ਜਲੰਧਰ (ਬਿਊਰੋ) - ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਇਕ ਵਾਰ ਫਿਰ ਤੋਂ ਆਪਣੇ ਟਵੀਟ ਕਰਕੇ ਸੁਰਖ਼ੀਆਂ 'ਚ ਆ ਗਈ ਹੈ। ਬੀਤੇ ਦਿਨੀਂ ਕੰਗਨਾ ਨੇ ਕਿਸਾਨ ਪ੍ਰਦਰਸ਼ਨ 'ਤੇ ਟਿੱਪਣੀ ਕੀਤੀ ਸੀ, ਜਿਸ ਨੂੰ ਲੈ ਕੇ ਪੰਜਾਬ ਦੇ ਕਿਸਾਨ ਭਰਾਵਾਂ ਤੇ ਪੰਜਾਬੀ ਕਲਾਕਾਰ ਭਾਈਚਾਰੇ ਵਲੋਂ ਕਾਫ਼ੀ ਵਿਰੋਧ ਕੀਤਾ ਜਾ ਰਿਹਾ ਹੈ। ਅਸਲ 'ਚ ਕੰਗਨਾ ਨੇ ਇਕ ਫੇਕ ਟਵੀਟ ਨੂੰ ਰੀਟਵੀਟ ਕਰਦੇ ਹੋਏ ਪੰਜਾਬ ਦੀ ਬਜ਼ੁਰਗ ਬੇਬੇ ਦਾ ਮਜ਼ਾਕ ਉਡਾਇਆ ਸੀ, ਜਿਸ ਨੂੰ ਕੁਝ ਸਮੇਂ ਬਾਅਦ ਉਸ ਨੇ ਆਪਣੇ ਟਵਿਟਰ ਹੈਂਡਲ ਤੋਂ ਡਿਲੀਟ ਵੀ ਕਰ ਦਿੱਤਾ ਸੀ ਪਰ ਲੋਕਾਂ ਨੇ ਸਕਰੀਨ ਸ਼ਾਟ ਲੈ ਕੇ ਕੰਗਨਾ ਰਣੌਤ ਨੂੰ ਟਰੋਲ ਕਰਨਾ ਸ਼ੁਰੂ ਕਰ ਦਿੱਤਾ।
ਪੰਜਾਬੀ ਕਲਾਕਾਰਾਂ ਨੇ ਵੀ ਕੰਗਨਾ ਰਣੌਤ ਨੂੰ ਅਕਲ ਨੂੰ ਹੱਥ ਮਾਰਣ ਦੀ ਗੱਲ ਆਖੀ ਹੈ। ਕੰਵਰ ਗਰੇਵਾਲ, ਰਘਬੀਰ ਬੋਲੀ, ਸਿੰਗਾ ਵਰਗੇ ਕਈ ਗਾਇਕਾਂ ਨੇ ਵੀਡੀਓ ਬਣਾ ਕੇ ਕੰਗਨਾ ਨੂੰ ਸੋਚ ਸਮਝ ਕੇ ਬੋਲਣ ਦੀ ਗੱਲ ਆਖੀ ਹੈ।
ਕੰਵਰ ਗਰੇਵਾਲ ਨੇ ਕੰਗਨਾ ਨੂੰ ਕਿਹਾ, ਤੈਨੂੰ ਅਸੀਂ ਮਾੜਾ ਨਹੀਂ ਬੋਲਾਂਗੇ ਪਰ ਜੋ ਤੂੰ ਸਾਡੀ ਬੇਬੇ ਬਾਰੇ ਬੋਲਿਆ ਹੈ ਉਹ ਬਹੁਤ ਹੀ ਮਾੜਾ ਹੈ। ਤੈਨੂੰ ਪੈਸੇ ਦਾ ਬਹੁਤ ਜ਼ਿਆਦਾ ਹੰਕਾਰ ਹੈ, ਜਿਸ ਕਰਕੇ ਤੂੰ ਇਹ ਸਭ ਬੋਲ ਰਹੀ ਹੈ। ਤੈਨੂੰ ਥੋੜੀ ਅਕਲ ਕਰਨੀ ਚਾਹੀਦੀ ਹੈ ਕਿ ਤੂੰ ਕੀ ਬੋਲ ਰਹੀ ਹੈ। ਇਹ ਸਾਰੀਆਂ ਧਰਨੇ 'ਚ ਸ਼ਾਮਲ ਹੋਣ ਵਾਲੀਆਂ ਬੀਬੀਆਂ ਸਾਡੇ ਲਈ 'ਮਾਈ ਭਾਗੋ' ਵਰਗੀਆਂ ਹੀ ਹਨ।'
ਇਸ ਤੋਂ ਇਲਾਵਾ ਸੁਖੀ ਨੇ ਵੀ ਕੰਗਨਾ ਦੀ ਕਲਾਸ ਲਾਉਂਦਿਆ ਇਕ ਪੋਸਟ ਸਾਂਝੀ ਕੀਤੀ ਹੈ। ਇਸ ਤੋਂ ਹੋਰ ਵੀ ਗਾਇਕ ਨੇ ਜਿਨ੍ਹਾਂ ਨੂੰ ਕੰਗਨਾ ਦਾ ਇਹ ਟਵੀਟ ਬਿਲਕੁਲ ਵੀ ਚੰਗਾ ਨਹੀਂ ਲੱਗਾ, ਜਿਸ ਕਰਕੇ ਉਸ ਨੂੰ ਸੋਸ਼ਲ ਮੀਡੀਆ 'ਤੇ ਟਰੋਲ ਕੀਤਾ। ਲੋਕੀਂ ਵੀ ਕੰਗਨਾ ਰਣੌਤ ਨੂੰ ਬਿਨਾਂ ਸੱਚਾਈ ਜਾਣੇ ਲਿਖਣ ਕਰਕੇ ਟਰੋਲ ਕਰ ਰਹੇ ਹਨ।
ਸਿੰਗਾ ਨੇ ਅੱਗੇ ਕਿਹਾ, ‘ਮੈਂ ਕੰਗਨਾ ਨੂੰ ਬਹੁਤ ਚੰਗੀ ਕਲਾਕਾਰ ਸਮਝਦਾ ਸੀ। ਉਹ ਮੇਰੇ ਤੋਂ ਛੋਟੀ ਹੈ ਜਾਂ ਵੱਡੀ ਇਹ ਮੈਂ ਨਹੀਂ ਜਾਣਦਾ ਪਰ ਉਸ ਨੇ ਜੋ ਬੋਲਿਆ ਬਿਲਕੁਲ ਗਲਤ ਹੈ। ਉਸ ਨੂੰ ਆਪਣੇ ਕੰਮ ਨਾਲ ਕੰਮ ਰੱਖਣਾ ਚਾਹੀਦਾ ਹੈ ਨਾ ਕਿ ਸਾਡੀ ਜ਼ਿੰਦਗੀ ’ਚ ਦਖਲ ਦੇਣਾ ਚਾਹੀਦਾ ਹੈ। ਮੈਨੂੰ ਵੀ ਕਿਸੇ ਦੀ ਜ਼ਿੰਦਗੀ ’ਚ ਦਖਲ ਦੇਣਾ ਚੰਗਾ ਨਹੀਂ ਲੱਗਦਾ ਪਰ ਮੈਨੂੰ ਕੰਗਨਾ ਦੀ ਇਹ ਗੱਲ ਬੇਹੱਦ ਮਾੜੀ ਲੱਗੀ। ਜੇ ਕਿਸੇ ਦਾ ਚੰਗਾ ਨਹੀਂ ਕਰ ਸਕਦੇ ਤਾਂ ਮਾੜਾ ਵੀ ਨਾ ਕਰੋ।
ਕੰਗਨਾ ’ਤੇ ਵਰ੍ਹਦਿਆਂ ਸਿੰਗਾ ਨੇ ਕਿਹਾ, ‘ਮੈਨੂੰ ਹੁਣ ਪਤਾ ਲੱਗਾ ਕਿ ਕਿਵੇਂ ਉਸ ਨੇ ਬਾਲੀਵੁੱਡ ’ਚ ਆਪਣਾ ਨਾਂ ਬਣਾਇਆ ਹੈ, ਸ਼ਾਇਦ ਇਹੀ ਸਭ ਕੁਝ ਕਰਕੇ। ਮੈਂ ਸਮਝਦਾ ਸੀ ਕਿ ਉਸ ਨੇ ਮਿਹਨਤ ਕਰਕੇ ਆਪਣੀ ਵੱਖਰੀ ਪਛਾਣ ਬਣਾਈ ਹੈ। ਉਸ ਦੀ ਵੀ ਮਾਂ ਤੇ ਦਾਦੀ ਘਰ ’ਚ ਹੋਣੀ ਹੈ। ਲੱਗਦਾ ਹੈ ਕਿ ਕਲਯੁੱਗ ਆ ਗਿਆ ਹੈ, ਜੋ ਇਕ ਔਰਤ ਹੋ ਕੇ ਦੂਜੀ ਔਰਤ ਨੂੰ ਮਾੜਾ ਬੋਲ ਰਹੀ ਹੈ।’
‘ਸੀ. ਸੀ. ਆਈ. ਨੇ ਖ਼ਰੀਦਿਆ 28,16,255 ਗੰਢਾਂ ਨਰਮਾ’
NEXT STORY