ਪਟਿਆਲਾ, (ਮਨਦੀਪ ਸਿੰਘ ਜੋਸਨ) : ਪੰਜਾਬੀ ਯੂਨੀਵਰਸਿਟੀ ਵੱਲੋਂ ਦੋ ਮਹੀਨੇ ਦੀਆਂ ਤਨਖਾਹਾਂ ਨਾ ਮਿਲਣ ਤੋਂ ਪ੍ਰੇਸ਼ਾਨ ਮੁਲਾਜ਼ਮ ਵੱਲੋਂ ਤੇਜ਼ਾਬ ਪੀਣ ਕਾਰਨ ਉਸਦੀ ਮੌਤ ਹੋ ਗਈ ਹੈ। ਮ੍ਰਿਤਕ ਦੀ ਪਛਾਣ ਗੁਰਪ੍ਰੀਤ ਸਿੰਘ (34) ਵਾਸੀ ਪਿੰਡ ਸ਼ੇਖਪੁਰ ਦੇ ਤੌਰ 'ਤੇ ਹੋਈ ਹੈ, ਜੋ ਕਿ ਪੰਜਾਬੀ ਯੂਨੀਵਰਸਿਟੀ ਵਿਖੇ ਮਾਲੀ ਵਜੋਂ ਕੰਮ ਕਰ ਰਿਹਾ ਸੀ। ਜਿਸਨੂੰ ਬੀਤੇ ਦਿਨ ਨਿੱਜੀ ਹਸਪਤਾਲ ਵਿਖੇ ਭਰਤੀ ਕਰਵਾਇਆ ਜਿਥੇ ਜ਼ੇਰੇ ਇਲਾਜ ਉਸ ਨੇ ਤੜਕਸਾਰ ਦਮ ਤੋੜ ਦਿੱਤਾ। ਮਾਮਲੇ ਦੀ ਜਾਂਚ ਥਾਣਾ ਸਦਰ ਪੁਲਸ ਵੱਲੋਂ ਕੀਤੀ ਜਾ ਰਹੀ ਹੈ।
ਇਸ ਦੀ ਪੁਸ਼ਟੀ ਕਰਦਿਆਂ ਥਾਣਾ ਸਦਰ ਦੇ ਏ.ਐਸ.ਆਈ. ਸੰਦੀਪ ਸਿੰਘ ਨੇ ਦੱਸਿਆ ਕਿ ਉਸ ਦੀ ਪਤਨੀ ਭੁਪਿੰਦਰ ਕੌਰ ਦੇ ਬਿਆਨਾਂ ਅਨੁਸਾਰ ਉਸ ਦਾ ਪਤੀ ਲੰਮੇ ਸਮੇਂ ਤੋਂ ਪੰਜਾਬੀ ਯੂਨੀਵਰਸਿਟੀ ਵਿੱਚ ਪੱਕੇ ਤੌਰ 'ਤੇ ਮਾਲੀ ਦੀਆਂ ਸੇਵਾਵਾਂ ਨਿਭਾਅ ਰਿਹਾ ਸੀ। ਘਰ ਦੀ ਸਾਰੀ ਜ਼ਿੰਮੇਵਾਰੀ ਉਸ ਦੇ ਹੀ ਮੋਢਿਆਂ 'ਤੇ ਸੀ। ਉਨ੍ਹਾਂ ਦੱਸਿਆ ਕਿ ਲੰਘੇ ਦਿਨਾਂ ਤੋਂ ਉਸ ਦੇ ਸਹੁਰੇ ਦੀ ਵੀ ਤਬੀਅਤ ਠੀਕ ਨਹੀਂ ਸੀ ਜਿਸ ਦਾ ਇਲਾਜ ਵੀ ਨਿੱਜੀ ਹਸਪਤਾਲ ਵਿਖੇ ਚੱਲ ਰਿਹਾ ਸੀ।
ਇਹ ਵੀ ਪੜ੍ਹੋ :- ਪੰਜਾਬ 'ਚ ਮੰਗਲਵਾਰ ਨੂੰ ਕੋਰੋਨਾ ਦੇ 730 ਨਵੇਂ ਮਾਮਲੇ ਆਏ ਸਾਹਮਣੇ, 10 ਦੀ ਮੌਤ
ਯੂਨੀਵਰਸਿਟੀ ਦੀ ਵਿੱਤੀ ਹਾਲਤ ਮਾੜੀ ਹੋਣ ਦੇ ਚਲਦਿਆਂ ਪਿਛਲੇ ਦੋ ਮਹੀਨਿਆਂ ਤੋਂ ਉਨ੍ਹਾਂ ਨੂੰ ਤਨਖਾਹ ਵੀ ਨਹੀਂ ਮਿਲੀ ਸੀ, ਜਿਸ ਕਾਰਨ ਘਰ ਦੇ ਵੀ ਆਰਥਿਕ ਹਾਲਾਤ ਕਾਫ਼ੀ ਖ਼ਰਾਬ ਹੋ ਗਏ ਸਨ। ਤਨਖਾਹ ਨਾ ਮਿਲਣ ਕਾਰਨ ਉਸ ਦੇ ਪਤੀ ਵੀ ਡਿਪ੍ਰੈਸ਼ਨ ਦਾ ਸ਼ਿਕਾਰ ਹੋ ਗਏ ਸਨ। ਜਿਨ੍ਹਾਂ ਦੀ ਦਵਾਈ ਵੀ ਚੱਲ ਰਹੀ ਸੀ। ਸੋਮਵਾਰ ਦੁਪਹਿਰ ਤਿੰਨ ਵਜੇ ਦੇ ਕਰੀਬ ਜਦੋਂ ਉਹ ਘਰ ਆਏ ਤਾਂ ਉਨ੍ਹਾਂ ਨੇ ਦਵਾਈ ਦੀ ਥਾਂ ਗਲਤੀ ਨਾਲ ਤੇਜ਼ਾਬ ਪੀ ਲਿਆ, ਜਿਸ ਕਾਰਨ ਉਸ ਦੀ ਅਚਾਨਕ ਤਬੀਅਤ ਵਿਗੜ ਗਈ ਇਸ ਕਾਰਨ ਉਨ੍ਹਾਂ ਨੂੰ ਤੁਰੰਤ ਹੀ ਨਿੱਜੀ ਹਸਪਤਾਲ ਵਿਖੇ ਭਰਤੀ ਕਰਵਾਇਆ ਜਿੱਥੇ ਜ਼ੇਰੇ ਇਲਾਜ ਉਸ ਨੇ ਪੰਜ ਵਜੇ ਕਰੀਬ ਦਮ ਤੋੜ ਦਿੱਤਾ। ਉਨ੍ਹਾਂ ਦੱਸਿਆ ਕਿ ਉਹ ਆਪਣੀ ਪਤਨੀ ਸਮੇਤ ਪਿੱਛੇ ਇਕ ਨੌਂ ਸਾਲਾ ਧੀ ਅਤੇ ਅੱਠ ਸਾਲਾ ਧੀ, ਇੱਕ ਛੇ ਮਹੀਨਿਆਂ ਦੀ ਧੀ ਤੇ ਆਪਣੇ ਬਜ਼ੁਰਗ ਬਿਮਾਰ ਪਿਤਾ ਨੂੰ ਛੱਡ ਗਿਆ ਹੈ। ਏ.ਐਸ.ਆਈ. ਸੰਦੀਪ ਸਿੰਘ ਨੇ ਦੱਸਿਆ ਪੋਸਟ ਮਾਰਟਮ ਕਰਵਾ ਕੇ ਲਾਸ਼ ਨੂੰ ਪਰਿਵਾਰਕ ਮੈਂਬਰਾਂ ਹਵਾਲੇ ਕਰ ਦਿੱਤਾ ਹੈ ਜਿਨ੍ਹਾਂ ਦੇ ਬਿਆਨਾਂ ਦੇ ਆਧਾਰ 'ਤੇ ਧਾਰਾ 174 ਦੀ ਕਾਰਵਾਈ ਆਰੰਭ ਦਿੱਤੀ ਹੈ।
ਤਰਨਤਾਰਨ ’ਚ ਮਚਿਆ ਸੀ ਜ਼ਹਿਰੀਲੀ ਸ਼ਰਾਬ ਦਾ ਤਾਂਡਵ, ਪੀੜਤ ਪਰਿਵਾਰਾਂ ਨੇ ਸਰਕਾਰ ਤੋਂ ਕੀਤੀ ਇਹ ਮੰਗ
NEXT STORY