ਤਰਨਤਾਰਨ (ਰਮਨ): ਬੀਤੀ ਰਾਤ ਆਪਣੇ ਸਹੁਰੇ ਘਰ ਬਿਮਾਰ ਪਤਨੀ ਨੂੰ ਲੈਣ ਤਰਨਤਾਰਨ ਆ ਰਹੇ ਪੰਜਾਬੀ ਗਾਇਕ ਸੁਰਜੀਤ ਸੰਧੂ ਨਾਲ ਹਰੀਕੇ ਪੁਲ ਉੱਪਰ ਪੁਲਸ ਵੱਲੋਂ ਜਿੱਥੇ ਮਾਰਕੁੱਟ ਕੀਤੀ ਗਈ ਉੱਥੇ ਉਸ ਨੂੰ ਨਾਜਾਇਜ਼ ਹਿਰਾਸਤ ’ਚ ਲੈਣ ਦੇ ਦੋਸ਼ ਲੱਗ ਰਹੇ ਹਨ। ਇਸ ਮਾਮਲੇ ’ਚ ਪੁਲਸ ਵੱਲੋਂ ਸਾਰੇ ਦੋਸ਼ਾਂ ਨੂੰ ਨਕਾਰਦੇ ਹੋਏ ਝੂਠ ਕਰਾਰ ਦਿੱਤਾ ਜਾ ਰਿਹਾ ਹੈ।ਇਸ ਸੰਬੰਧੀ ਗਾਇਕਾਂ ’ਚ ਰੋਸ ਪਾਇਆ ਜਾ ਰਿਹਾ ਹੈ।
ਪੰਜਾਬੀ ਗਾਇਕ ਸੁਰਜੀਤ ਸਿੰਘ ਸੰਧੂ ਪੁੱਤਰ ਤਰਲੋਕ ਸਿੰਘ ਨਿਵਾਸੀ ਫ਼ਰੀਦਕੋਟ ਨੇ ਦੱਸਿਆ ਕਿ ਬੀਤੀ ਰਾਤ 9 ਵਜੇ ਪਤਨੀ ਰੂਪਨਦੀਪ ਕੌਰ ਦੀ ਤਬੀਅਤ ਖ਼ਰਾਬ ਹੋਣ ਕਾਰਨ ਉਸ ਨੂੰ ਲੈਣ ਲਈ ਆਪਣੇ ਸਹੁਰੇ ਤਰਨਤਾਰਨ ਵਿਖੇ ਸਕਾਰਪੀਓ ਉੱਪਰ ਇਕੱਲਾ ਆ ਰਿਹਾ ਸੀ। ਜਦੋਂ ਉਹ ਹਰੀਕੇ ਪੁਲ ਵਿਖੇ ਪੁੱਜਾ ਤਾਂ ਪੁਲਸ ਵੱਲੋਂ ਲਗਾਏ ਨਾਕੇ ਉਪਰ ਉਸ ਨੂੰ ਰੋਕ ਲਿਆ ਗਿਆ।ਸੁਰਜੀਤ ਸੰਧੂ ਨੇ ਜਗ ਬਾਣੀ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਪੁਲਸ ਵੱਲੋਂ ਜਦੋਂ ਉਸਦੀ ਗੱਡੀ ਦੀ ਤਲਾਸ਼ੀ ਲੈਣੀ ਚਾਹੀ ਤਾਂ ਉਸ ਨੇ ਆਪਣੀ ਪਹਿਚਾਣ ਦੱਸਦੇ ਹੋਏ ਡਿੱਕੀ ਖੋਲ੍ਹ ਦਿੱਤੀ।ਇਸ ਦੌਰਾਨ ਗੱਡੀ ’ਚ ਮੌਜੂਦ ਉਸਦੀ ਲਾਇਸੈਂਸੀ ਰਾਈਫ਼ਲ ਨੂੰ ਵੇਖ ਪੁਲਸ ਨੇ ਉਸ ਨਾਲ ਮਾੜਾ ਵਰਤਾਓ ਕਰਨਾ ਸ਼ੁਰੂ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ : ਸਿੱਧੂ ਮੂਸੇ ਵਾਲਾ ਦੇ ਪੇਜ ਤੋਂ ਪਿਤਾ ਦਾ ਪਹਿਲਾ ਬਿਆਨ ਆਇਆ ਸਾਹਮਣੇ, ‘ਹਾਲੇ ਮੇਰੇ ਪੁੱਤ ਦਾ ਸਿਵਾ ਠੰਡਾ ਨਹੀਂ ਹੋਇਆ...’
ਸੁਰਜੀਤ ਸੰਧੂ ਨੇ ਦੱਸਿਆ ਕਿ ਉਹ ਲਾਇਸੈਂਸੀ ਰਾਈਫ਼ਲ ਦਾ ਲਾਈਸੈਂਸ ਕਾਰ ’ਚੋਂ ਲੱਭ ਰਿਹਾ ਸੀ ਤਾਂ ਇੰਨੇ ਦੌਰਾਨ ਪੁਲਸ ਨੇ ਉਸ ਨਾਲ ਮਾਰਕੁੱਟ ਕਰਨੀ ਸ਼ੁਰੂ ਕਰ ਦਿੱਤੀ।ਜਦੋਂ ਉਸ ਨੇ ਇਸ ਦਾ ਵਿਰੋਧ ਕੀਤਾ ਤਾਂ ਮੌਕੇ ਤੇ ਮੌਜੂਦ ਥਾਣਾ ਹਰੀਕੇ ਦੇ ਐਸ.ਐਚ.ਓ. ਹਰਜੀਤ ਸਿੰਘ ਅਤੇ ਡੀ.ਐੱਸ.ਪੀ. ਪੱਟੀ ਮਨਿੰਦਰਪਾਲ ਸਿੰਘ ਜੋ ਸਿਵਲ ਵਰਦੀ ’ਚ ਸਨ ਅਤੇ 15 ਮੁਲਾਜ਼ਮਾ ਸਮੇਤ ਉਨ੍ਹਾਂ ਵੱਲੋਂ ਉਸ ਦੇ ਮੂੰਹ ਉਪਰ ਘਸੁੰਨ ਅਤੇ ਚਪੇੜਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਗਈਆਂ। ਇਸ ਤੋਂ ਬਾਅਦ ਬਿਨਾਂ ਕੋਈ ਸੁਣਵਾਈ ਕਿਤੇ ਉਸ ਨੂੰ ਪਹਿਲਾਂ ਥਾਣਾ ਸਰਹਾਲੀ ਫ਼ਿਰ ਤਰਨਤਾਰਨ ਅਤੇ ਬਾਅਦ ’ਚ ਪੱਟੀ ਥਾਣੇ ਲਿਜਾਇਆ ਗਿਆ।ਜਿੱਥੇ ਉਸ ਦਾ ਸਿਵਲ ਹਸਪਤਾਲ ’ਚ ਮੈਡੀਕਲ ਕਰਵਾਉਣ ਉਪਰੰਤ ਉਸ ਪਾਸੋਂ ਖਾਲੀ ਕਾਗਜ਼ ਉੱਪਰ ਹਸਤਾਖ਼ਰ ਕਰਵਾਉਣ ਉਪਰੰਤ ਰਿਸ਼ਤੇਦਾਰ ਸੁਰਜੀਤ ਸਿੰਘ ਭੁੱਲਰ ਹਵਾਲੇ ਦੇਰ ਰਾਤ ਕਰ ਦਿੱਤਾ ਗਿਆ। ਸੰਧੂ ਨੇ ਕਿਹਾ ਕਿ ਇਸ ਮਾਮਲੇ ਦੌਰਾਨ ਪੁਲਸ ਨੇ ਆਪਣੇ ਵਕੀਲ ਨੂੰ ਫ਼ੋਨ ਤਕ ਨਹੀਂ ਕਰਨ ਦਿੱਤਾ ਅਤੇ ਉਸ ਦੇ ਦੋਵੇਂ ਫ਼ੋਨ ਖੋਹ ਲਏ। ਸੰਧੂ ਨੇ ਪੁਲਸ ਉਪਰ ਧੱਕੇਸ਼ਾਹੀ ਕਰਨ ਦੇ ਦੋਸ਼ ਲਗਾਉਂਦੇ ਹੋਏ ਇਨਸਾਫ਼ ਦੀ ਮੰਗ ਕੀਤੀ ਹੈ।ਪੰਜਾਬੀ ਗਾਇਕਾਂ ’ਚ ਇਸ ਮਾਮਲੇ ਸਬੰਧੀ ਪੁਲਸ ਖਿਲਾਫ਼ ਰੋਸ ਪਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ : ਕੌਰ ਬੀ ਦੀ ਕਰਨ ਔਜਲਾ ਨੂੰ ਬੇਨਤੀ, ‘ਪੁੱਤ ਬਣ ਕੇ ਇਕ ਵਾਰ ਸਿੱਧੂ ਦੇ ਮਾਪਿਆਂ ਨੂੰ ਮਿਲਿਓ ਜ਼ਰੂਰ’
ਉਧਰ ਇਸ ਸੰਬੰਧੀ ਡੀ.ਐੱਸ.ਪੀ. ਪੱਟੀ ਮਨਿੰਦਰਪਾਲ ਸਿੰਘ ਨੇ ਦੱਸਿਆ ਕਿ ਸੁਰਜੀਤ ਸੰਧੂ ਵੱਲੋਂ ਪੁਲਸ ਡਿਊਟੀ ’ਚ ਵਿਘਨ ਪਾਉਂਦੇ ਹੋਏ ਜਿੱਥੇ ਉਨ੍ਹਾਂ ਨਾਲ ਹੱਥੋਪਾਈ ਕੀਤੀ ਗਈ ਉਥੇ ਸ਼ਰਾਬ ਪੀ ਕੇ ਗਾਲ੍ਹਾਂ ਕੱਢੀਆਂ ਗਈਆਂ। ਉਨ੍ਹਾਂ ਦੱਸਿਆ ਕਿ ਸੰਧੂ ਵੱਲੋਂ ਗੱਡੀ ’ਚ ਮੌਜੂਦ ਰਾਈਫ਼ਲ ਦਾ ਲਾਈਸੈਂਸ ਪੇਸ਼ ਨਹੀਂ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਸੰਧੂ ਦਾ ਸਿਵਲ ਹਸਪਤਾਲ ਤੋਂ ਮੈਡੀਕਲ ਕਰਵਾ ਲਿਆ ਗਿਆ ਹੈ ਜਿਸ ਤੋਂ ਬਾਅਦ ਮੋਹਤਬਰਾਂ ਦੇ ਕਹਿਣ ਉੱਪਰ ਉਸ ਨੂੰ ਛੱਡ ਦਿੱਤਾ ਗਿਆ।
ਭਾਜਪਾ ਆਗੂ ਪਰਮਿੰਦਰ ਸਿੰਘ ਬਰਾੜ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਕੀਤੀ ਮੁਲਾਕਾਤ
NEXT STORY