ਚੰਡੀਗੜ੍ਹ (ਵੈੱਬ ਡੈਸਕ): ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਦੀ ਸੱਤਾਧਾਰੀ ਆਮ ਆਦਮੀ ਪਾਰਟੀ 'ਤੇ ਗੈਂਗਸਟਰਾਂ ਨਾਲ ਹੱਥ ਮਿਲਾਉਣ ਦੇ ਗੰਭੀਰ ਦੋਸ਼ ਲਗਾਏ ਹਨ। ਅਕਾਲੀ ਦਲ ਦੇ ਬੁਲਾਰੇ ਅਰਸ਼ਦੀਪ ਕਲੇਰ ਨੇ ਪੰਜਾਬ ਸਰਕਾਰ ਵੱਲੋਂ ਮੋਹਾਲੀ ਦੀ ਅਦਾਲਤ ਵਿਚ ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ 'ਕਲੀਨ ਚਿੱਟ' ਦਿੱਤੇ ਜਾਣ 'ਤੇ ਸਵਾਲ ਖੜ੍ਹੇ ਕੀਤੇ ਹਨ। ਇਸ ਦੇ ਨਾਲ ਹੀ ਉਨ੍ਹਾਂ ਬੇਅਦਬੀਆਂ ਦੇ ਮਸਲੇ 'ਤੇ ਵੀ ਪੰਜਾਬ ਸਰਕਾਰ ਨੂੰ ਘੇਰਿਆ ਹੈ।
ਅਰਸ਼ਦੀਪ ਕਲੇਰ ਨੇ ਕਿਹਾ ਕਿ ਇਕ ਪਾਸੇ ਤਾਂ ਆਮ ਆਦਮੀ ਪਾਰਟੀ ਦੇ ਸੁਪਰੀਮੋ ਗੈਂਗਸਟਰਾਂ ਨੂੰ ਖ਼ਤਮ ਕਰਨ ਦੀਆਂ ਵੱਡੀਆਂ-ਵੱਡੀਆਂ ਗੱਲਾਂ ਕਰਦੇ ਸਨ, ਪਰ ਇਸ ਦੇ ਉਲਟ ਪੰਜਾਬ ਅੰਦਰ ਗੈਂਗਸਟਰ ਲਗਾਤਾਰ ਵੱਡੀਆਂ ਵਾਰਦਾਤਾਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪਿਛਲੇ 20 ਦਿਨਾਂ ਵਿਚ ਹੀ ਪੰਜਾਬ ਵਿਚ 6 ਵੱਡੀਆਂ ਵਾਰਦਾਤਾਂ ਹੋ ਗਈਆਂ ਹਨ, ਜਿਨ੍ਹਾਂ ਵਿਚ ਆਮ ਆਦਮੀ ਪਾਰਟੀ ਦੇ ਆਪਣੇ ਸਰਪੰਚ ਦਾ ਕਤਲ ਵੀ ਸ਼ਾਮਲ ਹੈ। ਕਲੇਰ ਨੇ ਆਮ ਆਦਮੀ ਪਾਰਟੀ 'ਤੇ ਗੈਂਗਸਟਰਾਂ ਬਾਰੇ ਦੋਹਰੇ ਰਵਈਏ ਦਾ ਦੋਸ਼ ਲਾਇਆ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਨੇ ਦਾਅਵਾ ਕੀਤਾ ਕਿ ਮੋਹਾਲੀ ਦੀ ਅਦਾਲਤ ਵਿਚ ਪੰਜਾਬ ਸਰਕਾਰ ਨੇ ਇਹ ਬਿਆਨ ਦਿੱਤਾ ਹੈ ਕਿ ਉਨ੍ਹਾਂ ਕੋਲ ਗੈਂਗਸਟਰ ਜੱਗੂ ਭਗਵਾਨਪੁਰੀਆ ਖਿਲਾਫ਼ ਕੋਈ ਸਬੂਤ ਨਹੀਂ ਹੈ, ਜਿਸ ਕਾਰਨ ਉਸ ਨੂੰ ਕੇਸ ਵਿਚੋਂ ਡਿਸਚਾਰਜ ਕਰ ਦਿੱਤਾ ਗਿਆ। ਉਨ੍ਹਾਂ ਅੱਗੇ ਕਿਹਾ ਕਿ ਇਸ ਗੈਂਗਸਟਰ ਨੂੰ ਤਰਨਤਾਰਨ ਜ਼ਿਮਨੀ ਚੋਣ ਵੇਲੇ ਅਸਾਮ ਦੀ ਜੇਲ੍ਹ ਤੋਂ ਪੰਜਾਬ ਲਿਆਂਦਾ ਗਿਆ ਤੇ ਹੁਣ ਸਰਕਾਰ ਨੇ ਅਦਾਲਤ ਵਿਚ ਇਹ ਐਫ਼ੀਡੈਵਿਟ ਦਾਖ਼ਲ ਕੀਤਾ ਹੈ। ਇਨ੍ਹਾਂ ਸਵਾਲ ਪੁੱਛਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਹ ਸਪਸ਼ਟ ਕਰਨ ਕਿ ਸਰਕਾਰ ਨੇ ਇਹ ਐਫ਼ੀਡੈਵਿਟ ਕਿਸ ਦੇ ਇਸ਼ਾਰੇ 'ਤੇ ਦਾਖ਼ਲ ਕੀਤਾ ਹੈ।
ਬੇਅਦਬੀਆਂ ਦੇ ਮਸਲੇ 'ਤੇ ਵੀ ਘੇਰੀ ਪੰਜਾਬ ਸਰਕਾਰ
ਅਰਸ਼ਦੀਪ ਕਲੇਰ ਨੇ ਬੇਅਦਬੀਆਂ ਦੇ ਮਸਲੇ 'ਤੇ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਘੇਰਿਆ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸਟੇਜਾਂ ਤੋਂ ਬੇਅਦਬੀ ਬਾਰੇ ਵੱਡੀਆਂ ਵੱਡੀਆਂ ਗੱਲਾਂ ਕਰਦੇ ਹਨ, ਪਰ ਇਨ੍ਹਾਂ ਦਾ ਆਪਣਾ ਵਿਧਾਇਕ ਨਰੇਸ਼ ਯਾਦਵ ਬੇਅਦਬੀ ਦੇ ਕੇਸ ਵਿਚ ਸਜ਼ਾ ਕੱਟ ਰਿਹਾ ਹੈ। ਇਸ ਤੋਂ ਇਲਾਵਾ ਸਰਕਾਰ ਡੇਰਾ ਸੱਚਾ ਸੌਦਾ ਨੂੰ ਬੇਅਦਬੀਆਂ ਵਿਚ ਦੋਸ਼ੀ ਆਖ਼ਦੀ ਹੈ, ਪਰ ਸੁਪਰੀਮ ਕੋਰਟ ਵਿਚ ਡੇਰੇ ਦੇ ਹੱਕ ਵਿਚ ਬਿਆਨ ਵੀ ਦੇ ਚੁੱਕੀ ਹੈ। ਇਸੇ ਤਰ੍ਹਾਂ ਹੁਣ ਆਤਿਸ਼ੀ ਵੱਲੋਂ ਗੁਰੂ ਸਾਹਿਬ ਬਾਰੇ ਕੀਤੀ ਟਿੱਪਣੀ ਦੇ ਮਾਮਲੇ ਵਿਚ ਵੀ ਉਸ ਨੂੰ ਬਚਾਉਣ ਦੀ ਹਰ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਮੁੱਖ ਮੰਤਰੀ ਮਾਨ ਵੱਲੋਂ ਬੀਤੇ ਦਿਨੀਂ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਵੀ ਇਸੇ ਮਸਲੇ 'ਤੇ ਗੱਲਬਾਤ ਕੀਤੀ ਸੀ ਤੇ ਇਸ ਤੋਂ ਬਾਅਦ ਬਾਹਰ ਆ ਕੇ ਲੋਕਾਂ ਨੂੰ ਗੁੰਮਰਾਹ ਕਰਨ ਲਈ ਆਰ. ਡੀ. ਐੱਫ. ਤੇ ਐੱਸ. ਵਾਈ. ਐੱਲ. ਜਿਹੇ ਮੁੱਦਿਆਂ ਬਾਰੇ ਗੱਲ ਕਰਨ ਦੀ ਗੱਲ ਆਖ਼ ਦਿੱਤੀ, ਜਦਕਿ ਪਹਿਲਾਂ ਉਹ ਇਹ ਮਸਲੇ ਅਦਾਲਤਾਂ ਵਿਚ ਹੋਣ ਦੀ ਗੱਲ ਆਖ ਚੁੱਕੇ ਹਨ।
ਪੰਜਾਬ ਪੁਲਸ ਦੇ ਪੰਜ ਵੱਡੇ ਅਫ਼ਸਰ ਤਲਬ, ਜਾਣੋ ਕੀ ਹੈ ਪੂਰਾ ਮਾਮਲਾ
NEXT STORY