ਫਰੀਦਕੋਟ/ਕੋਟਕਪੂਰਾ,(ਹਾਲੀ, ਨਰਿੰਦਰ) : ਸਟੱਡੀ ਵੀਜ਼ੇ 'ਤੇ ਪੜ੍ਹਨ ਲਈ ਕਨੈਡਾ ਗਏ ਜ਼ਿਲਾ ਫਰੀਦਕੋਟ ਦੇ ਇੱਕ ਨੌਜਵਾਨ ਦੀ ਉਥੇ ਭੇਦਭਰੇ ਹਾਲਾਤ 'ਚ ਮੌਤ ਹੋ ਜਾਣ ਦੀ ਖਬਰ ਮਿਲੀ ਹੈ। ਪਰਿਵਾਰ ਵੱਲੋਂ ਇਹ ਜਾਣਕਾਰੀ ਜ਼ਿਲੇ ਦੇ ਡਿਪਟੀ ਕਮਿਸ਼ਨਰ ਨੂੰ ਦੇਣ ਉਪਰੰਤ ਡਿਪਟੀ ਕਮਿਸ਼ਨਰ ਨੇ ਪੰਜਾਬ ਦੇ ਗ੍ਰਹਿ ਵਿਭਾਗ ਨੂੰ ਪਰਿਵਾਰ ਦੀ ਇੱਛਾ ਅਨੁਸਾਰ ਮ੍ਰਿਤਕ ਦੀ ਦੇਹ ਇਥੇ ਲਿਆਉਣ ਤੇ ਮੌਤ ਦੇ ਜ਼ਿੰਮੇਵਾਰਾਂ ਖਿਲਾਫ ਬਣਦੀ ਕਾਰਵਾਈ ਕਰਨ ਲਈ ਪੱਤਰ ਲਿਖ ਕੇ ਦਿੱਤਾ ਹੈ।
ਕੋਟਕਪੂਰਾ ਨਿਵਾਸੀ ਮ੍ਰਿਤਕ ਦੇ ਭਰਾ ਅਮ੍ਰਿਤ ਚਾਵਲਾ ਨੇ ਦੱਸਿਆ ਕਿ ਉਸ ਦਾ ਭਰਾ ਪਿਛਲੇ ਸਾਲ ਹੀ ਸਟੱਡੀ ਵੀਜ਼ੇ 'ਤੇ ਕੈਨੇਡਾ ਗਿਆ ਸੀ ਤੇ ਸਰੀ ਵਿਖੇ ਪੜ੍ਹ ਰਿਹਾ ਸੀ। ਉਨ੍ਹਾਂ ਦੱਸਿਆ ਕਿ ਇਸ ਨੂੰ ਪਹਿਲਾਂ ਹੀ ਕਰਜਾ ਚੁੱਕ ਕੇ ਕਨੈਡਾ ਭੇਜਿਆ ਗਿਆ ਸੀ ਪਰ ਪਰਿਵਾਰ ਉਪਰ ਉਸ ਵੇਲੇ ਮੁਸੀਬਤਾਂ ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਜਦੋਂ 15 ਅਗਸਤ ਨੂੰ ਕੈਨੇਡਾ ਤੋਂ ਪੁਲਸ ਅਫਸਰਾਂ ਨੇ ਫੋਨ ਰਾਹੀ ਪਰਿਵਾਰ ਨੂੰ ਸੂਚਿਤ ਕੀਤਾ ਕਿ ਉਨ੍ਹਾਂ ਦੇ ਲੜਕੇ ਰੌਕਸੀ ਚਾਵਲਾ ਦੀ ਮੌਤ ਹੋ ਗਈ ਹੈ ਤੇ ਪੁਲਸ ਉਸ ਦੀ ਮੌਤ ਦੇ ਕਾਰਨਾਂ ਦੀ ਜਾਂਚ ਕਰਨ 'ਚ ਲੱਗੀ ਹੋਈ ਹੈ। ਉਨ੍ਹਾਂ ਦੱਸਿਆ ਕਿ ਇਸ ਖਬਰ ਉਪਰੰਤ ਸ਼ੁੱਕਰਵਾਰ ਨੂੰ ਉਹ ਆਪਣੇ ਨਜ਼ਦੀਕੀ ਰਿਸ਼ਤੇਦਾਰਾਂ ਤੇ ਐਡਵੋਕੇਟ ਚੇਤਨ ਸਹਿਗਲ ਨੂੰ ਨਾਲ ਲੈ ਕੇ ਜ਼ਿਲੇ ਦੇ ਡਿਪਟੀ ਕਮਿਸ਼ਨਰ ਕੁਮਾਰ ਸੌਰਭ ਰਾਜ ਨੂੰ ਮਿਲੇ ਤੇ ਮੰਗ ਕੀਤੀ ਕਿ ਉਹ ਗਰੀਬ ਪਰਿਵਾਰ ਹੈ ਅਤੇ ਪਹਿਲਾਂ ਹੀ ਕਰਜੇ ਹੇਠ ਦੱਬਿਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਕੈਨੇਡਾ ਤੋਂ ਮ੍ਰਿਤਕ ਦੀ ਲਾਸ਼ ਲਿਆਉਣ ਲਈ 12 ਤੋਂ 15 ਲੱਖ ਰੁਪਏ ਦਾ ਹੋਰ ਖਰਚਾ ਪਰਿਵਾਰ ਨਹੀਂ ਕਰ ਸਕਦਾ, ਇਸ ਲਈ ਮ੍ਰਿਤਕ ਦੀ ਲਾਸ਼ ਪੰਜਾਬ ਸਰਕਾਰ ਆਪਣੇ ਖਰਚੇ 'ਤੇ ਲਿਆਉਣ 'ਚ ਮਦਦ ਕਰੇ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਰੌਕਸੀ ਦੀ ਮੌਤ ਕਿਹੜੇ ਕਾਰਨਾਂ ਕਰਕੇ ਹੋਈ ਇਸ ਬਾਰੇ ਵੀ ਨਿੱਰਪੱਖ ਜਾਂਚ ਕਰਵਾਉਣ ਅਤੇ ਦੋਸ਼ੀਆਂ ਖਿਲਾਫ ਬਣਦੀ ਕਾਰਵਾਈ ਕਰਨ ਲਈ ਵੀ ਸਰਕਾਰ ਰਾਹੀਂ ਕੈਨੇਡਾ ਸਰਕਾਰ ਨਾਲ ਸੰਪਰਕ ਕੀਤਾ ਜਾਵੇ।
ਪਰਿਵਾਰ ਦੀ ਮੰਗ 'ਤੇ ਡਿਪਟੀ ਕਮਿਸ਼ਨਰ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਤਰੁੰਤ ਰਾਜ ਦੇ ਗ੍ਰਹਿ ਵਿਭਾਗ ਨੂੰ ਪੱਤਰ ਲਿਖ ਕੇ ਮੰਗ ਕੀਤੀ ਕਿ ਮ੍ਰਿਤਕ ਦੀ ਲਾਸ਼ ਇਥੇ ਸਰਕਾਰੀ ਖਰਚੇ ਉਪਰ ਲਿਆਉਣ ਤੇ ਮੌਤ ਦੇ ਕਾਰਨਾਂ ਦੀ ਜਾਂਚ ਕਰਨ ਲਈ ਕੈਨੇਡਾ ਸਰਕਾਰ ਨਾਲ ਸੰਪਰਕ ਕੀਤਾ ਜਾਵੇ। ਪਰਿਵਾਰ ਵਾਲਿਆਂ ਨੇ ਇਥੇ ਦੱਸਿਆ ਕਿ ਰੌਕਸੀ ਦੀ ਮੌਤ ਕਈ ਦਿਨ ਪਹਿਲਾਂ ਹੋ ਗਈ ਸੀ ਪਰ ਕੈਨੇਡਾ ਸਰਕਾਰ ਨੇ ਉਨ੍ਹਾਂ ਨੂੰ ਹੁਣ ਸੂਚਿਤ ਕੀਤਾ ਹੈ। ਉਨ੍ਹਾਂ ਦੱਸਿਆ ਕਿ ਰੌਕਸੀ ਦੀ ਮੌਤ ਕਿਨ੍ਹਾਂ ਕਾਰਨਾਂ ਅਤੇ ਕਿਸ ਹਾਲਾਤ ਵਿੱਚ ਹੋਈ। ਇਸ ਬਾਰੇ ਉਨ੍ਹਾਂ ਨੂੰ ਫੋਨ ਕਰਨ ਵਾਲੇ ਕਿਸੇ ਵੀ ਕੈਨੇਡੀਅਨ ਅਧਿਕਾਰੀ ਨੇ ਕੁਝ ਨਹੀਂ ਦੱਸਿਆ। ਉਨ੍ਹਾਂ ਡਿਪਟੀ ਕਮਿਸ਼ਨਰ ਨੂੰ ਮਿਲਕੇ ਲਾਸ਼ ਵਾਪਸ ਲਿਆਉਣ ਵਿੱਚ ਆਰਥਿਕ ਮਦਦ ਕਰਨ ਤੇ ਮੌਤ ਦੇ ਕਾਰਨਾਂ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ।
ਹਿੰਦੂ ਦੇਵੀ-ਦੇਵਤਿਆਂ ਖਿਲਾਫ ਵਿਵਾਦਤ ਟਿੱਪਣੀ ਕਰਨ ਵਾਲਾ ਬਸਪਾ ਆਗੂ ਗ੍ਰਿਫਤਾਰ
NEXT STORY