ਚੰਡੀਗੜ੍ਹ (ਬਿਊਰੋ) — ਬੀਤੇ ਕੁਝ ਦਿਨ ਪਹਿਲਾਂ ਪਟਿਆਲਾ ਪੁਲਸ ਵਲੋਂ ਪੰਜਾਬੀ ਗਾਇਕ ਤੇ ਗੀਤਕਾਰ ਸ਼੍ਰੀ ਬਰਾੜ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਗਾਇਕ ਸ਼੍ਰੀ ਬਰਾੜ ਨੂੰ ਪੁਲਸ ਰਿਮਾਂਡ ਖ਼ਤਮ ਹੋਣ ਤੋਂ ਬਾਅਦ ਮੁੜ ਮਾਣਯੋਗ ਅਦਾਲਤ ’ਚ ਪੇਸ਼ ਕੀਤਾ ਗਿਆ, ਜਿਥੋਂ ਅਦਾਲਤ ਨੇ ਉਸ ਨੂੰ ਨਿਆਂਇਕ ਹਿਰਾਸਤ ’ਚ ਜੇਲ੍ਹ ਭੇਜ ਦਿੱਤਾ ਹੈ। ਪੰਜਾਬੀ ਸੰਗੀਤ ਜਗਤ ਦੇ ਕੁਝ ਸਿਤਾਰਿਆਂ ਨੇ ਸ਼੍ਰੀ ਬਰਾੜ ਦੇ ਹੱਕ 'ਚ ਆਵਾਜ਼ ਬੁਲੰਦ ਕੀਤੀ ਹੈ। ਇਸ ’ਤੇ ਪੰਜਾਬੀ ਗਾਇਕ ਜੱਸ ਬਾਜਵਾ ਨੇ ਬੋਲਦਿਆਂ ਕਿਹਾ ਕਿ ਸਰਕਾਰ ਗਾਇਕਾਂ ’ਤੇ ਈਡੀ ਦੇ ਛਾਪੇ ਮਰਵਾ ਰਹੀ ਹੈ। ਕੱਲ੍ਹ ਮੈਨੂੰ ਬੁਲਾ ਕੇ ਪੁੱਛਿਆ ਗਿਆ ਕਿ ਇਹ ਸਭ ਕੀ ਹੈ। ਦਰਅਸਲ, ਅੱਜ ਤੋਂ ਮਹੀਨਾ ਇਕ ਪਹਿਲਾਂ ਮੇਰੇ ਚੈਨਲ ’ਤੇ ਕਿਸੇ ਦਾ ਕੋਈ ਗੀਤ ਰਿਲੀਜ਼ ਸੀ। ਹੁਣ ਸਰਕਾਰ ਨੂੰ ਇਹ ਸਭ ਨਜ਼ਰ ਆਉਣ ਲੱਗਾ। ਕਿਸਾਨਾਂ ਨੂੰ ਸਮਰਥਨ ਕਰਨ ਵਾਲੇ ਗਾਇਕਾਂ ਨੂੰ ਸਰਕਾਰ ਡਰਾ ਰਹੀ ਹੈ। ਜੇਕਰ ਸਾਨੂੰ ਡਰਾਇਆ-ਧਮਕਾਇਆ ਗਿਆ ਤਾਂ ਅਸੀਂ ਕਿਸਾਨ ਜੱਥੇਬੰਦੀਆਂ ਨਾਲ ਕਾਨਫਰੰਸ ਕਰਕੇ ਅਗਲੀ ਰਣਨੀਤ ਤੈਅ ਕਰਾਂਗੇ ਅਤੇ ਅਸੀਂ ਸਰਕਾਰ ਖ਼ਿਲਾਫ਼ ਸਿੱਧਾ ਮੋਰਚਾ ਖੋਲ੍ਹਾਂਗੇ।
ਰਣਜੀਤ ਬਾਵਾ ਤੇ ਮਨਕੀਰਤ ਔਲਖ ਨੇ ਪੁਲਸ ਦੀ ਕਾਰਵਾਈ ਨੂੰ ਦੱਸਿਆ ਲੋਕਤੰਤਰ ਦਾ ਘਾਣ
ਦੱਸ ਦਈਏ ਕਿ ਪੰਜਾਬੀ ਗਾਇਕ ਮਨਕੀਰਤ ਔਲਖ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਪੋਸਟ ਪਾ ਕੇ ਪੁਲਸ ਦੀ ਕਾਰਵਾਈ ਨੂੰ ਲੋਕਤੰਤਰ ਦਾ ਘਾਣ ਕਰਾਰ ਦਿੱਤਾ ਹੈ। ਮਨਕੀਰਤ ਔਲਖ ਵੱਲੋਂ ਸ਼ੇਅਰ ਕੀਤੀ ਇਸ ਪੋਸਟ 'ਤੇ ਲੋਕ ਲਗਾਤਾਰ ਕੁਮੈਂਟ ਕਰਕੇ ਆਪਣਾ ਪ੍ਰਤੀਕਰਮ ਦੇ ਰਹੇ ਹਨ। ਇਸ ਤੋਂ ਇਲਾਵਾ ਗਾਇਕ ਤੇ ਅਦਾਕਾਰ ਰਾਣਜੀਤ ਬਾਵਾ ਨੇ ਵੀ ਗਾਇਕ ਅਤੇ ਗੀਤਕਾਰ ਸ਼੍ਰੀ ਬਰਾੜ ਦੇ ਹੱਕ 'ਚ ਆਵਾਜ਼ ਬੁਲੰਦ ਕੀਤੀ ਹੈ। ਰਣਜੀਤ ਬਾਵਾ ਨੇ ਆਪਣੀ ਇੰਸਟਾਗ੍ਰਾਮ ਸਟੋਰੀ 'ਚ ਇੱਕ ਵੀਡੀਓ ਸਾਂਝਾ ਕਰਕੇ ਸਾਰੇ ਕਲਾਕਾਰਾਂ ਨੂੰ ਸ਼੍ਰੀ ਬਰਾੜ ਦੇ ਹੱਕ 'ਚ ਖੜ੍ਹੇ ਹੋਣ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਸਾਰੇ ਕਲਾਕਾਰਾਂ ਨੂੰ ਸ਼੍ਰੀ ਬਰਾੜ ਦੀ ਮਦਦ ਕਰਨੀ ਚਾਹੀਦੀ ਹੈ, ਜਿਹੜੇ ਉਸ ਨਾਲ ਜੁੜੇ ਹੋਏ ਸਨ ਜਾਂ ਜਿਹੜੇ ਉਸ ਤੋਂ ਗੀਤ ਲੈਂਦੇ ਸਨ।
ਕਿਉਂ ਬਣਾਇਆ ਗਿਆ ਸ਼੍ਰੀ ਬਰਾੜ ਨੂੰ ਨਿਸ਼ਾਨਾ ?
ਦੱਸ ਦਈਏ ਕਿ ਪਟਿਆਲਾ ਪੁਲਸ ਨੇ ਸ਼੍ਰੀ ਬਰਾੜ ਨੂੰ ਗੀਤਾਂ 'ਚ ਹਿੰਸਾ ਅਤੇ ਬੰਦੂਕ (ਗੰਨ ਕਲਚਰ) ਸੱਭਿਆਚਾਰ ਦਾ ਪ੍ਰਚਾਰ ਕਰਨ ਦੇ ਦੋਸ਼ ਹੇਠ ਬੀਤੇ ਕੁਝ ਦਿਨ ਪਹਿਲਾਂ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਤੋਂ ਬਾਅਦ ਇਹ ਚਰਚਾ ਚੱਲ ਰਹੀ ਹੈ ਕਿ ਸ਼੍ਰੀ ਬਰਾੜ ਤੋਂ ਪਹਿਲਾਂ ਹੋਰ ਕਈ ਗਾਇਕਾਂ ਤੇ ਹਿੰਸਾ ਤੇ ਬੰਦੂਕ ਸੱਭਿਆਚਾਰ ਦੇ ਦੋਸ਼ ਲੱਗੇ ਹਨ ਪਰ ਹਾਲੇ ਤੱਕ ਕਿਸੇ ਖ਼ਿਲਾਫ਼ ਕਾਰਵਾਈ ਨਹੀਂ ਹੋਈ।
ਲੋਕ ਸਮੇਂ ਦੀਆਂ ਸਰਕਾਰਾਂ ਤੋਂ ਸਵਾਲ ਕਰ ਰਹੇ ਹਨ ਕਿ ਕਿਸਾਨ ਅੰਦੋਲਨ 'ਚ ਅਚਾਨਕ ਸ਼੍ਰੀ ਬਰਾੜ ਨੂੰ ਹੀ ਕਿਉਂ ਨਿਸ਼ਾਨਾ ਬਣਾਇਆ ਗਿਆ ਹੈ। ਕੁਝ ਲੋਕਾਂ ਦਾ ਕਹਿਣਾ ਹੈ ਕਿ ਸ਼੍ਰੀ ਬਰਾੜ ਨੇ 'ਕਿਸਾਨ ਐਂਥਮ' ਗੀਤ ਲਿਖਿਆ, ਜਿਸ ਨੇ ਕਿਸਾਨ ਅੰਦੋਲਨ ਨੂੰ ਵੱਡਾ ਹੁਲਾਰਾ ਦਿੱਤਾ ਹੈ।
ਕੈਪਟਨ ਅਮਰਿੰਦਰ ਨੇ ਸ਼੍ਰੀ ਬਰਾੜ ਦੀ ਗ੍ਰਿਫ਼ਤਾਰੀ ਨੂੰ ਦੱਸਿਆ ਸਹੀ
ਆਖਿਆ ਜਾ ਰਿਹਾ ਹੈ ਕਿ ਸ਼੍ਰੀ ਬਰਾੜ 'ਤੇ ਇਹ ਕਾਰਵਾਰੀ ਅਮਿਤ ਸ਼ਾਹ ਦੇ ਕਹਿਣ 'ਤੇ ਹੋਈ ਹੈ ਪਰ ਇਸ ਮੁੱਦੇ 'ਤੇ ਪੰਜਾਬ ਸਰਕਾਰ ਵੀ ਆਪਣਾ ਪੱਖ ਰੱਖ ਚੁੱਕੀ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮਿਊਜ਼ੀਕਲ ਵੀਡੀਓ 'ਚ ਬੰਦੂਕ ਦੇ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਲਈ ਪੰਜਾਬੀ ਗਾਇਕ ਸ਼੍ਰੀ ਬਰਾੜ ਦੀ ਗ੍ਰਿਫ਼ਤਾਰੀ ਨੂੰ ਸਹੀ ਕਰਾਰ ਦਿੱਤਾ ਹੈ।
ਗੀਤ ਨੂੰ ਲੈ ਕੇ ਖੜ੍ਹਾ ਹੋਇਆ ਵਿਵਾਦ
ਦੱਸਣਯੋਗ ਹੈ ਕਿ ਹਾਲ ਹੀ ’ਚ ਰਿਲੀਜ਼ ਹੋਏ ਗੀਤ ‘ਜਾਨ’ ਨੂੰ ਲੈ ਕੇ ਇਸ ਸਾਰਾ ਮਾਮਲਾ ਖੜ੍ਹਾ ਹੋਇਆ ਹੈ। ਯੂਟਿਊਬ ’ਤੇ ਚੱਲ ਰਹੇ ਗੀਤ ‘ਜਾਨ’ ਨੂੰ ਗਾਉਣ ਵਾਲੇ ਪੰਜਾਬੀ ਗਾਇਕ ਸ਼੍ਰੀ ਬਰਾੜ ਉਰਫ਼ ਪਵਨਦੀਪ ਸਿੰਘ ਨੂੰ ਸੀ. ਆਈ. ਏ. ਸਟਾਫ਼ ਪਟਿਆਲਾ ਦੀ ਪੁਲਸ ਨੇ ਮੋਹਾਲੀ ਤੋਂ ਗਿ੍ਰਫ਼ਤਾਰ ਕੀਤਾ ਸੀ। ਉਸ ਖ਼ਿਲਾਫ਼ ਥਾਣਾ ਸਿਵਲ ਲਾਈਨ ’ਚ ਪੀ. ਆਈ. ਡੀ. ਐਕਟ 1922 ਅਤੇ 500, 501, 502, 505, 115, 116, 120 ਬੀ ਆਈ. ਪੀ. ਸੀ. ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਸ਼੍ਰੀ ਬਰਾੜ ਬਾਰੇ ਐੱਸ. ਐੱਸ. ਪੀ. ਵਿਕਰਮਜੀਤ ਦੁੱਗਲ ਦਾ ਕਹਿਣਾ ਸੀ ਕਿ ਯੂਟਿਊਬ ’ਤੇ ਪੰਜਾਬੀ ਗੀਤ, ਜਿਸ ਦਾ ਟਾਈਟਲ ‘ਜਾਨ’ ਹੈ, ਚੱਲ ਰਿਹਾ ਹੈ। ਇਸ ਦੇ ਬੋਲ ਕਾਫ਼ੀ ਭੜਕਾਊ ਹਨ। ਇਸ ਗੀਤ ਨਾਲ ਜੇਲਾਂ ਅੰਦਰ ਬੈਠੇ ਬੰਦ ਅਪਰਾਧੀਆਂ ਨੂੰ ਵੀ ਹੋਰ ਘਿਨੌਣੇ ਜ਼ੁਰਮ ਕਰਨ ਲਈ ਸ਼ਹਿ ਮਿਲਦੀ ਹੈ। ਇਸ ਗੀਤ ਦੇ ਬੋਲਾਂ ਨਾਲ ਆਮ ਲੋਕਾਂ ਤੇ ਨੌਜਵਾਨਾਂ ਨੂੰ ਕੁਰਾਹੇ ਪਾਉਣ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ, ਜਿਸ ਕਾਰਨ ਪੁਲਸ ਨੇ ਪੰਜਾਬੀ ਗਾਇਕ ਸ਼੍ਰੀ ਬਰਾੜ ਖ਼ਿਲਾਫ਼ ਕੇਸ ਦਰਜ ਕਰਕੇ ਉਸ ਨੂੰ ਗਿ੍ਰਫ਼ਤਾਰ ਕਰ ਲਿਆ ਸੀ।
ਜ਼ਮੀਨ ਤੋਂ ਸੱਖਣਾ ਲਵਪ੍ਰੀਤ ਸਿੰਘ ਸਾਈਕਲ ’ਤੇ ਪੁੱਜਿਆ ਦਿੱਲੀ ਬਾਰਡਰ ’ਤੇ
NEXT STORY