ਤਲਵੰਡੀ ਸਾਬੋ (ਮੁਨੀਸ਼) - ਗੁਰੂ ਸਾਹਿਬਾਨ ਦੀ ਬਕਸ਼ੀ ਗੁਰਮੁਖੀ ਭਾਸ਼ਾ ਨਾਲ ਕੇਂਦਰ ਦੀ ਮੋਦੀ ਸਰਕਾਰ ਮਤਰੇਈ ਮਾਂ ਵਾਲਾ ਸਲੂਕ ਕਰ ਰਹੀ ਹੈ ਅਤੇ ਸੂਬੇ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਵੀ ਇਸ ਮਾਮਲੇ 'ਚ ਕੁੰਭਕਰਨੀ ਨੀਂਦ ਸੁੱਤੀ ਹੋਈ ਹੈ ਜੋ ਕਿ ਬਰਦਾਸ਼ਤਯੋਗ ਨਹੀਂ। ਦੋਵਾਂ ਸਰਕਾਰਾਂ ਨੂੰ ਸੂਬੇ ਦੀ ਮਾਂ ਭਾਸ਼ਾ ਪੰਜਾਬੀ ਨਾਲ ਕੀਤੀ ਜਾ ਰਹੀ ਧੱਕੇਸ਼ਾਹੀ ਤੁਰੰਤ ਬੰਦ ਕਰ ਦੇਣੀ ਚਾਹੀਦੀ ਹੈ । ਉਕਤ ਵਿਚਾਰਾਂ ਦਾ ਪ੍ਰਗਟਾਵਾ ਸਰਬੱਤ ਖਾਲਸਾ ਵੱਲੋਂ ਥਾਪੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਨਾਲ ਮਸ਼ਵਰੇ ਉਪਰੰਤ ਸਰਬੱਤ ਖਾਲਸਾ ਦੇ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਭਾਈ ਧਿਆਨ ਸਿੰਘ ਮੰਡ, ਤਖਤ ਸ੍ਰੀ ਦਮਦਮਾ ਸਾਹਿਬ ਦੇ ਭਾਈ ਬਲਜੀਤ ਸਿੰਘ ਦਾਦੂਵਾਲ ਅਤੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਭਾਈ ਅਮਰੀਕ ਸਿੰਘ ਅਜਨਾਲਾ ਨੇ ਕੀਤਾ।
ਸਰਬੱਤ ਖਾਲਸਾ ਜਥੇਦਾਰ ਸਾਹਿਬਾਨ ਨੇ ਦੋਵਾਂ ਸਰਕਾਰਾਂ ਨੂੰ ਤਾੜਨਾ ਕਰਦਿਆਂ ਕਿਹਾ ਕਿ ਗੁਜਰਾਤ 'ਚ ਗੁਜਰਾਤੀ, ਕਰਨਾਟਕ 'ਚ ਕੰਨੜ, ਮਹਾਂਰਾਸ਼ਟਰ 'ਚ ਮਰਾਠੀ ਬੋਲੀ ਅਤੇ ਇਸੇ ਤਰ੍ਹਾਂ ਹੋਰ ਰਾਜਾਂ 'ਚ ਖੇਤਰੀ ਭਾਸ਼ਾਵਾਂ ਨੂੰ ਪਹਿਲ ਦਿੱਤੀ ਜਾਂਦੀ ਹੈ ਤਾਂ ਫਿਰ ਪੰਜਾਬ 'ਚ ਪੰਜਾਬੀ ਭਾਸ਼ਾ ਨਾਲ ਵਿਤਕਰਾ ਕਿਉਂ ਕੀਤਾ ਜਾ ਰਿਹਾ ਹੈ। ਉਨ੍ਹਾ ਕਿਹਾ ਕਿ ਸਿੱਖਾਂ ਤੋਂ ਇਲਾਵਾ ਵੀ ਪੰਜਾਬ 'ਚ ਰਹਿਣ ਵਾਲਾ ਹਰ ਧਰਮ ਦਾ ਵਿਅਕਤੀ ਪੰਜਾਬੀ ਭਾਸ਼ਾ ਬੋਲਦਾ ਹੈ। ਇਸ ਲਈ ਸਾਰੇ ਦਫਤਰੀ ਕੰਮਕਾਜ ਵੀ ਪੰਜਾਬੀ 'ਚ ਹੋਣੇ ਚਾਹੀਦੇ ਹਨ। ਇਸੇ ਤਰ੍ਹਾਂ ਪੰਜਾਬ 'ਚ ਲੱਗੇ ਮੀਲ ਪੱਥਰਾਂ ਅਤੇ ਸੜਕਾਂ ਤੇ ਲੱਗੇ ਦੂਰੀ ਦੱਸਣ ਵਾਲੇ ਬੋਰਡਾਂ 'ਤੇ ਵੀ ਪਹਿਲਾਂ ਪੰਜਾਬੀ ਭਾਸ਼ਾ, ਫਿਰ ਕੌਮੀ ਭਾਸ਼ਾ ਹਿੰਦੀ ਤੇ ਫਿਰ ਕੌਮਾਂਤਰੀ ਭਾਸ਼ਾ ਅੰਗਰੇਜੀ ਲਿਖੀ ਹੋਣੀ ਚਾਹੀਦੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਹਰ ਸੂਬੇ ਦੇ ਦਿਸ਼ਾ ਨਿਰਦੇਸ਼ਾਂ ਵਾਲੇ ਬੋਰਡ ਇਸੇ ਤਰ੍ਹਾਂ ਲਿਖ ਕੇ ਲਾਏ ਗਏ ਹਨ ਪਰ ਪੰਜਾਬ 'ਚ ਇਸਦੇ ਉਲਟ ਹੈ ਤੇ ਪੰਜਾਬੀ ਭਾਸ਼ਾ ਨੂੰ ਹੇਠਲਾ ਦਰਜਾ ਦਿੱਤਾ ਗਿਆ ਹੈ। ਬਹੁਤੇ ਸੂਚਨਾ ਬੋਰਡਾਂ 'ਤੇ ਤਾਂ ਪੰਜਾਬੀ ਗਲਤ ਲਿਖ ਕੇ ਮਾਂ ਬੋਲੀ ਨਾਲ ਖਿਲਵਾੜ ਵੀ ਕੀਤਾ ਗਿਆ ਹੈ। ਉਨ੍ਹਾ ਕਿਹਾ ਕਿ ਜਦੋਂ ਸਰਕਾਰਾਂ ਇਸ ਪ੍ਰਤੀ ਸੁਚੇਤ ਨਾ ਹੋਣ ਤਾਂ ਫਿਰ ਲੋਕਾਂ ਨੂੰ ਹੰਭਲਾ ਮਾਰਨਾ ਪੈਂਦਾ ਹੈ ਤੇ ਜਿੰਨਾ ਨੌਜਵਾਨਾਂ ਨੇ ਪੰਜਾਬੀ ਭਾਸ਼ਾ ਦਾ ਮਾਣ ਸਨਮਾਨ ਬਹਾਲ ਰੱਖਣ ਲਈ ਸਾਈਨ ਬੋਰਡਾਂ ਤੇ ਕਾਲਿਖ ਮਲੀ ਹੈ ਉਹ ਵਧਾਈ ਦੇ ਪਾਤਰ ਹਨ ਅਤੇ ਅਸੀਂ ਉਨ੍ਹਾਂ ਨਾਲ ਖੜੇ ਹਾਂ। ਉਨ੍ਹਾਂ ਕਿਹਾ ਕਿ ਉਕਤ ਨੌਜਵਾਨਾਂ 'ਤੇ ਦਰਜ ਕੇਸ ਕੈਪਟਨ ਸਰਕਾਰ ਨੂੰ ਤੁਰੰਤ ਵਾਪਸ ਲੈ ਕੇ ਸੂਬੇ ਅੰਦਰ ਪੰਜਾਬੀ ਮਾਂ ਬੋਲੀ ਦਾ ਮਾਨ ਸਨਮਾਨ ਬਹਾਲ ਰੱਖਣ ਦੇ ਯਤਨ ਕਰਨੇ ਚਾਹੀਦੇ ਹਨ।
ਨਸ਼ੇ ਦੇ ਮਾਮਲੇ 'ਚ ਨਿਮਿਸ਼ਾ ਮਹਿਤਾ ਨੇ ਪੰਜਾਬ ਪੁਲਸ ਨੂੰ ਲਿਆ ਕਰੜੇ ਹੱਥੀ
NEXT STORY