ ਭੈਣਾਂ ਵਿਆਹੀਆਂ ਹੋਈਆਂ ਹਨ ਅਤੇ ਉਹ ਆਪਣੀ ਛੋਟੀ ਭੈਣ ਪ੍ਰਦੀਪ ਕੌਰ ਨਾਲ ਮਾਤਾ ਮਨਜੀਤ ਕੌਰ ਦੇ ਨਾਲ ਰਹਿੰਦਾ ਸੀ। ਉਸ ਨੇ ਦੱਸਿਆ ਕਿ ਉਨ੍ਹਾਂ ਦਾ ਗੁਆਂਢੀ ਗੁਰਚੇਤ ਸਿੰਘ ਕਥਿਤ ਤੌਰ ’ਤੇ ਸ਼ਰਾਬ ਪੀਣ ਦਾ ਆਦੀ ਹੈ ਤੇ ਅਕਸਰ ਸ਼ਰਾਬ ਦੇ ਨਸ਼ੇ 'ਚ ਉਨ੍ਹਾਂ ਦੇ ਪਰਿਵਾਰ ਨਾਲ ਗਾਲੀ-ਗਲੋਚ ਕਰਦਾ ਰਹਿੰਦਾ ਸੀ। ਗੁਰਧਿਆਨ ਅਨੁਸਾਰ 19 ਜਨਵਰੀ ਦੀ ਸ਼ਾਮ ਜਦੋਂ ਉਹ ਆਪਣੇ ਘਰ ਮੌਜੂਦ ਸਨ ਤਾਂ ਗੁਰਚੇਤ ਸਿੰਘ ਉਨ੍ਹਾਂ ਦੇ ਘਰ ਦੇ ਗੇਟ ਅੱਗੇ ਖੜ੍ਹ ਕੇ ਉੱਚੀ ਆਵਾਜ਼ ਵਿਚ ਗਾਲੀ-ਗਲੋਚ ਕਰਨ ਲੱਗ ਪਿਆ। ਜਦੋਂ ਉਸ ਦੀ ਮਾਂ ਮਨਜੀਤ ਕੌਰ ਨੇ ਗਲੀ ਵਿਚ ਜਾ ਕੇ ਉਸਨੂੰ ਅਜਿਹਾ ਕਰਨ ਤੋਂ ਰੋਕਿਆ ਤਾਂ ਗੁਰਚੇਤ ਸਿੰਘ ਤੇ ਉਸਦੀ ਭਰਜਾਈ ਰੀਨਾ ਕੌਰ ਪਤਨੀ ਬਲਵਿੰਦਰ ਸਿੰਘ ਨੇ ਮਨਜੀਤ ਕੌਰ ਨਾਲ ਧੱਕਾ-ਮੁੱਕੀ ਕਰਦਿਆਂ ਉਨ੍ਹਾਂ ਨੂੰ ਜ਼ਮੀਨ ’ਤੇ ਸੁੱਟ ਦਿੱਤਾ।
ਇਸ ਦੌਰਾਨ ਬਲਵਿੰਦਰ ਸਿੰਘ ਨੇ ਮਾਰ ਦੇਣ ਦੀ ਨੀਯਤ ਨਾਲ ਡਿੱਗੀ ਪਈ ਮਨਜੀਤ ਕੌਰ ਦੇ ਸਿਰ ’ਤੇ ਸੋਟੀ ਨਾਲ ਕਈ ਵਾਰ ਵਾਰ ਕੀਤੇ ਜਦਕਿ ਮੱਘਰ ਸਿੰਘ ਨੇ ਵੀ ਮੌਕੇ ’ਤੇ ਪਹੁੰਚ ਕੇ ਉਸ ਦੀ ਮਾਤਾ ਦੀ ਕੁੱਟਮਾਰ ਕੀਤੀ। ਗੰਭੀਰ ਰੂਪ ਵਿਚ ਜ਼ਖ਼ਮੀ ਮਨਜੀਤ ਕੌਰ ਨੂੰ ਪਹਿਲਾਂ ਭਵਾਨੀਗੜ੍ਹ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ ਜਿੱਥੋਂ ਡਾਕਟਰਾਂ ਨੇ ਉਸਦੀ ਨਾਜ਼ੁਕ ਹਾਲਤ ਨੂੰ ਦੇਖਦਿਆਂ ਰਾਜਿੰਦਰਾ ਹਸਪਤਾਲ ਪਟਿਆਲਾ ਅਤੇ ਬਾਅਦ ਵਿਚ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਥਾਣਾ ਭਵਾਨੀਗੜ੍ਹ ਦੇ ਇੰਚਾਰਜ ਇੰਸਪੈਕਟਰ ਮਾਲਵਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਵੱਲੋਂ ਮੁਲਜ਼ਮਾਂ ਖ਼ਿਲਾਫ਼ ਹੱਤਿਆ ਦਾ ਮਾਮਲਾ ਦਰਜ ਕਰਕੇ ਗੁਰਚੇਤ ਸਿੰਘ ਅਤੇ ਬਲਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਜਦਕਿ ਮੱਘਰ ਸਿੰਘ ਤੇ ਰੀਨਾ ਕੌਰ ਫ਼ਰਾਰ ਹਨ। ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਜਾਰੀ ਹੈ।
ਅਸਮਾਨੀ ਬਿਜਲੀ ਡਿੱਗਣ ਨਾਲ ਦੋ ਮੰਜ਼ਿਲਾ ਪੋਲਟਰੀ ਫਾਰਮ ਢਹਿ-ਢੇਰੀ, ਮਲਵੇ ਹੇਠ ਆਏ ਮਜ਼ਦੂਰ ਤੇ ਮੁਰਗੇ
NEXT STORY