ਪਟਿਆਲਾ (ਬਲਜਿੰਦਰ) - ਪੰਜਾਬੀ ਯੁਨੀਵਰਸਿਟੀ ਵੱਲੋਂ ਅੱਗ ਬੁਝਾਊ ਯੰਤਰ ਅਤੇ ਸਮੋਕ ਡਿਟੈਕਟਰ ਅਲਾਰਮ ਸਿਸਟਮ ਖਰੀਦਣ ਦੇ ਮਾਮਲੇ ਸਬੰਧੀ ਵਿਜੀਲੈਂਸ ਵੱਲੋਂ ਮੰਗੇ ਰਿਕਾਰਡ ਲਈ ਹੋਰ ਸਮਾਂ ਮੰਗਿਆ ਹੈ।
ਵਿਜੀਲੈਂਸ ਵੱਲੋਂ 5 ਫਰਵਰੀ ਤੱਕ ਰਿਕਾਰਡ ਮੰਗਿਆ ਸੀ ਪਰ ਪੰਜਾਬੀ ਯੂਨੀਵਰਸਿਟੀ ਦੇ ਰਜਿਸਟਰਾਰ ਮਨਜੀਤ ਸਿੰਘ ਨਿੱਝਰ ਨੇ ਵਿਜੀਲੈਂਸ ਬਿਊਰੋ ਪਟਿਆਲਾ ਨੂੰ ਇਕ ਪੱਤਰ ਲਿਖ ਕੇ ਹੋਰ ਸਮਾਂ ਮੰਗਿਆ ਹੈ ਕਿਉਂਕਿ ਪੰਜਾਬੀ ਯੂਨੀਵਰਸਿਟੀ ਨੂੰ ਵਿਜੀਲੈਂਸ ਦਾ ਪੱਤਰ 2 ਫਰਵਰੀ ਨੂੰ ਪ੍ਰਾਪਤ ਹੋਇਆ ਸੀ। ਇਸ ਤੋਂ ਬਾਅਦ 3 ਅਤੇ 4 ਫਰਵਰੀ ਨੂੰ ਸ਼ਨੀਵਾਰ ਅਤੇ ਐਤਵਾਰ ਹੋਣ ਦੇ ਕਾਰਨ ਛੁੱਟੀਆਂ ਸਨ ਅਤੇ 5 ਫਰਵਰੀ ਨੂੰ ਰਿਕਾਰਡ ਨਹੀਂ ਦਿੱਤਾ ਜਾ ਸਕਦਾ ਹੈ।
ਰਜਿਸਟਰਾਰ ਮੁਤਾਬਕ ਵਿਜੀਲੈਂਸ ਵੱਲੋਂ ਮੰਗਿਆ ਰਿਕਾਰਡ ਕਾਫੀ ਜ਼ਿਆਦਾ ਹੈ, ਜਿਸ ਨੂੰ ਇਕੱਠਾ ਕਰਨ ਅਤੇ ਭੇਜਣ ਲਈ ਕਾਫੀ ਸਮਾਂ ਚਾਹੀਦਾ ਹੈ। ਲਿਹਾਜ਼ਾ ਯੂਨੀਵਰਸਿਟੀ ਨੂੰ ਰਿਕਾਰਡ ਭੇਜਣ ਲਈ ਹੋਰ ਸਮਾਂ ਚਾਹੀਦਾ ਹੈ। ਦੱਸਣਯੋਗ ਹੈ ਕਿ ਜਦੋਂ ਪਿਛਲੇ ਸਾਲ ਜਦੋਂ ਕਾਂਗਰਸ ਸਰਕਾਰ ਸੱਤਾ ਵਿਚ ਆਈ ਤਾਂ ਵਾਈਸ ਚਾਂਸਲਰ ਦਾ ਚਾਰਜ ਆਈ. ਏ. ਐੱਸ. ਅਧਿਕਾਰੀ ਸ਼੍ਰੀ ਅਨੁਰਾਗ ਦੇ ਕੋਲ ਸੀ ਤਾਂ ਯੂਨਵਰਸਿਟੀ ਵਿਚ ਕਈ ਮਾਮਲਿਆ ਦੀ ਜਾਂਚ ਲਈ ਕਮੇਟੀਆਂ ਬਣਾਈਆਂ ਗਈਆਂ ਸਨ। ਇਨ੍ਹਾਂ ਵਿਚ ਇਕ ਕਮੇਟੀ ਡਾ. ਪੁਸ਼ਪਿੰਦਰ ਸਿੰਘ ਗਿੱਲ ਦੀ ਸ਼ਿਕਾਇਤ 'ਤੇ ਅੱਗ ਬੁਝਾਊ ਯੰਤਰਾਂ ਦੀ ਖਰੀਦ ਅਤੇ ਸਮੋਕ ਡਿਟੈਕਟਰ ਅਲਾਰਮ ਸਿਸਟਮ ਦੀ ਖਰੀਦ ਸਬੰਧੀ ਦੋ ਮੈਂਬਰੀ ਜਾਂਚ ਕਮੇਟੀ ਡਾ. ਸੁਖਵਿੰਦਰ ਸਿੰਘ ਤੇ ਡਾ. ਅਮਿਤਾ ਕੌਸ਼ਲ ਦੀ ਬਣਾਈ ਗਈ। ਕਮੇਟੀ ਨੇ ਜਦੋਂ ਜਾਂਚ ਸ਼ੁਰੂ ਕੀਤੀ ਤਾਂ ਇਸ ਵਿਚ ਕਈ ਊਣਤਾਈਆਂ ਪਾਈਆਂ ਗਈਆਂ। ਕਮੇਟੀ ਦੀ ਰਿਪੋਰਟ ਦੇ ਮੁਤਾਬਕ ਅੱਗ ਬੁਝਾਊ ਯੰਤਰ ਮਾਰਕੀਟ ਰੇਟ ਤੋਂ ਕਈ ਗੁਣਾ ਵੱਧ ਖਰੀਦੇ ਗਏ। ਇਥੋਂ ਤੱਕ ਜਿਹੜੀ ਫਰਮਾਂ ਤੋਂ ਖਰੀਦੇ ਦਿਖਾਏ ਉਹ ਫਰਮਾਂ ਜਾਅਲੀ ਪਾਈਆਂ ਗਈਆਂ। ਕਮੇਟੀ ਦੀ ਰਿਪੋਰਟ ਦੇ ਮੁਤਾਬਕ ਅੱਗ ਬੁਝਾਊ ਯੰਤਰ ਖਰੀਦਣ ਲਈ 58.40 ਲੱਖ ਅਤੇ ਸਮੋਕ ਡਿਟੈਕਟਰ ਅਲਾਰਮ ਸਿਸਟਮ ਖਰੀਦਣ ਲਈ 21.41 ਲੱਖ ਵੱਧ ਖਰਚ ਕੀਤੇ ਗਏ। ਇਸ ਕਮੇਟੀ ਦੀ ਰਿਪੋਰਟ ਦੇ ਆਧਾਰ 'ਤੇ ਹੁਣ ਵਿਜੀਲੈਂਸ ਬਿਊਰੋ ਵੱਲੋਂ ਜਾਂਚ ਸ਼ੁਰੂ ਕੀਤੀ।
ਡੇਰੇ 'ਚੋਂ ਗੱਡੀਆਂ ਭਰ-ਭਰ ਨਿਕਲਿਆ ਕੈਸ਼, ਪੁਲਸ ਖਾ ਗਈ ਜਾਂ...
NEXT STORY